- ਸੰਸਥਾ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਐਂਟੀ ਕੋਰੋਨਾ ਸਾਜੋ ਸਮਾਨ ਦਿੱਤਾ ਜਾ ਰਿਹਾ: ਕਤਨਾ
ਫਿਰੋਜ਼ਪੁਰ, 12 ਮਈ 2020 : ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਜਿੱਥੇ ਘਰਾਂ ਵਿਚ ਜਾ ਕੇ ਲੋੜਵੰਦਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ, ਉਥੇ ਫਰੰਟ ਲਾਈਨ ਤੇ ਕੋਰੋਨਾ ਖਿਲਾਫ ਲੜਾਈ ਲੜ ਰਹੇ ਡਾਕਟਰਾਂ, ਪੈਰਾ ਮੈਡੀਕਲ ਸਟਾਫ, ਪੁਲਿਸ ਮੁਲਾਜ਼ਮਾਂ, ਮੀਡੀਆ ਕਰਮੀਆਂ ਅਤੇ ਸ਼ਾਮਲ ਹੋਰ ਅਮਲੇ ਦੇ ਕੋਰੋਨਾ ਤੋਂ ਬਚਾਵ ਲਈ ਐਂਟੀ ਕੋਰੋਨਾ ਦਾ ਜ਼ਰੂਰੀ ਸਾਜੋ ਸਮਾਨ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਹੱਈਆ ਕਰਵਾਇਆ ਜਾ ਰਿਹਾ ਹੈ। ਇਹ ਗੱਲ ਸੰਸਥਾ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਹਰਜਿੰਦਰ ਸਿੰਘ ਕਤਨਾ, ਇਸਤਰੀ ਵਿੰਗ ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ ਨੇ ਇਥੇ ਪੁਲਿਸ ਦੀ ਸਹਾਇਤਾ ਨਾਲ ਵੱਖ ਵੱਖ ਥਾਵਾਂ ਤੇ 20 ਪ੍ਰਵਾਸੀ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਰਾਸ਼ਨ ਵੰਡਣ ਸਮੇਂ ਕਹੀ।
ਉਨ੍ਹਾਂ ਦੱਸਿਆ ਕਿ ਸੰਸਥਾ ਦੇ ਮੁੱਖੀ ਡਾ. ਐੱਸਪੀ ਸਿੰਘ ਓਬਰਾਏ ਅਤੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਦੇ ਆਦੇਸਾਂ ਅਨੁਸਾਰ ਜਦੋਂ ਦਾ ਇਹ ਕੋਰੋਨਾ ਦਾ ਕਹਿਰ ਸ਼ੁਰੂ ਹੋਇਆ ਹੈ ਉਸ ਵਕਤ ਤੋਂ ਹੀ ਸਰਬੱਤ ਦਾ ਭਲਾ ਟਰੱਸਟ ਵੱਲੋਂ ਲਾਕਡਾਊਨ ਕਰਕੇ ਲੋਕ ਘਰਾਂ ਅੰਦਰ ਹੀ ਬੰਦ ਹੋ ਗਏ ਹਨ। ਉਨ੍ਹਾਂ ਕਿਹਾ ਕਿ ਕੰਮ ਕਾਰ ਬੰਦ ਹੋਣ ਕਰਕੇ ਮਜ਼ਦੂਰ ਅਤੇ ਮੀਡੀਅਮ ਤਬਕਾ ਰੋਟੀ ਖਾਣ ਤੋਂ ਵੀ ਮੁਹਤਾਜ ਹੋ ਗਿਆ ਹੈ, ਪਰ ਸੰਸਥਾ ਵੱਲੋਂ ਉਸੇ ਵਕਤ ਤੋਂ ਹੀ ਅਜਿਹੇ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਦਾ ਕੰਮ ਸੁਰੂ ਕਰ ਦਿੱਤਾ ਸੀ ਤੇ ਇਸ ਲੜੀ ਤਹਿਤ ਹੁਣ ਵੀ ਲੋੜਵੰਦਾਂ ਤੱਕ ਜ਼ਰੂਰਤ ਮੁਤਾਬਕ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਲੋੜਵੰਦ ਲੋਕਾਂ ਨੂੰ ਰਾਸ਼ਨ ਦੇ ਨਾਲ ਨਾਲ ਫਰੰਟ ਲਾਈਨ ਤੇ ਕੋਰੋਨਾ ਖਿਲਾਫ ਲੜਾਈ ਲੜ ਰਹੇ ਡਾਕਟਰਾਂ, ਪੈਰਾ ਮੈਡੀਕਲ ਸਟਾਫ, ਪੁਲਸ ਮੁਲਾਜ਼ਮਾਂ, ਮੀਡੀਆ ਕਰਮੀਆਂ ਅਤੇ ਸ਼ਾਮਲ ਹੋਰ ਅਮਲੇ ਨੂੰ ਕੋਰੋਨਾ ਤੋਂ ਬਚਾਵ ਲਈ ਐਂਟੀ ਕੋਰੋਨਾ ਦਾ ਜ਼ਰੂਰੀ ਸਾਜੋ ਸਮਾਨ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਹੱਈਆ ਕਰਵਾਇਆ ਜਾ ਰਿਹਾ ਹੈ। ਇਸ ਲੜੀ ਤਹਿਤ ਹੀ ਸੰਸਥਾ ਵੱਲੋਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਕੁਲਵੰਤ ਸਿੰਘ ਅਤੇ ਐੱਸਐੱਸਪੀ ਫਿਰੋਜ਼ਪੁਰ ਨੂੰ ਪੀਪੀਈ ਕਿੱਟਾਂ ਐਨ 95 ਅਤੇ ਸਰਜੀਕਲ ਮਾਸਕ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਖਤਮ ਨਹੀਂ ਹੁੰਦਾ ਉਨ੍ਹੀ ਦੇਰ ਤੱਕ ਰਾਹਤ ਕਾਰਜ ਚੱਲਦੇ ਰਹਿਣਗੇ। ਇਸ ਮੌਕੇ ਤੇ ਐੱਸਐੱਚਓ ਹਰਦੇਵ ਪ੍ਰੀਤ ਸਿੰਘ ਨੇ ਵੀ ਇਸ ਨੇਕ ਕਾਰਜ ਲਈ ਸੰਸਥਾ ਦੇ ਮੁੱਖੀ ਡਾ. ਐੱਸਪੀ ਸਿੰਘ ਓਬਰਾਏ ਦਾ ਧੰਨਵਾਦ ਕੀਤਾ। ਇਸ ਮੌਕੇ ਕੈਸ਼ੀਅਰ ਨਰਿੰਦਰ ਬੇਰੀ, ਬਲਾਕ ਪ੍ਰਧਾਨ ਬਹਾਦਰ ਸਿੰਘ ਭੁੱਲਰ, ਸੰਜੀਵ ਬਜਾਜ ਸਮੇਤ ਕਈੇ ਕਾਰਜਕਾਰੀ ਮੈਂਬਰ ਵੀ ਮੌਜ਼ੂਦ ਸਨ।