ਅਚਨਚੇਤ ਚੈਕਿੰਗ ਜਾਰੀ ਰਹੇਗੀ
ਐਸ.ਏ.ਐੱਸ. ਨਗਰ, 9 ਮਈ 2020: “ ਹਾਲਾਂਕਿ ਟ੍ਰਾਈਸਿਟੀ ਦੇ ਵਸਨੀਕ ਆਪਣੇ ਅਧਿਕਾਰਿਤ ਪਛਾਣ ਪੱਤਰ ਦਿਖਾ ਕੇ ਮੋਹਾਲੀ ਤੋਂ ਆ ਤੇ ਜਾ ਸਕਦੇ ਹਨ ਪਰ ਇਹ ਯਕੀਨੀ ਬਣਾਉਣ ਲਈ ਕਿ ਗੁਆਂਢੀ ਸੂਬਿਆਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਤੋਂ ਕੋਈ ਵੀ ਅਣਅਧਿਕਾਰਤ ਤੌਰ 'ਤੇ ਜਿਲੇ ਵਿੱਚ ਦਾਖਲ ਨਾ ਹੋ ਸਕੇ, ਜ਼ਿਲ੍ਹਾ ਮੈਜਿਸਟਰੇਟ ਸ੍ਰੀ ਗਿਰੀਸ਼ ਦਿਆਲਾਨ ਦੇ ਹੁਕਮਾਂ ਅਨੁਸਾਰ ਸਾਰੇ ਰਾਜ ਮਾਰਗਾਂ ਤੋਂ ਇਲਾਵਾ ਜ਼ਿਲ੍ਹਾ ਅਤੇ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੀਆਂ ਸਰਹੱਦਾਂ ਨਾਲ ਜੁੜੀਆਂ ਸੜਕਾਂ ਸਮੇਤ ਸਾਰੇ ਪ੍ਰਵੇਸ਼ ਸਥਾਨਾਂ ‘ਤੇ ਅਚਨਚੇਤ ਜਾਂਚ ਕੀਤੀ ਗਈ।
ਇਹ ਪ੍ਰਗਟਾਵਾ ਅੱਜ ਇਥੇ ਕਮਿਸ਼ਨਰ, ਨਗਰ ਨਿਗਮ, ਐਸ.ਏ.ਐੱਸ. ਨਗਰ, ਸ੍ਰੀ ਕਮਲ ਗਰਗ ਨੇ ਸਾਰੇ ਐਂਟਰੀ ਪੁਆਇੰਟਾਂ 'ਤੇ ਪੁਲਿਸ ਕਰਮਚਾਰੀਆਂ ਦੀ ਸਹਾਇਤਾ ਨਾਲ ਅਚਨਚੇਤ ਚੈਕਿੰਗ ਕਰਨ ਦੇ ਮੌਕੇ ਕੀਤਾ। ਉਹਨਾਂ ਇਹ ਵੀ ਕਿਹਾ ਕਿ ਅਜਿਹੀਆਂ ਅਚਨਚੇਤ ਚੈਕਿੰਗਾਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ।
ਇਥੇ ਇਹ ਦੱਸਣਾ ਮਹੱਤਵਪੂਰਨ ਹੈ ਕਿ ਹਿਮਾਚਲ ਪ੍ਰਦੇਸ਼ ਤੋਂ ਜ਼ਿਲੇ ਵਿਚ ਦਾਖਲ ਹੋਣ ਵਾਲੇ ਲੋਕਾਂ ਲਈ, ਪਿੰਡ ਸਿਸਵਾਂ ਵਿਚ ਸਿਸਵਾਂ ਬੱਦੀ ਰੋਡ ਵਿਖੇ ਅੰਤਰ ਰਾਜ ਮਾਰਗ ਚੈੱਕ ਪੁਆਇੰਟ ਸਥਾਪਤ ਕੀਤਾ ਗਿਆ ਹੈ। ਹਰਿਆਣਾ ਤੋਂ ਜ਼ਿਲੇ ਵਿਚ ਦਾਖਲ ਹੋਣ ਵਾਲਿਆਂ ਲਈ, ਸੇਖੋਂ ਬੈਂਕਟ ਹਾਲ, ਜ਼ੀਰਕਪੁਰ, ਪੰਚਕੁਲਾ ਹਾਈਵੇ ਦੇ ਨਜਦੀਕ ਹਾਈਵੇਅ 'ਤੇ ਅੰਤਰਰਾਜੀ ਸਰਹੱਦੀ ਚੈਕ ਪੁਆਇੰਟ ਸਥਾਪਤ ਕੀਤੇ ਗਏ ਹਨ।
ਹਰਿਆਣਾ ਤੋਂ ਜ਼ਿਲ੍ਹੇ ਵਿੱਚ ਦਾਖਲ ਹੋਣ ਵਾਲਿਆਂ ਲਈ ਹੋਰ ਅੰਤਰ-ਰਾਜੀ ਚੈਕ ਪੁਆਇੰਟ ਅੰਬਾਲਾ ਤੋਂ ਨਾਰਾਇਣਗੜ੍ਹ ਹਾਈਵੇਅ ਤੇ ਅੰਬਾਲਾ ਤੋਂ ਚੰਡੀਗੜ੍ਹ ਹਾਈਵੇ ਝਰਮਾਰੀ, ਲਾਲੜੂ ਵਿਖੇ ਸਥਾਪਤ ਕੀਤੇ ਗਏ ਹਨ। ਇਸੇ ਤਰ੍ਹਾਂ ਪੀਰ ਮੁਛੱਲਾ, ਟੀ-ਪੁਆਇੰਟ ਅੰਟਾਲਾ, ਬਰਵਾਲਾ ਰੋਡ ਬਹਿਰਾ ਮੋਰ, ਰਾਮਗੜ ਮੁਬਾਰਕਪੁਰ ਰੋਡ, ਡੱਫਰਪੁਰ ਅਤੇ ਹਰਮਿਲਾਪ ਨਗਰ, ਬਾਲਟਾਣਾ ਵਿਖੇ ਵੱਖ-ਵੱਖ ਲਿੰਕ ਸੜਕਾਂ 'ਤੇ ਅੰਤਰਰਾਜੀ ਸਰਹੱਦ ਚੈੱਕ ਪੁਆਇੰਟ ਸਥਾਪਤ ਕੀਤੇ ਗਏ ਹਨ।