ਹਰੀਸ਼ ਕਾਲੜਾ
ਰੂਪਨਗਰ, 12 ਮਈ 2020 - ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ (ਰਜਿ.) ਰੂਪਨਗਰ ਦੇ ਪ੍ਰਮੁੱਖ ਸਲਾਹਕਾਰ ਤੇ ਮੋਢੀ ਮਹਾਂਦਾਨੀ ਲੈਫ. ਕਰਨਲ ਜੀ. ਆਰ. ਸੈਣੀ ਕੋਈ 102 ਸਾਲਾਂ ਦੀ ਲੰਬੀ ਉਮਰ ਭੋਗ ਕੇ ਆਪਣੇ ਨਿਵਾਸ ਸਥਾਨ ਹੋਸ਼ਿਆਰਪੁਰ ਵਿਖੇ ਬੀਤੀ 07 ਮਈ ਨੂੰ ਸਵਰਗਵਾਸ ਹੋ ਗਏ। ਸੈਣੀ ਭਵਨ ਰੂਪਨਗਰ ਦੇ ਪ੍ਰਬੰਧਕਾਂ ਨੂੰ ਸੈਣੀ ਚੈਰੀਟੇਬਲ ਐਜ਼ੂਕੇਸ਼ਨ ਟਰੱਸਟ ਦੇ ਮਹਾਂਦਾਨੀ ਲੈਫ. ਕਰਨਲ ਜੀ. ਆਰ. ਸੈਣੀ ਦੇ ਅਕਾਲ ਚਲਾਣਾ ਕਰਨ ਜਾਣ ਦੀ ਸੂਚਨਾ ਮਿਲਣ 'ਤੇ ਅਤਿਅੰਤ ਅਫ਼ਸੋਸ ਹੋਇਆ ਹੈ। ਪ੍ਰਬੰਧਕਾਂ ਨੂੰ ਇਸ ਵੀ ਅਫ਼ਸੋਸ ਰਹੇਗਾ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਸੰਸਥਾ ਦਾ ਕੋਈ ਵੀ ਨੁਮਾਇੰਦਾ ਉਨ੍ਹਾਂ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਨਹੀਂ ਹੋ ਸਕਿਆ।
ਵਰਨਣਯੋਗ ਹੈ ਕਿ ਕਰਨਲ ਜੀ. ਆਰ. ਸੈਣੀ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ ਨੂੰ ਵਜੀਫ਼ੇ ਦੇਣ ਲਈ ਕੋਈ 22 ਲੱਖ ਰੁਪਏ ਦੀ ਰਾਸ਼ੀ ਦਾਨ ਕੀਤੀ ਗਈ ਹੈ ਅਤੇ ਜਿਸ ਦੇ ਵਿਆਜ ਨਾਲ ਕੋਈ ਦੋ ਦਰਜ਼ਨ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਪੜ੍ਹਾਈ ਜਾਰੀ ਰੱਖਣ ਲਈ ਹਰ ਸਾਲ ਵਜ਼ੀਫੇ ਦਿੱਤੇ ਜਾਂਦੇ ਹਨ। ਸੈਣੀ ਭਵਨ ਉਨ੍ਹਾਂ ਦੀਆਂ ਸੇਵਾਵਾਂ ਨੂੰ ਹਮੇਸ਼ਾਂ ਯਾਦ ਰੱਖੇਗਾ।ਸੈਣੀ ਭਵਨ ਦੀ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਡਾ. ਅਜਮੇਰ ਸਿੰਘ, ਜਨਰਲ ਸਕੱਤਰ ਬਲਬੀਰ ਸਿੰਘ, ਐਜੂਕੇਸ਼ਨ ਟਰੱਸਟ ਦੇ ਪ੍ਰਧਾਨ ਰਾਜਿੰਦਰ ਸੈਣੀ, ਜਨਰਲ ਸਕੱਤਰ ਅਮਰਜੀਤ ਸਿੰਘ ਅਤੇ ਸਮੂਹ ਟਰੱਸਟੀ ਤੇ ਮੈਂਬਰ ਉਨ੍ਹਾਂ ਦੇ ਕਰਨਲ ਸਾਹਿਬ ਦੇ ਦੋਹਤੇ ਰਾਜੇਸ਼ ਚੌਧਰੀ ਤੇ ਸਮੂਹ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹਨ।
ਪਰਮਾਤਮਾ, ਲੈਫ. ਕਰਨਲ ਜੀ. ਆਰ. ਸੈਣੀ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਇਹ ਸਦਮਾ ਸਹਿਣ ਕਰਨ ਦੀ ਸਮਰਥਾ ਬਖਸੇ। ਸੈਣੀ ਭਵਨ ਰੂਪਨਗਰ ਦੇ ਪ੍ਰਬੰਧਕਾਂ ਬਲਬੀਰ ਸਿੰਘ, ਡਾ. ਅਜਮੇਰ ਸਿੰਘ ਤੰਬੜ, ਰਾਜਿੰਦਰ ਸੈਣੀ, ਐਡਵੋਕੇਟ ਰਾਵਿੰਦਰ ਸਿੰਘ ਮੁੰਦਰਾ, ਗੁਰਮੁੱਖ ਸਿੰਘ ਲੋਂਗੀਆ, ਰਾਜਿੰਦਰ ਸਿੰਘ ਗਿਰਨ, ਸੁਰਿੰਦਰ ਸਿੰਘ ਆਦਿ ਨੇ ਬੀਤੇ ਸਾਲ 9 ਅਗਸਤ 2019 ਨੂੰ ਲੈਫ. ਕਰਨਲ ਜੀ.ਆਰ. ਸੈਣੀ ਦੇ 102ਵੇਂ ਜਨਮ ਦਿਨ ਤੇ ਉਨ੍ਹਾਂ ਦੇ ਹੋਸ਼ਿਆਰਪੁਰ ਨਿਵਾਸ ਸਥਾਨ ਵਿਖੇ ਪੁੱਜ ਕੇ ਜਨਮ ਦਿਨ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਸਨ।