ਅਸ਼ੋਕ ਵਰਮਾ
ਬਠਿੰਡਾ, 11 ਮਈ 2020 - ਪੰਜਾਬ ਸਕੂਲ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਲਾਇਬ੍ਰੇਰੀਅਨ, ਸਹਾਇਕ ਲਾਇਬ੍ਰੇਰੀਅਨ, ਲਾਇਬ੍ਰੇਰੀ ਰਿਸਟੋਰਰ ਤੇ ਐਸ.ਐਲ.ਏ. ਸਾਥੀਆਂ ਦਾ ਸਾਂਝਾ ਫਰੰਟ ਬਣਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਤੇ ਜਲਦੀ ਹੀ ਇਹ ਫਰੰਟ ਹੋਂਦ ’ਚ ਆਉਣ ਦੀ ਉਮੀਦ ਹੈ। ਸਰਕਾਰੀ ਸਕੂਲਜ ਲੈਬਾਰਟਰੀ ਸਟਾਫ ਯੂਨੀਅਨ ਪੰਜਾਬ ਦੀ ਜਿਲਾ ਇਕਾਈ ਬਠਿੰਡਾ ਦੇ ਪ੍ਰਧਾਨ ਗੁਰਵਿੰਦਰ ਸੰਧੂ ਨੇ ਕਿਹਾ ਕਿ ਉਨਾਂ ਦੀ ਜਥੇਬੰਦੀ ਇਸ ਦਿਸ਼ਾ ’ਚ ਪੂਰੀ ਸਰਗਰਮੀ ਨਾਲ ਯਤਨ ਜਾਰੀ ਹਨ। ਉਨਾਂ ਦੱਸਿਆ ਕਿ ਇਹ ਸਾਂਝਾ ਫਰੰਟ ਇਨਾਂ ਸਾਰੇ ਕੇਡਰਾਂ ਦੀਆਂ ਸਾਂਝੀਆਂ ਮੰਗਾਂ ਦੀ ਪੂਰਤੀ ਹਿੱਤ ਕੰਮ ਕਰੇਗਾ। ਉਨਾਂ ਦੱਸਿਆ ਕਿ ਨਾਨ-ਟੀਚਿੰਗ ਸਟਾਫ ਦੇ ਇਨਾਂ ਕਰਮਚਾਰੀਆਂ ਦੀਆਂ ਮੁੱਖ ਮੰਗਾਂ ਪੇ-ਸਕੇਲ ਵਿੱਚ ਵਾਧਾ, ਮਾਸਟਰ ਕੇਡਰ ਵਿੱਚ ਪ੍ਰਮੋਸ਼ਨ ਕੋਟਾ ਵਧਾਉਣਾ, ਬੀ.ਐਡ ਕਰਵਾਉਣਾ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਹਾਲ ਹੀ ਵਿੱਚ ਬਣੀ ਤਬਾਦਲਾ ਨੀਤੀ ਤਹਿਤ ਕਰਮਚਾਰੀ ਦੀ ਇੱਕ ਸਕੂਲ ਵਿੱਚ ਠਹਿਰ ਦਾ ਵੱਧ ਤੋਂ ਵੱਧ ਸਮਾਂ 5 ਸਾਲ ਕਰਨ ਦੀ ਸ਼ਰਤ ਨੂੰ ਖਤਮ ਕਰਵਾਉਣ ਲਈ ਵੀ ਸੰਘਰਸ਼ ਕੀਤਾ ਜਾਵੇਗਾ। ਜਥੇਬੰਦੀ ਦੇ ਜਿਲਾ ਸਕੱਤਰ ਟਿੰਕੂ ਚਾਵਲਾ ਤੇ ਜਿਲਾ ਮੀਤ ਪ੍ਰਧਾਨ ਗੁਰਮੀਤ ਸਿੰਘ ਸਲਾਬਤਪੁਰਾ ਨੇ ਕਿਹਾ ਕਿ ਮਾਸਟਰ ਕੇਡਰ ਵਿੱਚ ਮਿਲਿਆ ਪ੍ਰਮੋਸ਼ਨ ਕੋਟਾ ਯੂਨੀਅਨ ਦੀਆਂ ਲਗਾਤਾਰ ਕੋਸ਼ਿਸ਼ਾਂ ਦਾ ਹੀ ਨਤੀਜਾ ਹੈ। ਜਿਲਾ ਵਿੱਤ ਸਕੱਤਰ ਲਖਵਿੰਦਰ ਸਿੰਘ ਮੌੜ ਤੇ ਜਿਲਾ ਸਹਾਇਕ ਸਕੱਤਰ ਗੁਰਜੀਤ ਸਿੰਘ ਨੇ ਕਿਹਾ ਕਿ ਉਹ ਲਾਇਬ੍ਰੇਰੀ ਸਟਾਫ ਦੇ ਸਾਥੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਗੇ। ਜਿਲਾ ਪ੍ਰਧਾਨ ਗੁਰਵਿੰਦਰ ਸੰਧੂ ਨੇ ਅੱਗੇ ਦੱਸਿਆ ਕਿ ਉਨਾਂ ਦੀ ਜਥੇਬੰਦੀ ਲਾਇਬ੍ਰੇਰੀ ਸਟਾਫ ਦੇ ਆਗੂਆਂ ਨਾਲ ਲਗਾਤਾਰ ਸੰਪਰਕ ਦੇ ਵਿੱਚ ਹਨ ਤੇ ਹਾਲਾਤ ਠੀਕ ਹੋਣ ਤੋਂ ਬਾਅਦ ਜਲਦ ਹੀ ਇਸ ਸੰਬੰਧੀ ਕੋਈ ਵੱਡਾ ਐਲਾਨ ਕੀਤਾ ਜਾਵੇਗਾ।