ਰਣਜੀਤ ਅਤੇ ਉਸ ਦੇ ਭਰਾ ਨੂੰ ਸਿਰਸਾ ਤੋਂ ਹਰਿਆਣਾ ਪੁਲਿਸ ਨਾਲ ਸਾਂਝੇ ਓਪਰੇਸ਼ਨ ਤਹਿਤ ਕੀਤਾ ਗ੍ਰਿਫ਼ਤਾਰ-ਡੀਜੀਪੀ ਦਿਨਕਰ ਗੁਪਤਾ
ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਮਹਾਮਾਰੀ ਦੌਰਾਨ ਅੱਤਵਾਦੀ ਗਤੀਵਿਧੀਆਂ ਵਿਰੁੱਧ ਪੁਲਿਸ ਫੋਰਸ ਦੀਆਂ ਸਰਗਰਮ ਕਾਰਵਾਈਆਂ ਲਈ ਕੀਤੀ ਸ਼ਲਾਘਾ
ਚੰਡੀਗੜ੍ਹ, 09 ਮਈ 2020: ਦੇਸ਼ ਵਿੱਚ ਪਾਕਿਸਤਾਨ-ਸਪਾਂਸਰਡ ਨਾਰਕੋ ਅੱਤਵਾਦ ਨੈਟਵਰਕ ਖਿਲਾਫ਼ ਇੱਕ ਹੋਰ ਵੱਡੀ ਸਫ਼ਲਤਾ ਹਾਸਲ ਕਰਦਿਆਂ, ਪੰਜਾਬ ਪੁਲਿਸ ਨੇ ਸ਼ਨੀਵਾਰ ਸਵੇਰੇ ਆਈਐਸਆਈ-ਕੰਟਰੋਲਡ ਨੈਟਵਰਕ ਦੀ ਇੱਕ ਵੱਡੀ ਮੱਛੀ ਰਣਜੀਤ ਸਿੰਘ ਉਰਫ਼ ਰਾਣਾ ਉਰਫ਼ ਚੀਤਾ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਦੇ ਹਾਲ ਹੀ ਵਿਚ ਕਸ਼ਮੀਰ ਵਿਚ ਸੁਰੱਖਿਆ ਬਲਾਂ ਦੁਆਰਾ ਮਾਰੇ ਗਏ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਨਾਇਕੂ ਨਾਲ ਸੰਬੰਧ ਸੀ।
ਰਣਜੀਤ ਖ਼ਿਲਾਫ਼ 10 ਤੋਂ ਵੱਧ ਅਪਰਾਧਿਕ ਮਾਮਲੇ ਦਰਜ਼ ਹੋਣ ਦੇ ਨਾਲ-ਨਾਲ ਉਹ ਪੰਜਾਬ ਤੇ ਜੰਮੂ-ਕਸ਼ਮੀਰ ਵਿਚ ਭਾਰਤ-ਪਾਕਿ ਸਰਹੱਦ 'ਤੇ ਆਈ.ਸੀ.ਪੀ. ਅਟਾਰੀ ਦੇ ਕਾਨੂੰਨੀ ਜ਼ਮੀਨੀ ਰਸਤੇ ਰਾਹੀਂ ਵੱਡੀ ਗਿਣਤੀ ਵਿੱਚ ਨਸ਼ਿਆਂ ਅਤੇ ਗੈਰ ਕਾਨੂੰਨੀ ਹਥਿਆਰਾਂ ਦੀ ਸਮਗਲਿੰਗ ਵਿੱਚ ਜੁੜੇ ਨੈੱਟਵਰਕ ਨਾਲ ਸਬੰਧਤ ਸੀ। ਉਹ 29 ਜੂਨ, 2019 ਨੂੰ ਇੰਟੈਗਰੇਟਿਡ ਚੈੱਕ ਪੋਸਟ, ਅਟਾਰੀ (ਅੰਮ੍ਰਿਤਸਰ) ਰਾਹੀਂ 600 ਬੈਗ ਸੇਂਧਾ ਨਮਕ ਦੀ ਖੇਪ ਵਿੱਚ ਪਾਕਿਸਤਾਨ ਤੋਂ 2700 ਕਰੋੜ ਰੁਪਏ ਦੀ ਕੀਮਤ ਵਾਲੀ 532 ਕਿਲੋਗ੍ਰਾਮ ਹੈਰੋਇਨ ਅਤੇ 52 ਕਿਲੋ ਮਿਕਸਡ ਨਸ਼ੀਲੇ ਪਦਾਰਥ ਲਿਆਉਣ ਲਈ ਵੀ ਮੰਨ ਗਿਆ ਸੀ।
ਜੂਨ 2019 ਦੀ ਕਾਰਵਾਈ ਵਿਚ, ਕਸਟਮ ਵਿਭਾਗ, ਅੰਮ੍ਰਿਤਸਰ ਨੇ ਆਈਸੀਪੀ, ਅੰਮ੍ਰਿਤਸਰ ਵਿਖੇ 532 ਕਿਲੋਗ੍ਰਾਮ ਸ਼ੱਕੀ ਹੈਰੋਇਨ ਅਤੇ 52 ਕਿੱਲੋ ਸ਼ੱਕੀ ਮਿਕਸਡ ਨਸ਼ੀਲੇ ਪਦਾਰਥਾਂ ਨਾਲ 2 ਵਿਅਕਤੀਆਂ, ਤਾਰਿਕ ਅਹਿਮਦ ਲੋਨ ਨਿਵਾਸੀ ਹੰਦਵਾੜਾ, ਜੰਮੂ-ਕਸ਼ਮੀਰ ਅਤੇ ਗੁਰਪਿੰਦਰ ਸਿੰਘ ਨਿਵਾਸੀ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਖੇਪ ਪਾਕਿਸਤਾਨ ਤੋਂ ਆਏ ਟਰੱਕ ਵਿਚ ਲੂਣ ਦੀਆਂ ਬੋਰੀਆਂ ਥੱਲੇ ਲੁਕਾਈ ਹੋਈ ਸੀ।
ਹਰਿਆਣਾ ਦੇ ਸਿਰਸਾ ਦੇ ਬੇਗੂ ਪਿੰਡ ਤੋਂ ਰਣਜੀਤ ਅਤੇ ਉਸਦੇ ਭਰਾ ਗਗਨਦੀਪ ਉਰਫ਼ ਭੋਲਾ ਦੀ ਗ੍ਰਿਫ਼ਤਾਰੀ ਬਾਰੇ ਘੋਸ਼ਣਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਦੇ ਫੈਲਣ ਨੂੰ ਰੋਕਣ ਲਈ ਹੋਰ ਉਪਾਵਾਂ ਅਤੇ ਕਰਫਿਊ ਲਾਗੂ ਹੋਣ ਦੇ ਬਾਵਜੂਦ ਅੱਤਵਾਦੀਆਂ ਅਤੇ ਨਸ਼ਿਆਂ ਦੇ ਤਸਕਰਾਂ ਖਿਲਾਫ਼ ਸਰਗਰਮ ਕਾਰਵਾਈਆਂ ਲਈ ਪੰਜਾਬ ਪੁਲਿਸ ਦੀ ਸ਼ਲਾਘਾ ਕੀਤੀ।
ਕੈਪਟਨ ਅਮਰਿੰਦਰ ਨੇ ਡੀਜੀਪੀ ਦਿਨਕਰ ਗੁਪਤਾ ਦੀ ਅਗਵਾਈ ਵਿੱਚ ਪੁਲਿਸ ਫੋਰਸ ਨੂੰ ਪਾਬੰਦੀਸ਼ੁਦਾ ਹਿਜ਼ਬੁਲ ਮੁਜਾਹਿਦੀਨ ਦੇ ਇੱਕ ਓਵਰਗਰਾਉਂਡ ਵਰਕਰ ਹਿਲਾਲ ਅਹਿਮਦ ਵਾਗੇ ਦੀ ਗ੍ਰਿਫ਼ਤਾਰੀ ਲਈ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਦੁਆਰਾ ਸਾਂਝੇ ਕੀਤੇ ਗਏ ਇਨਪੁਟਸ ਨੇ ਜੰਮੂ-ਕਸ਼ਮੀਰ ਪੁਲਿਸ ਦੁਆਰਾ ਵਾਦੀ ਵਿਚ ਹਿਜ਼ਬੁਲ ਮੁਹਾਜਾਦੀਨ ਕਮਾਂਡਰ, ਰਿਆਜ਼ ਅਹਿਮਦ ਨਾਇਕੂ ਖਿਲਾਫ਼ ਜੰਮੂ-ਕਸ਼ਮੀਰ ਦੀ ਕਾਰਵਾਈ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਬਾਅਦ ਵਿੱਚ 5 ਮਈ ਨੂੰ ਹਿਜ਼ਬੁਲ ਦੇ ਦੋ ਹੋਰ ਕਾਰਕੁਨਾਂ ਨੂੰ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਸੀ।
ਹਿਲਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਹਿਲਾਲ ਦੇ ਖੁਲਾਸੇ ਕੇਂਦਰ ਸਰਕਾਰ ਅਤੇ ਇਸ ਦੀਆਂ ਏਜੰਸੀਆਂ ਨਾਲ ਸਾਂਝੇ ਕੀਤੇ ਹਨ। ਤਫ਼ਤੀਸ਼ ਦੌਰਾਨ, ਸੰਭਾਵਤ ਰਸਤਿਆਂ ਤੋਂ ਵੱਡੀ ਗਿਣਤੀ ਵਿੱਚ ਸੀਸੀਟੀਵੀ ਕੈਮਰਾ ਪੁਆਇੰਟਾਂ ਤੋਂ ਸੀਸੀਟੀਵੀ ਫੁਟੇਜ ਇਕੱਠੇ ਕੀਤੇ ਗਏ ਅਤੇ ਤਕਨੀਕੀ ਵਿਸ਼ਲੇਸ਼ਣ ਤੋਂ ਬਾਅਦ ਜਾਂਚ ਕੀਤੀ ਗਈ, ਜਿਸ ਨਾਲ 5 ਮਈ, 2020 ਨੂੰ ਇਕ ਕਿਲੋ ਹੈਰੋਇਨ ਅਤੇ 32.25 ਲੱਖ ਰੁਪਏ ਦੀ ਮੁਦਰਾ ਸਮੇਤ ਬਿਕਰਮ ਸਿੰਘ ਉਰਫ਼ ਵਿੱਕੀ ਅਤੇ ਉਸਦੇ ਭਰਾ ਮਨਿੰਦਰ ਸਿੰਘ ਉਰਫ਼ ਮਨੀ ਨੂੰ ਵੀ ਫੜ ਲਿਆ ਗਿਆ।
ਉਨ੍ਹਾਂ ਦੀ ਪੁੱਛਗਿੱਛ ਤੋਂ ਪਤਾ ਚੱਲਿਆ ਕਿ ਬਿਕਰਮ ਅਤੇ ਮਨਿੰਦਰ ਦੋਵੇਂ ਆਪਣੇ ਚਚੇਰੇ ਭਰਾ ਰਣਜੀਤ ਸਿੰਘ ਉਰਫ਼ ਚੀਤਾ, ਇਕਬਾਲ ਸਿੰਘ ਉਰਫ਼ ਸ਼ੇਰਾ ਅਤੇ ਸਰਵਣ ਸਿੰਘ ਨਾਲ ਬਾਰਡਰ ਪਾਰੋਂ ਨਸ਼ਾ ਤਸਕਰੀ ਕਰਦੇ ਸਨ ਅਤੇ ਇਹ ਬਿਕਰਮ ਹਿਲਾਲ ਅਹਿਮਦ ਨੂੰ ਰਣਜੀਤ ਸਿੰਘ ਉਰਫ਼ ਚੀਤਾ, ਇਕਬਾਲ ਸਿੰਘ ਉਰਫ਼ ਸ਼ੇਰਾ ਅਤੇ ਸਰਵਣ ਸਿੰਘ ਦੇ ਨਿਰਦੇਸ਼ਾਂ 'ਤੇ 29 ਲੱਖ ਰੁਪਏ ਦੀ ਡਰੱਗ ਮਨੀ ਪਹੁੰਚਾਉਣ ਆਇਆ ਸੀ।
ਬਿਕਰਮ ਉਰਫ਼ ਵਿੱਕੀ ਅਤੇ ਉਸ ਦੇ ਭਰਾ ਮਨਿੰਦਰ ਸਿੰਘ ਉਰਫ਼ ਮਨੀ ਜਿਨ੍ਹਾਂ ਨੂੰ 5 ਮਈ 2020 ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਨੇ ਰਣਜੀਤ ਉਰਫ਼ ਚੀਤਾ ਅਤੇ ਉਸਦੇ ਭਰਾ ਸਰਵਣ ਉਰਫ਼ ਪੋਲੂ ਦੀਆਂ ਗਤੀਵਿਧੀਆਂ ਬਾਰੇ ਕਈ ਖੁਲਾਸੇ ਕੀਤੇ। ਮੁੱਖ ਮੰਤਰੀ ਨੇ ਕਿਹਾ ਕਿ ਐਨ.ਆਈ.ਏ. ਨਾਲ ਅੰਕੜਿਆਂ ਦੇ ਹੋਰ ਵਿਸ਼ਲੇਸ਼ਣ ਨਾਲ ਰਣਜੀਤ ਦੇ ਸਿਰਸਾ ਲੋਕੇਸ਼ਨ ਬਾਰੇ ਪਤਾ ਲਗਾਇਆ ਗਿਆ। ਇਸ ਤੋਂ ਬਾਅਦ, ਹਰਿਆਣਾ ਪੁਲਿਸ ਨਾਲ ਤਾਲਮੇਲ ਕਰਕੇ ਇਸ ਦਾ ਪਰਦਾਫਾਸ਼ ਹੋ ਗਿਆ ਅਤੇ ਅੱਜ ਦੇਰ ਸ਼ਾਮ ਉਸ ਨੂੰ ਆਪਣੇ ਭਰਾ ਨਾਲ ਫੜ ਲਿਆ ਗਿਆ।
ਮੁੱਖ ਮੰਤਰੀ ਅਨੁਸਾਰ, ਰਣਜੀਤ ਚੀਤਾ ਡਰੋਨ ਸਮੇਤ ਨਸ਼ਿਆਂ, ਹਥਿਆਰਾਂ, ਐਫਆਈਸੀਐਨ ਨੂੰ ਵੱਖ ਵੱਖ ਢੰਗਾਂ ਰਾਹੀਂ ਪਾਕਿ ਆਈਐਸਆਈ ਦੁਆਰਾ ਪੰਜਾਬ ਵਿੱਚ ਭੇਜਣ ਅਤੇ ਨਸ਼ਾ ਤਸਕਰਾਂ/ਕੋਰੀਅਰਾਂ ਸਥਾਪਤ ਕਰਨ ਲਈ ਵਿਸ਼ਾਲ ਤੇ ਸਾਂਝੇ ਨੈਟਵਰਕ ਵਿਚੋਂ ਇੱਕ ਸਰਗਰਮ ਕੜੀ ਸੀ। ਉਸ ਨੂੰ ਹੈਰੋਇਨ ਤਸਕਰੀ ਲਈ 2008, 2009, 2011 ਆਦਿ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਉਸ ਨੂੰ 5 ਕਿਲੋ ਹੈਰੋਇਨ ਦੀ ਤਸਕਰੀ ਲਈ 12 ਸਾਲ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ ਸੀ, ਪਰ ਸੁਪਰੀਮ ਕੋਰਟ ਨੇ ਮਾਰਚ 2018 ਵਿੱਚ ਉਸਨੂੰ ਸ਼ੱਕ ਦੇ ਆਧਾਰ ’ਤੇ ਬਰੀ ਕਰ ਦਿੱਤਾ ਸੀ।
ਮਾਰਚ, 2017 ਵਿੱਚ ਸਰਕਾਰ ਦੇ ਵਾਗਡੋਰ ਸੰਭਾਲਣ ਤੋਂ ਬਾਅਦ ਪੰਜਾਬ ਦੇ ਲੋਕਾਂ ਨਾਲ ਕੀਤੇ ਆਪਣੇ ਵਾਅਦੇ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੇ ਸਭ ਤੋਂ ਸਰਗਰਮ ਨਸ਼ਾ ਤਸਕਰਾਂ ਵਿਚੋਂ ਰਣਜੀਤ ਅਤੇ ਉਸ ਦੇ ਭਰਾ ਦੀ ਅੱਜ ਸਵੇਰੇ ਹੋਈ ਗ੍ਰਿਫ਼ਤਾਰੀ ਨਾਲ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਪੁਲਿਸ ਜੰਮੂ ਕਸ਼ਮੀਰ ਘਾਟੀ, ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਚੱਲ ਰਹੇ ਅੱਤਵਾਦੀ ਸੰਗਠਨਾਂ ਵੱਲ ਵਧ ਰਹੀ ਆਮਦ ਵਿੱਚ ਅੰਤਰਰਾਸ਼ਟਰੀ ਡਰੱਗ ਨੈਟਵਰਕ ਨੂੰ ਵੱਡੇ ਪੱਧਰ 'ਤੇ ਨਸ਼ਿਆਂ ਦੇ ਵੱਡੇ ਰੈਕੇਟ ਦਾ ਪਰਦਾਫਾਸ਼ ਕਰਨ ਵਿਚ ਕਾਮਯਾਬ ਹੋਈ ਹੈ। ਹੁਣ ਉਹ ਇਸ ਕਾਰੋਬਾਰ ਵਿੱਚ ਸ਼ਾਮਲ ਵੱਡੀ ਨੂੰ ਕਾਬੂ ਕਰਨਗੇ ਅਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਜਾਲ ਤੋਂ ਬਚਾਉਗੇ।
ਸਾਲ 2019 ਵਿਚ ਰਿਕਾਰਡ 464 ਕਿੱਲੋ ਹੈਰੋਇਨ ਜ਼ਬਤ ਕੀਤੀ ਗਈ, ਜੋ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਸਫ਼ਲਤਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਸ ਦੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਹੀ ਹੈਰੋਇਨ ਜ਼ਬਤ ਕਰਨ ਵਿਚ ਨਿਰੰਤਰ ਵਾਧਾ ਹੋਇਆ ਹੈ ਅਤੇ ਸਾਲ 2016 (91 ਕਿਲੋਗ੍ਰਾਮ) ਅਤੇ 2019 (464 ਕਿਲੋਗ੍ਰਾਮ) ਦਰਮਿਆਨ ਹੈਰੋਇਨ ਜ਼ਬਤ ਕਰਨ ਵਿੱਚ 5 ਗੁਣਾ ਵਾਧਾ ਹੋਇਆ।
ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਇਸ ਤੋਂ ਪਹਿਲਾਂ 30 ਜਨਵਰੀ 2020 ਨੂੰ 188 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਦੀ ਵੱਡੀ ਬਰਾਮਦਗੀ ਕੀਤੀ ਸੀ, ਜਿਸ ਵਿੱਚ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਵਿੱਚ ਇੱਕ ਅਫ਼ਗਾਨ ਨਾਗਰਿਕ ਅਬਦੁੱਲ ਬਸਾਰ ਵੀ ਸ਼ਾਮਲ ਸੀ। ਇਸ ਆਪ੍ਰੇਸ਼ਨ ਦੌਰਾਨ ਨਸ਼ਿਆਂ ਦੀ ਤਿਆਰੀ/ਮਿਸ਼ਰਣ/ਕੱਟਣ ਲਈ ਅੰਮ੍ਰਿਤਸਰ ਦੇ ਸੁਲਤਾਨਵਿੰਡ ਖੇਤਰ ਵਿਚ ਇਕ ਇਕਾਂਤ ਘਰ ਵਿਚ ਸਥਾਪਿਤ ਇਕ ਡਰੱਗ ਫੈਕਟਰੀ ਦਾ ਪਰਦਾਫਾਸ਼ ਕੀਤਾ ਗਿਆ ਸੀ।
ਸਿਰਸਾ ਦੀਆਂ ਕਾਰਵਾਈਆਂ ਬਾਰੇ ਜਾਣਕਾਰੀ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੇ ਸ਼ੁੱਕਰਵਾਰ ਰਾਤ ਕਰੀਬ 9 ਵਜੇ ਹਰਿਆਣਾ ਦੇ ਆਪਣੇ ਹਮਰੁਤਬਾ ਮਨੋਜ ਯਾਦਵ ਨਾਲ ਗੱਲਬਾਤ ਕੀਤੀ ਅਤੇ ਇਸ ਤੋਂ ਬਾਅਦ ਸੀ.ਪੀ. ਅੰਮ੍ਰਿਤਸਰ ਦੁਆਰਾ ਆਈ.ਪੀ.ਐਸ. ਅਰੁਣ ਨਹਿਰਾ, ਐਸ.ਪੀ. ਸਿਰਸਾ ਨਾਲ ਤਾਲਮੇਲ ਬਣਾਇਆ ਗਿਆ। ਏਐਸਪੀ ਅਭਿਮਨਿਊ ਰਾਣਾ, ਆਈਪੀਐਸ, ਜੋ ਇਸ ਸਮੇਂ ਐਸਐਚਓ ਸਦਰ ਵਜੋਂ ਸੇਵਾ ਨਿਭਾ ਰਹੇ ਹਨ, ਡੀਸੀਪੀ ਅੰਮ੍ਰਿਤਸਰ ਮੁਖਵਿੰਦਰ ਸਿੰਘ ਭੁੱਲਰ ਅਤੇ ਏਡੀਸੀਪੀ ਜੁਗਰਾਜ ਸਿੰਘ ਦੀ ਸ਼ਮੂਲੀਅਤ ਵਾਲੀ ਅੰਮ੍ਰਿਤਸਰ ਪੁਲਿਸ ਦੀ ਟੀਮ 8 ਮਈ ਨੂੰ ਰਾਤ 11 ਵਜੇ ਸਿਰਸਾ ਲਈ ਰਵਾਨਾ ਹੋਈ ਅਤੇ ਤਕਰੀਬਨ ਸਵੇਰੇ ਸਾਢੇ ਤਿੰਨ ਵਜੇ ਪਹੁੰਚੀ ਅਤੇ ਸਵੇਰੇ 4:30 ਵਜੇ ਤੱਕ ਖੇਤਰ ਦੀ ਨਾਕਾਬੰਦੀ ਕੀਤੀ ਗਈ।
ਖੇਤਰ ਦੀ ਬਾਹਰੀ ਨਾਕਾਬੰਦੀ ਹਰਿਆਣਾ ਪੁਲਿਸ ਅਤੇ ਪੰਜਾਬ ਪੁਲਿਸ (ਨਾਕਾਬੰਦੀ ਕਰਨ ਵਾਲੀ ਟੀਮ ਦੀ ਅਗਵਾਈ ਐਸ.ਐਚ.ਓ. ਥਾਣਾ ਬੀ / ਡਿਵੀਜ਼ਨ ਅਤੇ ਐਸ.ਐਚ.ਓ. ਥਾਣਾ ਗੇਟ ਹਕੀਮਾਂ, ਕਮਿਸ਼ਨਰਰੇਟ ਅੰਮ੍ਰਿਤਸਰ ਨੇ ਕੀਤੀ) ਵੱਲੋਂ ਸਾਂਝੇ ਤੌਰ `ਤੇ ਕੀਤੀ ਗਈ। ਡੀਸੀਪੀ ਅੰਮ੍ਰਿਤਸਰ ਮੁਖਵਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਥਾਣਾ ਸਦਰ ਦੇ ਪੁਲੀਸ ਕਰਮੀਆਂ ਅਤੇ ਸੀ.ਆਈ.ਏ ਸਟਾਫ ਦੀ ਸ਼ਮੂਲੀਅਤ ਵਾਲੀ ਟੀਮ ਵੱਲੋਂ ਦੋ ਥਾਵਾਂ ’ਤੇ ਛਾਪੇ ਮਾਰੇ ਗਏ।
ਛਾਪੇ ਵਾਲੀ ਪਹਿਲੀ ਥਾਂ `ਤੇ ਰੇਡ ਕਰਨ ਵਾਲੀ ਟੀਮ ਦੇ ਅਧਿਕਾਰੀ ਉਕਤ ਥਾਂ ਵਿੱਚ ਦਾਖਲ ਹੋਏ ਪਰ ਸ਼ੱਕੀ ਵਿਅਕਤੀ ਉਸ ਜਗ੍ਹਾ ਨਹੀਂ ਮਿਲੇ। ਛਾਪੇ ਵਾਲੀ ਦੂਸਰੀ ਥਾਂ `ਤੇ ਏਡੀਸੀਪੀ ਜੁਗਰਾਜ ਸਿੰਘ ਅਤੇ ਐਸਐਚਓ ਸਦਰ ਏਐਸਪੀ ਅਭਿਮਨਿਊ ਰਾਣਾ ਇਕੱਠੇ ਦਾਖ਼ਲ ਹੋਏ ਅਤੇ ਕਮਰੇ ਵੱਲ ਜਾਣ ਵਾਲੇ ਦਰਵਾਜ਼ੇ ਨੂੰ ਦੋਵਾਂ ਅਧਿਕਾਰੀਆਂ ਨੇ ਕਵਰ ਕਰ ਲਿਆ ਅਤੇ ਦਰਵਾਜ਼ਾ ਖੜਕਾਉਣ ਤੇ ਰਣਜੀਤ ਉਰਫ ਚੀਤਾ ਨੇ ਹੌਲੀ ਜਿਹੇ ਦਰਵਾਜ਼ਾ ਖੋਲ੍ਹਿਆ ਅਤੇ ਜਿਵੇਂ ਹੀ ਉਸਨੇ ਪੁਲਿਸ ਪਾਰਟੀ ਨੂੰ ਵੇਖਿਆ ਉਸਨੇ ਗੇਟ ਬੰਦ ਕਰਕੇ ਆਪਣੇ ਬੈੱਡ ਦੇ ਕੋਲ ਪਈ ਕੁਹਾੜੀ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਕਰਮੀਆਂ ਨੇ ਦਰਵਾਜ਼ੇ ਨੂੰ ਧੱਕਾ ਦੇ ਕੇ ਖੋਲ੍ਹ ਦਿੱਤਾ ਰਣਜੀਤ ਨੂੰ ਦੋਹਾਂ ਅਧਿਕਾਰੀਆਂ ਨੇ ਦਬੋਚ ਲਿਆ। ਉਸ ਦਾ ਭਰਾ ਗਗਨਦੀਪ ਸਿੰਘ ਦੂਜੇ ਕਮਰੇ ਵਿਚ ਸੌ ਰਿਹਾ ਸੀ ਅਤੇ ਉਥੋਂ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ।
ਡੀ.ਜੀ.ਪੀ. ਨੇ ਦੱਸਿਆ ਕਿ ਰਣਜੀਤ ਰਾਣਾ ਦੇ ਪੰਜ ਭਰਾ ਹਨ ਅਤੇ ਉਨ੍ਹਾਂ ਵਿਚੋਂ ਗਗਨਦੀਪ ਸਿੰਘ ਉਰਫ਼ ਭੋਲਾ ਸਮੇਤ 3 ਭਰਾਵਾ ਖਿਲਾਫ਼ ਐਨਡੀਪੀਐਸ, ਨਸ਼ਾ ਤਸਕਰੀ ਦੇ ਕੇਸ ਦਰਜ ਹਨ। ਦੂਸਰੇ ਦੋ ਭਰਾਵਾਂ, ਬਲਵਿੰਦਰ ਸਿੰਘ ਉਰਫ਼ ਬਿੱਲਾ (1994, 2004 ਅਤੇ 2019 ਦੇ 3 ਕੇਸ) ਅਤੇ ਕੁਲਦੀਪ ਸਿੰਘ (ਡੀ.ਆਰ.ਆਈ., 2013, 2014, 2019 ਦੁਆਰਾ 2010 ਦੇ 5 ਕੇਸ) ਉੱਤੇ ਐਨਡੀਪੀਐਸ ਐਕਟ ਤਹਿਤ ਐੱਸ.ਟੀ.ਐੱਫ. ਐਸਐਸਓਸੀ, ਡੀਆਰਆਈ ਅੰਮ੍ਰਿਤਸਰ ਦੁਆਰਾ ਕਈ ਕੇਸ ਦਰਜ ਕੀਤੇ ਗਏ ਹਨ।
ਸ੍ਰੀ ਗੁਪਤਾ ਨੇ ਕਿਹਾ ਕਿ ਰਣਜੀਤ ਸਿੰਘ ਚੀਤਾ ਪਾਕਿ ਅਧਾਰਤ ਆਈ.ਐਸ.ਆਈ ਦੁਆਰਾ ਨਿਯੰਤਰਿਤ ਨਸ਼ਿਆਂ ਅਤੇ ਹਥਿਆਰਾਂ ਦੀ ਸਪਲਾਈ ਦੇ ਵੱਡੇ ਨੈੱਟਵਰਕ ਦੀਆਂ ਵੱਡੀਆਂ ਮੱਛੀਆਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨਸ਼ਾ-ਅੱਤਵਾਦ ਨੂੰ ਉਤਸ਼ਾਹਿਤ ਕਰਦਿਆਂ ਸੂਬੇ ਦੀ ਜਵਾਨੀ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਵਜੋਂ ਪੰਜਾਬ ਵਿਚ ਭਾਰਤ-ਪਾਕਿ ਸਰਹੱਦ ਰਾਹੀਂ ਨਸ਼ਿਆਂ, ਧਮਾਕਾਖੇਜ਼ ਸਮੱਗਰੀ, ਹਥਿਆਰਾਂ, ਹੈਂਡ ਗ੍ਰੇਨੇਡ ਆਦਿ ਭੇਜਣ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ।
ਅੱਜ ਡੀਜੀਪੀ ਗੁਪਤਾ ਨਾਲ ਮੀਟਿੰਗ ਮੌਕੇ ਸੀਪੀ ਅੰਮ੍ਰਿਤਸਰ ਸੁਖਚੈਨ ਸਿੰਘ ਗਿੱਲ, ਐਸਐਸਪੀ ਅੰਮ੍ਰਿਤਸਰ ਦਿਹਾਤੀ ਵਿਕਰਮਜੀਤ ਦੁੱਗਲ, ਐਨਆਈਏ ਦੇ ਡੀਆਈਜੀ ਅਮਰੀਸ਼ ਮਿਸ਼ਰਾ ਤੇ ਐਨਆਈਏ ਦੇ ਐਸ ਪੀ ਤੇਜਿੰਦਰ ਸਿੰਘ, ਅਰੁਣ ਨਹਿਰਾ, ਐਸ.ਪੀ. ਸਿਰਸਾ, ਡੀਸੀਪੀ ਅੰਮ੍ਰਿਤਸਰ ਮੁਖਵਿੰਦਰ ਸਿੰਘ ਭੁੱਲਰ, ਏਡੀਸੀਪੀ ਜੁਗਰਾਜ ਸਿੰਘ ਅਤੇ ਐਸਐਚਓ ਸਦਰ ਏਐਸਪੀ ਅਭਿਮਨਿਊ ਰਾਣਾ ਵੀ ਹਾਜ਼ਰ ਸਨ।