ਅਸ਼ੋਕ ਵਰਮਾ
ਬਠਿੰਡਾ, 12 ਮਈ 2020 - ਬਠਿੰਡਾ ਪੱਟੀ ਵਿੱਚ ਕਿਸਾਨਾਂ ਨੂੰ ਬਾਰਸ਼ ਕਾਰਨ ਦੂਹਰਾ ਰਗੜਾ ਲੱਗ ਗਿਆ ਹੈ। ਦੋ-ਤਿੰਨ ਦਿਨਾਂ ਦੀ ਬਾਰਸ਼ ਅਤੇ ਗੜਿਆਂ ਨੇ ਕਿਸਾਨਾਂ ਦੀ ਨਰਮੇ ਕਪਾਹ ਦੀ ਕਰੀਬ 4 ਸੌ ਏਕੜ ਫ਼ਸਲ ਤਬਾਹ ਕਰ ਦਿੱਤੀ ਹੈ। ਕਈ ਕਿਸਾਨਾਂ ਨੂੰ ਤਾਂ ਦੂਸਰੀ ਵਾਰ ਵੀ ਰਗੜਾ ਲੱਗ ਗਿਆ ਹੈ। ਹਾਲਾਂਕਿ ਨਰਮੇ ਕਪਾਹ ਦੀ ਹੱਦ ਤੋਂ ਵੱਧ ਫਸਲ ਇਨਾਂ ਬਾਰਸ਼ਾਂ ਕਾਰਨ ਪ੍ਰਭਾਵਿਤ ਨਹੀਂ ਹੋਈ ਫਿਰ ਵੀ ਛੋਟੇ ਕਿਸਾਨ ਰਗੜੇ ਹੇਠ ਆ ਗਏ ਹਨ। ਫਸਲ ਦੀ ਬਿਜਾਈ ਕਿਸਾਨਾਂ ਨੂੰ ਨਵੇਂ ਸਿਰਿਓਂ ਕਰਨੀ ਪੈ ਰਹੀ ਹੈ। ਕਿਸਾਨਾਂ ਦੀ ਮਜਬੂਰੀ ਦਾ ਫਾਇਦਾ ਉਠਾਉਂਦੇ ਹੋਏ ਬੀਜ ਮਹਿੰਗਾ ਮਿਲ ਰਿਹਾ ਹੈ। ਉੱਪਰੋਂ ਕਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਕਰਕੇ ਕਿਸਾਨ ਬਹਤੀ ਭੱਜ ਦੌੜ ਵੀ ਨਹੀਂ ਕਰ ਸਕਦੇ ਹਨ।
ਵੇਰਵਿਆਂ ਅਨੁਸਾਰ ਬਠਿੰਡਾ ਪੱਟੀ ਵਿੱਚ ਬੀਟੀ ਬੀਜਾਂ ਦੀ ਹੋਰ ਮੰਗ ਪੈਦਾ ਹੋ ਗਈ ਹੈ, ਜਿਸ ਦੀ ਕੀਮਤ ਕਿਸਾਨਾਂ ਨੂੰ ਦੂਸਰੀ ਵਾਰ ਤਾਰਨੀ ਪੈ ਰਹੀ ਹੈ। ਪ੍ਰਤੀ ਏਕੜ ਕਰੀਬ ਦੋ ਪੈਕਟ ਬੀਟੀ ਬੀਜ ਦੇ ਪੈਂਦੇ ਹਨ। ਇਸ ਹਿਸਾਬ ਨਾਲ ਕਿਸਾਨਾਂ ਨੂੰ ਸਿੋਰਫ ਦੋ ਤਿੰਨ ਪਿੰਡਾਂ ਵਿੱਚ ਕਰੀਬ ਪੌਣੇ ਤੋ ਲੱਖ ਰੁਪਏ ਦੇ ਹੋਰ ਬੀਟੀ ਬੀਜ ਲੈਣੇ ਪੈਣਗੇ। ਜੋ ਬਿਜਾਈ ਅਤੇ ਵਹਾਈ ਦਾ ਖਰਚਾ ਕਿਸਾਨਾਂ ਨੂੰ ਕਰਨਾ ਪਵੇਗਾ, ਉਹ ਵੱਖਰਾ ਹੈ।
ਕਿਸਾਨ ਆਗੂ ਰੇਸ਼ਮ ਸਿੰਘ ਯਾਤਰੀ ਨੇ ਦੱਸਿਆ ਕਿ ਉਨਾਂ ਦੇ ਪਿੰਡ ਦੇ ਕਿਸਾਨ ਸੁਖਦੇਵ ਸਿੰਘ ਦਾ 5 ਏਕੜ ਨਰਮਾ ਕਰੰਡ ਹੋਇਆ ਹੈ ਜਦੋਂਕਿ ਕਿਸਾਨ ਬੱਬਲੀ ਦਾ 4 ਏਕੜ ,ਗੁਰਮੀਤ ਸਿੰਘ ਦਾ 3 ਏਕੜ , ਜਗਰੂਪ ਸਿੰਘ ਦਾ5 ਏਕੜ, ਖੇਤਾ ਸਿੰਘ ਦਾ 4ਏਕੜ , ਮੱਖਣ ਸਿੰਘ 3 ਏਕੜ, ਦਰਸ਼ਨ ਸਿੰਘ 2 ਏਕੜ, ਬਲਦੇਵ ਸਿੰਘ 5 ਏਕੜ ਅਤੇ ਬਿੰਦਰ ਸਿੰਘਦੇ 2 ਏਕੜ ਨਰਮੇ ਤੋਂ ਇਲਾਵਾ ਪਿੰਡ ਕੋਟਸ਼ਮੀਰ ’ਚ ਕਰੀਬ300 ਏਕੜ ਨਰਮਾ ਕਰੰਡ ਹੋ ਗਿਆ ਹੈ। ਉਨਾਂ ਦੱਸਿਆ ਕਿ ਜਿੱਥੇ ਜਿੱਥੇ ਵੀ ਬਾਰਸ਼ ਪਈ ਉਸ ਨੇ ਨਰਮੇ ਦੇ ਰਕਬੇ ਦਾ ਨੁਕਸਾਨ ਕੀਤਾ ਹੈ। ਉਨਾਂ ਦੱਸਿਆ ਕਿਕਿਸਾਨਾਂ ਨੂੰ ਹੁਣ ਮੁੜ ਤੋਂ ਬੀਟੀ ਬੀਜ ਖਰੀਦਣਾ ਅਤੇ ਬੀਜਣਾ ਪੈਣਾਂ ਹੈ।
ਕਿਸਾਨ ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਦਾ ਕਰੀਬ ਪੰਜ ਏਕੜ ਨਰਮਾ ਕਰੰਡ ਹੋ ਗਿਆ, ਜਿਸ ਕਰ ਕੇ ਉਹ ਨਵੇਂ ਸਿਰਿਓਂ ਬੀਟੀ ਬੀਜ ਲੈ ਕੇ ਆਇਆ ਹੈ। ਉਸ ਨੇ ਦੱਸਿਆ ਕਿ ਪਹਿਲਾਂ ਇਹ ਪੈਕਟ 100 ਰੁਪਏ ਸਸਤਾ ਸੀ। ਇਸ ਪਿੰਡ ਦੇ ਇੱਕ ਹੋਰ ਕਿਸਾਨ ਨੇ ਦੱਸਿਆ ਕਿ ਕੰਪਨੀਆਂ ਵੱਲੋਂ ਕਿਸਾਨਾਂ ਨੂੰ ਨਖਰੇ ਨਾਲ ਬੀਜ ਵੇਚਿਆ ਜਾ ਰਿਹਾ ਹੈ। ਕਿਸਾਨ ਆਗੂ ਬਲਦੇਵ ਸਿੰਘ ਸੰਦੋਹਾ ਦਾ ਕਹਿਣਾ ਹੈ ਕਿ ਗੜਿਆਂ ਨੇ ਤਾਂ ਕਿਸਾਨ ਪਹਿਲਾਂ ਹੀ ਝੰਬ ਦਿੱਤੇ ਹਨ ਅਤੇ ਉਪਰੋਂ ਹੁਣ ਕੁਦਰਤ ਨੇ ਸਾਰੇ ਖਰਚੇ ਵਧਾ ਦਿੱਤੇ ਹਨ।
ਦੱਸਣਯੋਗ ਹੈ ਕਿ ਕਰਫਿਊ ਕਾਰਨ ਐਤਕੀਂ ਬਠਿੰਡਾ ਪੱਟੀ ਦੇ ਕਿਸਾਨਾਂ ਦਾ ਰੁਝਾਨ ਨਰਮੇ ਵੱਲ ਹੋ ਗਿਆ ਹੈ, ਜਿਸ ਕਰ ਕੇ ਝੋਨੇ ਹੇਠੋਂ ਰਕਬਾ ਪਿਛਲੇ ਸਾਲ ਨਾਲੋਂ ਘਟਣ ਦੇ ਅਨੁਮਾਨ ਹਨ। ਹੁਣ ਜਦੋਂ ਫਸਲ ਕਰੰਡ ਹੋ ਗਈ ਹੈ ਤਾਂ ਜਿਨਾਂ ਕਿਸਾਨਾਂ ਕੋਲ ਪਾਣੀ ਦਾ ਪ੍ਰਬੰਧ ਹੈ, ਉਹ ਕਿਸਾਨ ਨਰਮੇ ਕਪਾਹ ਦੀ ਥਾਂ ਝੋਨੇ ਨੂੰ ਤਰਜੀਹ ਦੇ ਸਕਦੇ ਹਨ। ਫਸਲ ਕਰੰਡ ਹੋਣ ਕਰ ਕੇ ਕਿਸਾਨਾਂ ਨੂੰ ਵੱਡਾ ਧੱਕਾ ਲੱਗਿਆ ਹੈ।
ਸਰਕਾਰੀ ਕਰੰਡ ਦਾ ਮੁਆਵਜਾ ਦੇਵੇ
ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਆਗੂ ਕਾਕਾ ਸਿੰਘ ਕੋਟੜਾ ਦਾ ਕਹਿਣਾ ਹੈ ਕਿ ਕੁਦਰਤੀ ਆਫ਼ਤ ਕਰ ਕੇ ਕਿਸਾਨਾਂ ਦੀ ਫਸਲ ਕਰੰਡ ਹੋਈ ਹੈ, ਜਿਸ ਕਰ ਕੇ ਸਰਕਾਰ ਕਿਸਾਨਾਂ ਦੀ ਮਦਦ ਲਈ ਮੁਆਵਜ਼ਾ ਦੇਵੇ। ਉਨਾਂ ਆਖਿਆ ਕਿ ਕਿਸਾਨ ਕੁਦਰਤਾਂ ਦੀ ਮਾਰ ਸਹਿੰਦਾ ਆ ਰਿਹਾ ਹੈ ਪਰ ਉਸ ਦੀ ਸਰਕਾਰਾਂ ਸਹਾਇਤਾ ਨਹੀਂ ਕਰਦੀਆਂ ਜਦੋਂਕਿ ਇਸ ਕੰਮ ਲਈ ਫੰਡ ਰੱਖੇ ਜਾਂਦੇ ਹਨ।
ਜ਼ਿਆਦਾ ਨੁਕਸਾਨ ਦੀ ਸੂਚਨਾ ਨਹੀਂ
ਮੁੱਖ ਖੇਤੀਬਾੜੀ ਅਫਸਰ ਬਠਿੰਡਾ ਡਾ ਬਹਾਦਰ ਸਿੰਘ ਦਾ ਕਹਿਣਾ ਸੀ ਕਿ ਬਠਿੰਡਾਾ ਜਿਲੇ ’ਚ ਜਿਆਦਾ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਉਨਾਂ ਆਖਿਆ ਕਿ ਜੋ ਨਰਮਾ ਕਰੰਡ ਹੋਇਆ ਸੀ ਉਸ ਦੀ ਕਾਫੀ ਕਿਸਾਨਾਂ ਨੇ ਕਰੰਡ ਭੰਨ ਦਿੱਤੀ ਹੈ। ਉਨਾਂ ਦੱਸਿਆ ਕਿ ਇਸ ਵਾਰ ਤਾਂ ਨਰਮੇ ਦੀ ਕਾਸ਼ਤ ਹੇਠਲੇ ਰਕਬੇ ਵਿੱਚ ਵਾਧੇ ਦਾ ਅਨੁਮਾਨ ਵੀ ਹੈ।