← ਪਿਛੇ ਪਰਤੋ
ਅਸ਼ੋਕ ਵਰਮਾ ਮਾਨਸਾ, 11 ਮਈ 2020: ਪੰਜਾਬ ਪੁਲਿਸ ਦਾ ਅਕਸ ਆਮ ਲੋਕਾਂ ਦੀਆਂ ਨਜ਼ਰਾਂ ’ਚ ਜੋ ਮਰਜੀ ਹੋਵੇ ਕੋਵਿਡ-19 ਵਿਰੁੱਧ ਜੰਗ ਵਿੱਚ ਮੂਹਰੀ ਕਤਾਰ ’ਚ ਲੜ ਰਹੇ ਪੁਲੀਸ ਮੁਲਾਜਮਾਂ ਨੇ ਸਮਾਜ ਸੇਵਾ ਦੀ ਮਿਸਾਲ ਕਾਇਮ ਕੀਤੀ ਹੈ। ਇਹੋ ਕਾਰਨ ਹੈ ਕਿ ਇਸ ਸੰਕਟ ਦੀ ਘੜੀ ’ਚ ਕੀਤੇ ਜਾ ਰਹੇ ਕਾਰਜਾਂ ਨੂੰ ਲੋਕ ਪੁਲਿਸ ਮੁਲਾਜਮਾਂ ਦੇ ਗਲਾਂ ’ਚ ਹਾਰ ਪਾ ਰਹੇ ਹਨ ਤੇ ਕਿਤੇ ਕੋਈ ਫੁੱਲ ਬਰਸਾ ਰਿਹਾ ਹੈ। ਲੋਕ ਆਖਦੇ ਹਨ ਕਿ ਇਸ ਤਰਾਂ ਦੇ ਕੰਮ ਕਰਕੇ ਪੁਲਿਸ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਮਾਨਸਾ ਪੁਲਿਸ ਦੇ ਏਐਸਆਈ ਯਾਦਵਿੰਦਰ ਸਿੰਘ ਕੋਵਿਡ ਵਿਰੁੱਧ ਜੰਗ ਮੋਹਰੀ ਹੋ ਕੇ ਲੜ ਰਿਹਾ ਹੈ। ਕਦੇ ਉਹ ਅਨਾਜ ਮੰਡੀ ਦੇ ਪ੍ਰਬੰਧਾਂ ’ਚ ਹੱਥ ਵਟਾਉਂਦਾ ਹੈ ਤੇ ਕਦੇ ਲੋਕਾਂ ਨੂੰ ਮਾਸਕ ਵੰਡਦਾ ਨਜ਼ਰ ਆਉਂਦਾ ਹੈ। ਦਾਣਾ ਮੰਡੀਆਂ ’ਚ ਉਸ ਨੇ ਕਿਸਾਨਾਂ ਨੂੰ ਸੋਸ਼ਲ ਡਿਸਟੈਂਸਿੰਗ ਦੀ ਮਹੱਤਤਾ ਦੱਸੀ ਤਾਂ ਕਿਸਾਨ ਝੱਟ ਸਹਿਮਤ ਹੋ ਗਏ। ਉਹ ਦੱਸਦਾ ਹੈ ਕਿ ਜੇਕਰ ਅਸੀ ਨਾਂ ਸਮਝੇ ਤਾਂ ਵਾਇਰਸ ਉਨਾਂ ਦੀ ਜਿੰਦਗੀ ਲਈ ਖਤਰਾ ਬਣ ਸਕਦਾ ਹੈ। ਜਦੋਂ ਪਿੰਡ ਰੱਲਾ ’ਚ ਕਿਸਾਨ ਬੋਰਵੈਲ ’ਚ ਡਿੱਗ ਗਿਆ ਤਾਂ ਉਸ ਨੇ ਮੌਕੇ ਤੇ ਪੁੱਜਣ ’ਚ ਦੇਰੀ ਨਹੀਂ ਲਾਈ ਅਤੇ ਰਾਹਤ ਕਾਰਜਾਂ ’ਚ ਹੱਥ ਵਟਾਇਆ। ਇੱਕ ਦਿਨ ਉਸ ਨੂੰ ਕਿਸੇ ਘਰ ਰਾਸ਼ਨ ਖਤਮ ਹੋਣ ਦਾ ਪਤਾ ਲੱਗਿਆ ਤਾਂ ਉਹ ਚੁੱਪ ਚੁਪੀਤੇ ਗਰੀਬ ਪ੍ਰੀਵਾਰ ਦੀ ਦੇਹਲੀ ’ਤੇ ਪੁੱਜ ਗਿਆ। ਇਸੇ ਤਰਾਂ ਹੀ ਇੱਕ ਪ੍ਰੀਵਾਰ ਦੇ ਦੋ ਲੜਕੀਆਂ ਬਾਅਦ ਲੜਕਾ ਹੋਇਆ ਤਾਂ ਉਸ ਪ੍ਰੀਵਾਰ ਨੂੰ ਜਰੂਰੀ ਵਸਤਾਂ ਵੀ ਲੈਕੇ ਦਿੱਤੀਆਂ ਹਨ। ਰੱਲੇ ਦੇ ਮਜਦੂਰ ਪ੍ਰੀਵਾਰ ਦੇ ਲੜਕੇ ਦਾ ਜਨਮ ਦਿਨ ਸੀ ਜਦੋਂ ਉਸ ਨੂੰ ਪਤਾ ਲੱਗਿਆ ਤਾਂ ਉਹ ਝੱਟ ਕੇਕ ਲੈਕੇ ਉਨਾਂ ਦੇ ਘਰ ਚਲਾ ਗਿਆ ਅਤੇ ਵਧਾਈ ਵੀ ਦਿੱਤੀ ਜਿਸ ਨਾਂਲ ਮਜਦੂਰ ਪ੍ਰੀਵਾਰ ਦੀਆਂ ਖੁਸ਼ੀਆਂ ਦੁੱਗਣੀਆਂ ਹੋ ਗਈਆਂ। ਏਐਸਆਈ ਯਾਦਵਿੰਦਰ ਸਿੰਘ ਦਾ ਕਹਿਣਾ ਸੀ ਕਿ ਉਹ ਕਿਸੇ ਤੇ ਅਹਿਸਾਨ ਨਹੀਂ ਕਰ ਰਿਹਾ ਬਲਕਿ ਇਨਸਾਨੀ ਫਰਜ ਨਿਭਾਇਆ ਹੈ। ਉਸ ਨੇ ਆਖਿਆ ਕਿ ਪੁਲੀਸ ਨੂੰ ਡਿਉਟੀ ਦੇ ਨਾਲ ਸਮਾਜ ਸੇਵਾ ਵੀ ਕਰਨੀ ਚਾਹੀਦਾ ਹੈ।
Total Responses : 266