ਅਸ਼ੋਕ ਵਰਮਾ
ਬਠਿੰਡਾ, 12 ਮਈ 2020 - ਕਣਕ ਦੀ ਨਾੜ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਦੇ ਖੇਤਾਂ ਦਾ ਸਰਵੇ ਕਰਕੇ ਪ੍ਰਦੂਸ਼ਨ ਕੰਟਰੋਲ ਬੋਰਡ ਨੇ ਬਠਿੰਡਾ ਜ਼ਿਲੇ ਵਿਚ 11 ਕਿਸਾਨਾਂ ਦੇ ਚਲਾਨ ਕੱਟ ਦਿੱਤੇ ਅਤੇ ਜਿਨਾਂ ਵਿੱਚੋਂ 2 ਕਿਸਾਨਾਂ ਕੋਲੋਂ ਜੁਰਮਾਨਾ ਵਸੂਲ ਕਰ ਲਿਆ ਗਿਆ ਹੈ। ਅੱਗ ਲਾਉਣ ਵਾਲੇ ਹਰ ਕਿਸਾਨ ਤੋਂ ਇਹ ਜੁਰਮਾਨਾ ਵਸੂਲ ਕੀਤਾ ਜਾਵੇਗਾ। ਇਹ ਜਾਣਕਾਰੀ ਜ਼ਿਲਾ ਖੇਤੀਬਾੜੀ ਅਫ਼ਸਰ ਡਾ: ਬਹਾਦਰ ਸਿੰਘ ਸਿੱਧੂ ਨੇ ਦਿੱਤੀ ਹੈ।
ਬੀ ਸ੍ਰੀਨਿਵਾਸਨ ਆਈ.ਏ.ਐੱਸ. ਡਿਪਟੀ ਕਮਿਸ਼ਨਰ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਡਾ. ਬਹਾਦਰ ਸਿੰਘ ਸਿੱਧੂ ਮੁੱਖ ਖੇਤੀਬਾੜੀ ਅਫ਼ਸਰ, ਬਠਿੰਡਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਅੱਜ ਮਹਾਂਮਾਰੀ ਦੇ ਦੌਰ ਵਿੱਚ ਕੋਵਿਡ ਜਿਹੀ ਭਿਆਨਕ ਬੀਮਾਰੀ ਚੱਲ ਰਹੀ ਹੈ ਜੋ ਕਮਜ਼ੋਰ ਫੇਫੜਿਆਂ ਤੇ ਵੱਧ ਮਾਰ ਕਰਦੀ ਹੈ। ਧੂੰਆਂ ਸਾਹ ਦੀਆਂ ਬੀਮਾਰੀਆਂ ਦਾ ਕਾਰਨ ਬਣਦਾ ਹੈ। ਇਸ ਬੀਮਾਰੀ ਨਾਲ ਜੋ ਲੋਕ ਬੀਮਾਰ ਚੱਲ ਰਹੇ ਹਨ, ਧੂੰਆਂ ਉਨਾਂ ਲਈ ਜਾਨਲੇਵਾ ਸਾਬਿਤ ਹੋ ਸਕਦਾ ਹੈ ਅਤੇ ਬੀਮਾਰੀ ਨੂੰ ਵਧਾਉਣ ਵਿੱਚ ਵੱਡਾ ਰੋਲ ਅਦਾ ਕਰਦਾ ਹੈ। ਬੀਮਾਰ ਫੇਫੜੇ ਧੂੰਏ ਦੀ ਮਾਰ ਨਹੀਂ ਝੱਲ ਸਕਣਗੇ।
ਇਸ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਠਿੰਡਾ ਵੱਲੋਂ ਕਿਸਾਨਾਂ ਨੂੰ ਅਰਜ਼ੋਈ ਕੀਤੀ ਗਈ ਹੈ ਕਿ ਆਪਾਂ ਸੰਭਲ ਜਾਈਏ ਅਤੇ ਨਾੜ ਨੂੰ ਅੱਗ ਨਾ ਲਗਾ ਕੇ ਬੀਮਾਰੀ ਨੂੰ ਰੋਕਣ ਵਿੱਚ ਲੱਗੇ ਲੋਕਾਂ ਨਾਲ ਹਿੱਸਾ ਪਾਈਏ। ਰਹਿੰਦ ਖੂੰਹਦ ਨੂੰ ਸਹੀ ਤਰੀਕੇ ਨਾਲ ਸੰਭਾਲੀਏ, ਤਾਂ ਕਿ ਮਨੁੱਖੀ ਜਾਨਾਂ ਖਤਰੇ ਵਿੱਚ ਨਾ ਪੈਣ। ਅੱਗ ਦਾ ਧੂੰਆਂ ਸਾਡੇ ਫੇਫੜਿਆਂ ਵਿੱਚ ਜਾਂਦਾ ਹੈ, ਜਿਸ ਨਾਲ ਮਨੁੱਖੀ ਜਾਨਾਂ ਦਾ ਸਿੱਧਾ ਨੁਕਸਾਨ ਹੁੰਦਾ ਹੈ। ਜਿੱਥੇ ਲੋਕ ਲੋਕਾਂ ਦੀ ਸਹਾਇਤਾ ਵਿੱਚ ਲੰਗਰ ਲਗਾ ਕੇ, ਮਾਸਕ ਅਤੇ ਸੈਨੇਟਾਈਜ਼ਰ ਵੰਡ ਕੇ ਲੋਕਾਂ ਉੱਪਰ ਬੀਮਾਰੀ ਦੇ ਹਮਲੇ ਨੂੰ ਰੋਕਣ ਵਿੱਚ ਲੱਗੇ ਹਨ ਉੱਥੇ ਆਪਾਂ ਵੀ ਨਾੜ ਨੂੰ ਅੱਗ ਨਾ ਲਗਾ ਕੇ ਵਾਤਾਵਰਣ ਨੂੰ ਸਾਫ਼ ਰੱਖੀਏ ਤਾਂ ਕਿ ਮਨੁੱਖੀ ਜਾਨਾਂ ਖਤਰੇ ਵਿੱਚ ਨਾ ਪੈਣ ਅਤੇ ਪੰਜਾਬ ਸਰਕਾਰ ਦਾ ਸਾਥ ਦੇਈਏ ਨਿਭਾਈਏ।