ਅਸ਼ੋਕ ਵਰਮਾ
ਬਠਿੰਡਾ, 11 ਮਈ 2020: ਦਿੱਲੀ ਬੰਬ ਧਮਾਕੇ ’ਚ ਕਈ ਵਿਅਕਤੀਆਂ ਦੇ ਮਾਰੇ ਜਾਣ ਦੇ ਦੋਸ਼ਾਂ ਤਹਿਤ ਫਾਂਸੀ ਨੂੰ ਤਬਦੀਲ ਕਰਨ ਉਪਰੰਤ ਕੀਤੀ ਉਮਰ ਕੈਦ ਦੀ ਸਜਾ ਭਗਤ ਰਹੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਚਚੇਰੇ ਭਰਾ ਮਮੁਖਤਿਆਰ ਸਿੰਘ ਭੁੱਲਰ ਪੁੱਤਰ ਨਾਜਰ ਸਿੰਘ ਵਾਸੀ ਦਿਅਲਪੁਰਾ ਭਾਈ ਝੁੱਗੀਆਂ ਨੇ ਪੰਜਾਬ ਪੁਲੀਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਖ਼ਿਲਾਫ਼ ਬਿਆਨ ਦਰਜ ਕਰਵਾਉਣ ਦਾ ਫੈਸਲਾ ਕੀਤਾ ਹੈ। ਮੁਖਤਿਆਰ ਸਿੰਘ ਭੁੱਲਰ ਸੈਣੀ ਵੱਲੋਂ ਕਥਿਤ ਤੌਰ ਤੇ ਜਬਰੀ ਚੁੱਕੇ ਬਲਵੰਤ ਸਿੰਘ ਭੁੱਲਰ ਤੇ ਚਾਚੇ ਦਾ ਲੜਕਾ ਹੈ ਜਿਸ ਨੇ ਅੱਜ ਇੱਕ ਔਰਤ ਵੱਲੋਂ ਅਜਿਹੇ ਹੀ ਮਾਮਲੇ ’ਚ ਅੱਗੇ ਆਉਣ ਤੋਂ ਬਾਅਦ ਇਹ ਫੈਸਲਾ ਲਿਆ ਹੈ। ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਸੁਮੇਧ ਸੈਣੀ ਸਮੇਤ ਅੱਠ ਹੋਰਾਂ ਖ਼ਿਲਾਫ਼ ਧਾਰਾ 364, 201, 344, 330, 219 ਅਤੇ 120ਬੀ ਤਹਿਤ ਮੁਹਾਲੀ ਦੇ ਮਟੌਰ ਥਾਣੇ ਵਿੱਚ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਮੁਖਤਿਆਰ ਸਿੰਘ ਭੁੱਲਰ ਨੇ ਦੱਸਿਆ ਕਿ ਉਸ ਨੂੰ ਵੀ ਪੁੱਛ ਪੜਤਾਲ ਲਈ ਕਥਿਤ ਤੌਰ ਤੇ ਪੁਲਿਸ ਲੈ ਗਈ ਸੀ ਜਿੱਥੇ ਉਸ ਨੂੰ ਥਰਡ ਡਿਗਰੀ ਦਿੱਤੀ ਗਈ। ਉਸਨੇ ਦੱਸਿਆ ਕਿ ਅਸਲ ’ਚ ਪੁਲਿਸ ਉਨਾਂ ਤੋਂ ਦਵਿੰਦਰਪਾਲ ਭੁੱਲਰ ਦਾ ਪਤਾ ਲਾਉਣਾ ਚਾਹੁੰਦੀ ਸੀ। ਉਸ ਨੇ ਦਾਅਵਾ ਕੀਤਾ ਕਿ ਉਸ ਵਕਤ ਵੀ ਕਾਫੀ ਲੋਕ ਉੱਥੇ ਮੌਜੂਦ ਸਨ। ਉਸ ਨੇ ਦੱਸਿਆ ਕਿ ਦਵਿੰਦਰਪਾਲ ਦੀ ਘਰ ਤਾਂ ਇਸ ਚੱਕਰ ’ਚ ਤਬਾਹ ਹੋ ਗਿਆ ਹੈ । ਉਨਾਂ ਆਖਿਆ ਕਿ ਉਹ ਵੀ ਵੱਡਾ ਸੰਤਾਪ ਹੰਢਾ ਚੁੱਕੇ ਹਨ। ਭੁੱਲਰ ਨੇ ਆਖਿਆ ਕਿ ਉਹ ਇਸ ਮਸਲੇ ਨੂੰ ਲੈਕੇ ਪੁਲਿਸ ਕੋਲ ਬਿਆਨ ਦਰਜ ਕਰਵਾਉਣ ਬਾਰੇ ਵਿਚਾਰ ਕਰ ਰਹੇ ਹਨ।
ਜਿਕਰਯੋਗ ਹੈ ਕਿ ਅਗਸਤ 1991 ਦਾ ਚੰਡੀਗੜ ਦੇ ਤੱਤਕਾਲੀ ਐੱਸਐੱਸਪੀ ਸੁਮੇਧ ਸੈਣੀ ’ਤੇ ਹਮਲਾ ਹੋਇਆ ਸੀ ਜਿਸ ’ਚ ਸੈਣੀ ਜਖਮੀ ਹੋ ਗਿਆ ਸੀ ਜਦੋਂ ਕਿ ਤਿੰਨ ਪੁਲੀਸ ਮੁਲਾਜਮਾ ਦੀ ਮੌਤ ਹੋ ਗਈ ਸੀ। ਹਮਲੇ ਪਿੱਛੇ ਸਾਜਿਸ਼ ਦਾ ਪਤਾ ਲਾਉਣ ਲਈ ਸੈਣੀ ਅਤੇ ਉਸ ਦੇ ਵਫਾਦਾਰ ਅਧਿਕਾਰੀਆਂ ਦੀ ਟੀਮ ਨੇ ਕਥਿਤ ਤੌਰ ’ਤੇ ਕੁਝ ਸ਼ੱਕੀ ਨੌਜਵਾਨਾਂ ਨੂੰ ਚੁੱਕ ਲਏੇ ਸਨ। ਚੰਡੀਗੜ ਪੁਲੀਸ ਨੇ ਇਸੇ ਮਾਮਲੇ ਨੂੰ ਲੈਕੇ ਦਵਿੰਦਰਪਾਲ ਸਿੰਘ ਭੁੱਲਰ ਸਮੇਤ ਕੁਝ ਹੋਰ ਸਿੱਖ ਨੌਜਵਾਨਾਂ ਖਿਲਾਫ ਕੇਸ ਵੀ ਦਰਜ ਕੀਤਾ ਸੀ। ਪੁਲਿਸ ਨੂੰ ਭੁੱਲਰ ਤਾਂ ਨਹੀਂ ਮਿਲਿਆ ਸੀ ਪਰ ਚੰਡੀਗੜ ਪੁਲੀਸ ਉਸ ਦੇ ਪਿਤਾ ਅਤੇ ਰਿਸ਼ਤੇਦਾਰ ਨੂੰ ਕਥਿਤ ਤੌਰ ਤੇ ਚੁੱਕ ਕੇ ਲੈ ਗਈ ਸੀ।
ਹਾਈਕੋਰਟ ਦੇ ਹੁਕਮਾਂ ਤੇ ਸੀਬੀਆਈ ਨੇ ਜਾਂਚ ਉਪਰੰਤ ਬੰਬ ਹਮਲੇ ਦੇ ਸਬੰਧ ’ਚ ਬਲਵੰਤ ਸਿੰਘ ਮੁਲਤਾਨੀ ਅਤੇ ਬਲਵੰਤ ਸਿੰਘ ਭੁੱਲਰ ਨੂੰ ਤਸੀਹੇ ਦੇਣ ’ਚ ਸੈਣੀ ਦੀ ਕਥਿਤ ਸ਼ਮੂਲੀਅਤ ਕਬੂਲੀ ਅਤੇ (ਸੈਣੀ) ਦੇ ਅਤੇ ਤਿੰਨ ਹੋਰ ਪੁਲੀਸ ਅਧਿਕਾਰੀਆਂ ਖਿਲਾਫ ਅਗਵਾ, ਗੈਰਕਾਨੂੰਨੀ ਹਿਰਾਸਤ ’ਚ ਰੱਖਣ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਮੁਖਤਿਆਰ ਸਿੰਘ ਭੁੱਲਰ ਨੇ ਦਾਅਵੇ ਨਾਲ ਕਿਹਾ ਕਿ ਬੰਬ ਧਮਾਕੇ ਮਾਮਲੇ ਨੂੰ ਲੈਕੇ ਉਸ ਤੇ ਵੀ ਤਸ਼ੱਦਦ ਕੀਤਾ ਗਿਆ ਸੀ।