ਦਿਨੇਸ਼
- "ਦੇਵੀ ਦੇ ਦਰਸ਼ਨ ਨਾਲੇ ਵੰਝਾਂ ਦਾ ਵਪਾਰ" ਵਿਦੇਸ਼ੀ ਨੂੰਹ ਪਤੀ ਦੇ ਇਲਾਜ ਦੇ ਨਾਲ ਨਾਲ ਕਰ ਰਹੀ ਲੋੜਵੰਦਾਂ ਦੀ ਸਹਾਇਤਾ
ਗੁਰਦਾਸਪੁਰ, 10 ਮਈ 2020- ਪੰਜਾਬੀ ਭਾਸ਼ਾ ਦੀ ਇੱਕ ਕਹਾਵਤ "ਦੇਵੀ ਦੇ ਦਰਸ਼ਨ ਨਾਲੇ ਵੰਝਾਂ ਦਾ ਵਪਾਰ" ਪੁਰਾਣੇ ਸਮਿਆਂ ਤੋਂ ਚੱਲਦੀ ਆ ਰਹੀ ਹੈ। ਜੋ ਅੱਜ ਕੱਲ੍ਹ ਗੁਰਦਾਸਪੁਰ ਵਿਖੇ ਸਿੱਧ ਹੁੰਦੀ ਵੇਖੀ ਜਾ ਸਕਦੀ ਹੈ। ਕਿਉਂ ਕਿ ਇੱਥੇ ਆਪਣੇ ਦੇਸੀ ਪਤੀ ਦੇ ਇਲਾਜ ਲਈ ਆਈ ਇੱਕ 28 ਸਾਲਾ ਵਿਦੇਸ਼ੀ ਮੁਟਿਆਰ ਇਲਾਜ ਦੇ ਨਾਲ ਨਾਲ ਕੋਰੋਨਾ ਕਾਲ ਦਰਮਿਆਨ ਆਮ ਅਤੇ ਲੋੜਵੰਦ ਲੋਕਾਂ ਦੀ ਸਹਾਇਤਾ ਵੀ ਕਰ ਰਹੀ ਹੈ। ਡੈਨਮਾਰਕ ਤੋਂ ਆਈ ਇਸ ਲੜਕੀ ਦਾ ਮੰਨਣਾ ਹੈ ਕਿ ਜਿਸ ਜਗ੍ਹਾ ਤੇ ਉਸ ਦੇ ਪਤੀ ਨੂੰ ਨਵੀਂ ਜ਼ਿੰਦਗੀ ਮਿਲੀ ਹੈ। ਉਹ ਵੀ ਉਸ ਮਿੱਟੀ ਦੇ ਪ੍ਰਤੀ ਆਪਣਾ ਕੁੱਝ ਨਾ ਕੁੱਝ ਸਹਿਯੋਗ ਜ਼ਰੂਰ ਕਰੇ। ਮੌਜੂਦਾ ਹਾਲਤ ਇਹ ਹਨ ਕਿ ਇਹ ਵਿਦੇਸ਼ੀ ਨੂੰਹ ਸਵੇਰ ਤੋਂ ਹੀ ਮਾਸਕ ਅਤੇ ਸੈਨੇਟਾਈਜ਼ਰ ਆਦੀ ਲੈ ਕੇ ਘਰੋਂ ਨਿਕਲ ਜਾਂਦੀ ਹੈ ਅਤੇ ਰਸਤੇ ਵਿਖੇ ਮਿਲਣ ਵਾਲੇ ਲੋੜ ਵੰਡ ਲੋਕਾਂ ਨੂੰ ਇਹ ਚੀਜ਼ਾਂ ਦੇਣ ਦੇ ਨਾਲ ਨਾਲ ਕੋਰੋਨਾ ਤੋਂ ਬਚਾਅ ਸਬੰਧੀ ਜਾਗਰੂਕ ਵੀ ਕਰਦੀ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਨਤਾਸ਼ਾ ਸੋਮਾਰ ਉਰਫ਼ ਨਤਾਲੀਆ ਨੇ ਦੱਸਿਆ ਕਿ ਉਹ ਮੂਲ ਰੂਪ ਵਿੱਚ ਡੈਨਮਾਰਕ ਦੀ ਰਹਿਣ ਵਾਲੀ ਹੈ ਅਤੇ ਕਰੀਬ ਡੇਢ ਸਾਲ ਪਹਿਲਾਂ ਉਸ ਦਾ ਵਿਆਹ ਜ਼ਿਲ੍ਹਾ ਗੁਰਦਾਸਪੁਰ ਵਿਖੇ ਰਹਿਣ ਵਾਲੇ ਨੌਜਵਾਨ ਨਾਲ ਹੋਇਆ ਸੀ ਜੋ ਨਸ਼ਾ ਕਰਨ ਦਾ ਆਦੀ ਸੀ। ਨਤਾਸ਼ਾ ਨੇ ਦੱਸਿਆ ਕਿ ਉਸ ਨੇ ਆਪਣੇ ਪਤੀ ਦਾ ਇਲਾਜ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਕਰਵਾਇਆ। ਪਰ ਅਖੀਰ ਗੁਰਦਾਸਪੁਰ ਦੇ ਰੈੱਡਕਰਾਸ ਨਸ਼ਾ ਛੁਡਾਊ ਕੇਂਦਰ ਵਿਖੇ ਪਹੁੰਚ ਕੇ ਉਸ ਦਾ ਪਤੀ ਪੂਰੀ ਤਰਾਂ ਨਾਲ ਨਸ਼ਾ ਰਹਿਤ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਉਹ ਪਿਛਲੇ ਕਰੀਬ ਸਵਾ ਸਾਲ ਤੋਂ ਇੱਥੇ ਹੀ ਰਹਿ ਰਹੀ ਹੈ ਅਤੇ ਇਸ ਅਰਸੇ ਦੌਰਾਨ ਉਸ ਨੂੰ ਪੰਜਾਬੀਆਂ ਦਾ ਸੁਭਾ ਅਤੇ ਬਹੁਤ ਚੰਗਾ ਲੱਗਾ।
ਨਤਾਸ਼ਾ ਨੇ ਦੱਸਿਆ ਕਿ ਬੀਤੇ ਸਮੇਂ ਦੌਰਾਨ ਉਸ ਦੇ ਦਿਮਾਗ਼ ਵਿੱਚ ਸਿਰਫ਼ ਇੱਕ ਗੱਲ ਹੀ ਚੱਲ ਰਹੀ ਸੀ। ਕਿ ਜਿਸ ਦੇਸ਼ ਨੇ ਉਸ ਦੇ ਪਤੀ ਨੂੰ ਨਸ਼ਾ ਮੁਕਤ ਕਰ ਕੇ ਉਸ ਦੀ ਜ਼ਿੰਦਗੀ ਸਵਾਰੀ ਹੈ। ਉਹ ਵੀ ਉਨ੍ਹਾਂ ਲੋਕਾਂ ਦੀ ਭਲਾਈ ਲਈ ਕੁਝ ਨਾ ਸਹਿਯੋਗ ਕਰੇ। ਉਸ ਨੇ ਕਿਹਾ ਕਿ ਇਸੇ ਦੌਰਾਨ ਕੋਰੋਨਾ ਮਹਾਂਮਾਰੀ ਕਾਰਨ ਸ਼ੁਰੂ ਕੀਤੇ ਗਏ ਲਾਕਡਾਊਨ ਦੌਰਾਨ ਉਸ ਨੇ ਬਹੁਤ ਸਾਰੇ ਲੋਕ ਅਜਿਹੇ ਵੇਖੇ। ਜਿਨ੍ਹਾਂ ਨੂੰ ਹੋਰ ਲੋੜਾਂ ਦੇ ਨਾਲ ਨਾਲ ਜਾਗਰੂਕਤਾ ਦੀ ਬਹੁਤੀ ਲੋੜ ਸੀ ਅਤੇ ਉਦੋਂ ਹੀ ਉਸ ਨੇ ਨਿਰਨਾ ਕਰ ਲਿਆ। ਕਿ ਉਸ ਮੁਸੀਬਤ ਵਿੱਚ ਫਸੇ ਲੋਕਾਂ ਦੀ ਸਮਰੱਥਾ ਮੁਤਾਬਿਕ ਸਹਾਇਤਾ ਜ਼ਰੂਰ ਕਰੇਗੀ।
ਨਤਾਸ਼ਾ ਨੇ ਦੱਸਿਆ ਕਿ ਉਹ ਰੋਜ਼ਾਨਾ ਮਾਸਕ ਅਤੇ ਸੈਨੇਟਾਈਜ਼ਰ ਦੇ ਨਾਲ ਨਾਲ ਹੋਰ ਲੋੜੀਂਦਾ ਸਮਾਨ ਨਾਲ ਲੈ ਕੇ ਘਰੋਂ ਨਿਕਲਦੀ ਹੈ ਅਤੇ ਰਸਤੇ ਵਿੱਚ ਮਿਲਣ ਵਾਲੇ ਲੋੜਵੰਦ ਲੋਕਾਂ ਨੂੰ ਦੇ ਦਿੰਦੀ ਹੈ। ਉਸ ਨੇ ਦੱਸਿਆ ਕਿ ਉਸ ਨੇ ਇੱਕ ਗੱਲ ਹੋਰ ਨੋਟ ਕੀਤੀ ਕਿ ਇੱਥੋਂ ਦੇ ਲੋਕਾਂ ਨੂੰ ਬਾਕੀ ਲੋੜਾਂ ਦੇ ਨਾਲ ਨਾਲ ਕੋਰੋਨਾ ਬਿਮਾਰੀ ਪ੍ਰਤੀ ਜਾਗਰੂਕਤਾ ਦੀ ਵੀ ਬਹੁਤ ਲੋੜ ਹੈ ਅਤੇ ਇਸੇ ਕਾਰਨ ਉਹ ਰਸਤੇ ਵਿਖੇ ਮਿਲਣ ਵਾਲੇ ਹਰੇਕ ਵਿਅਕਤੀ ਨੂੰ ਆਪਸੀ ਦੂਰੀ ਬਣਾ ਕੇ ਰੱਖਣ, ਮਾਸਕ, ਦਸਤਾਨੇ ਅਤੇ ਟੋਪੀ ਆਦਿ ਪਾ ਕੇ ਰੱਖਣ ਦੇ ਨਾਲ ਨਾਲ ਨੰਗੇ ਹੱਥਾਂ ਨਾਲ ਕਿਸੇ ਵੀ ਚੀਜ਼ ਨੂੰ ਨਾਲ ਫੜਨ ਅਤੇ ਹੱਥ ਆਦੀ ਮਿਲਾਉਣ ਸਬੰਧੀ ਜਾਗਰੂਕ ਵੀ ਕਰਦੀ ਹੈ। ਨਤਾਲੀਆ ਨੇ ਦੱਸਿਆ ਕਿ ਬੀਤੇ ਹਫ਼ਤੇ ਦੌਰਾਨ ਜ਼ਰੂਰਤ ਮੰਦ ਲੋਕਾਂ ਨੂੰ 5 ਹਜ਼ਾਰ ਮਾਸਕ ਅਤੇ 5 ਹਜ਼ਾਰ ਸੈਨੇਟਾਈਜਰ ਦੇ ਨਾਲ ਨਾਲ ਹੋਰ ਲੋੜੀਂਦਾ ਸਮਾਨ ਵੰਡ ਚੁੱਕੀ ਹੈ ਅਤੇ ਇਸ ਵਿੱਚ ਰੈੱਡਕਰਾਸ ਨਸ਼ਾ ਛੁਡਾਊ ਕੇਂਦਰ ਦੇ ਪ੍ਰੋਜੈਕਟ ਡਾਇਰੈਕਟਰ ਰੋਮੇਸ਼ ਮਹਾਜਨ ਦਾ ਵਿਸ਼ੇਸ਼ ਸਹਿਯੋਗ ਹੈ।
ਉੱਥੇ ਦੂਜੇ ਪਾਸੇ ਇਸ ਵਿਦੇਸ਼ੀ ਮੁਟਿਆਰ ਦੇ ਨਾਲ ਲੋਕ ਸੇਵਾ 'ਚ ਲੱਗੇ ਰੈੱਡਕਰਾਸ ਨਸ਼ਾ ਛੁਡਾਊ ਕੇਂਦਰ ਗੁਰਦਾਸਪੁਰ ਦੇ ਪ੍ਰੋਜੈਕਟ ਡਾਇਰੈਕਟਰ ਰੋਮੇਸ਼ ਮਹਾਜਨ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੱਸਿਆ। ਕਿ ਨਤਾਸ਼ਾ ਸੋਮਾਰ ਉਨ੍ਹਾਂ ਕੋਲ ਆਪਣੇ ਪਤੀ ਦੇ ਇਲਾਜ ਦੇ ਸਬੰਧ ਵਿੱਚ ਆਈ ਸੀ ਅਤੇ ਉਹ ਹੁਣ ਬਿਲਕੁਲ ਤੰਦਰੁਸਤ ਹੈ। ਉਨ੍ਹਾਂ ਦੱਸਿਆ ਕਿ ਨਤਾਸ਼ਾ ਇੱਕ ਜਾਗਰੂਕ ਮੁਟਿਆਰ ਹੋਣ ਦੇ ਨਾਲ ਨਾਲ ਵੱਡੇ ਦਿਲ ਦੀ ਮਾਲਕ ਵੀ ਹੈ। ਉਨ੍ਹਾਂ ਦੱਸਿਆ ਕਿ ਬੀਤੇ ਸਮੇਂ ਕੋਰੋਨਾ ਕਰੋਪੀ ਦੌਰਾਨ ਸੂਬਾ ਸਰਕਾਰ ਵੱਲੋਂ ਲਾਗੂ ਕੀਤੇ ਗਏ ਲਾਕ ਡਾਊਨ ਦੌਰਾਨ ਨਤਾਸ਼ਾ ਨੇ ਉਨ੍ਹਾਂ ਨਾਲ ਲੋੜਵੰਦ ਲੋਕਾਂ ਦੀ ਸਹਾਇਤਾ ਕਰਨ ਦੀ ਇੱਛਾ ਪਰਗਟ ਕੀਤੀ ਅਤੇ ਇਹ ਦੋਵੇਂ ਉਦੋਂ ਤੋਂ ਹੀ ਆਪਣੀ ਸਮਰੱਥਾ ਮੁਤਾਬਿਕ ਰੋਜ਼ਾਨਾ ਲੋੜਵੰਦ ਲੋਕਾਂ ਦੀ ਸਹਾਇਤਾ ਕਰ ਰਹੇ ਹਨ।