ਮਨਿੰਦਰਜੀਤ ਸਿੱਧੂ
- ਵਿਧਾਇਕ ਐਸ.ਡੀ.ਐਮ. ਦੇ ਉਲਟ ਤੇ ਜਿਲ੍ਹਾ ਪ੍ਰਧਾਨ ਹੱਕ ‘ਚ ਡਟੇ
ਜੈਤੋ, 9 ਮਈ 2020 - ਸਬ-ਡਿਵੀਜ਼ਨ ਜੈਤੋ ਦੇ ਐਸ.ਡੀ.ਐਮ. ਡਾ. ਮਨਦੀਪ ਕੌਰ ਦੇ ਮਸਲੇ ਤੇ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਦੋਫਾੜ ਨਜ਼ਰ ਆ ਰਹੀ ਹੈ। ਬੀਤੇ ਦਿਨੀਂ ਆਪ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਮੁੱਖ ਮੰਤਰੀ, ਵਿਧਾਨ ਸਭਾ ਸਪੀਕਰ ਤੇ ਮੁੱਖ ਸਕੱਤਰ ਨੂੰ ਚਿੱਠੀ ਲਿਖ ਕੇ ਐਸ.ਡੀ.ਐਮ. ਦੇ ਰਵੱਈਏ ਉੱਪਰ ਸਖਤ ਇਤਰਾਜ ਜਤਾਇਆ ਸੀ। ਜਦਕਿ ਅਕਾਲੀ ਦਲ ਤੇ ਸੱਤਾਧਾਰੀ ਧਿਰ ਕਾਂਗਰਸ ਪਾਰਟੀ ਦੇ ਆਗੂਆਂ ਨੇ ਐਸ.ਡੀ.ਐਮ. ਦਾ ਪੱਖ ਪੂਰਿਆ ਸੀ।
ਇਸ ਪੂਰੇ ਘਟਨਾਕ੍ਰਮ ਦਾ ਦਿਲਚਸਪ ਪਹਿਲੂ ਉਸ ਸਮੇਂ ਉੱਭਰ ਕੇ ਸਾਹਮਣੇ ਆਇਆ ਜਦ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਧਰਮਜੀਤ ਸਿੰਘ ਰਾਮੇਆਣਾ ਅਤੇ ਹਲਕਾ ਜੈਤੋ ਦੇ ਇੰਚਾਰਜ ਅਮੋਲਕ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਸਥਾਨਕ ਉਪ-ਮੰਡਲ ਦਫ਼ਤਰ ਪਹੁੰਚ ਕੇ ਕਰਫ਼ਿਊ ਦੌਰਾਨ ਲੋਕਾਂ ਦੀ ਸੇਵਾ ਕਰਨ ਵਾਲੀਆਂ ਸਮਾਜ ਸੇਵੀ ਸੰਸਥਾਵਾਂ ਦੇ ਸਨਮਾਨ ਕਰਨ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਐਸ.ਡੀ.ਐਮ. ਡਾ. ਮਨਦੀਪ ਕੌਰ ਦੀਆਂ ਤਾਰੀਫਾਂ ਦੇ ਪੁਲ ਬੰਨਣੇ ਸ਼ੁਰੂ ਕਰ ਦਿੱਤੇ। ਜਦ ਪੱਤਰਕਾਰਾਂ ਨੇ ਜਿਲ੍ਹਾ ਪ੍ਰਧਾਨ ਦਾ ਧਿਆਨ ਵਿਧਾਇਕ ਦੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਵੱਲ ਦਿਵਾਇਆ ਤਾਂ ਉਹਨਾਂ ਕਿਹਾ ਕਿ ਐਸ.ਡੀ.ਐਮ. ਮੈਡਮ ਮਨਦੀਪ ਕੌਰ ਸਾਡੇ ਨਾਲ ਤਾਂ ਬਹੁਤ ਵਧੀਆ ਢੰਗ ਨਾਲ ਪੇਸ਼ ਆਉਂਦੇ ਹਨ ਤੇ ਸਾਡੇ ਫੋਨ ਵੀ ਸੁਣਦੇ ਹਨ ਤੇ ਜੇਕਰ ਅਸੀਂ ਕਿਸੇ ਵਰਕਰ ਨੂੰ ਮੈਡਮ ਨਾਲ ਸਿੱਧਾ ਰਾਬਤਾ ਕਾਇਮ ਕਰਨ ਲਈ ਆਖਦੇ ਹਾਂ ਤਾਂ ਮੈਡਮ ਆਮ ਬੰਦੇ ਦੀ ਵੀ ਗੱਲ ਬਹੁਤ ਹੀ ਚੰਗੇ ਤਰੀਕੇ ਨਾਲ ਸੁਣਦੇ ਹਨ।
ਉਹਨਾਂ ਕਿਹਾ ਕਿ ਹਲਕਾ ਵਿਧਾਇਕ ਮਾਸਟਰ ਬਲਦੇਵ ਸਿੰਘ ਦੇ ਆਪਣੇ ਨਿੱਜੀ ਵਿਚਾਰ ਹੋ ਸਕਦੇ ਹਨ ਪਰ ਉਹਨਾਂ ਨੇ ਸਾਡੇ ਨਾਲ ਐਸ.ਡੀ.ਐਮ. ਦੇ ਦੁਰਵਿਹਾਰ ਕਰਨ ਦੀ ਗੱਲ ਕਦੇ ਸਾਂਝੀ ਨਹੀਂ ਕੀਤੀ। ਇਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਜਿਲ੍ਹਾ ਪ੍ਰਧਾਨ ਦੇ ਇੱਕ ਦੂਜੇ ਦੇ ਵਿਰੋਧੀ ਬਿਆਨ ਆਮ ਆਦਮੀ ਪਾਰਟੀ ਅੰਦਰ ਸਭ ਕੁਛ ਅੱਛਾ ਨਹੀਂ ਹੈ ਹੋਣ ਦੇ ਸੰਕੇਤ ਦਿੰਦੇ ਹਨ। ਆਮ ਲੋਕਾਂ ਵਿੱਚ ਇਸ ਗੱਲ ਦੀ ਖੂਬ ਚਰਚਾ ਹੈ ਕਿ ਜੋ ਕਮੀਆਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਐਸ.ਡੀ.ਐਮ. ਡਾ. ਮਨਦੀਪ ਕੌਰ ਦੀਆਂ ਗਿਣਾਈਆਂ ਹਨ, ਉਹ ਕਮੀਆਂ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਧਰਮਜੀਤ ਸਿੰਘ ਰਾਮੇਆਣਾ ਨੂੰ ਕਿਉਂ ਨਹੀਂ ਨਜ਼ਰ ਆ ਰਹੀਆਂ। ਇਸ ਤਰ੍ਹਾਂ ਵਿਧਾਇਕ ਦਾ ਐਸ.ਡੀ.ਐਮ. ਦੇ ਉਲਟ ਤੇ ਜਿਲ੍ਹਾ ਪ੍ਰਧਾਨ ਦਾ ਐਸ.ਡੀ.ਐਮ. ਦੇ ਹੱਕ ਵਿੱਚ ਖੜਨਾਂ ਆਉਣ ਵਾਲੇ ਦਿਨਾਂ ਵਿੱਚ ਆਮ ਆਦਮੀ ਪਾਰਟੀ ਅੰਦਰ ਤੂਫਾਨ ਲਿਆ ਸਕਦਾ ਹੈ।