ਅਸ਼ੋਕ ਵਰਮਾ
ਮਾਨਸਾ, 12 ਮਈ 2020 - ‘ਧਰਤ ਦਿਵਸ’ਮੌਕੇ ਕਿਸਾਨ ਯੂਨੀਅਨਾਂ, ਸਰਪੰਚ ਯੂਨੀਅਨਾਂ, ਰਾਜਨੀਤਿਕ, ਸਮਾਜਸੇਵੀ ਸੰਸਥਾਵਾਂ ਅਤੇ ਕਿਸਾਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਇਸ ਵਾਰ ਕੋਰੋਨਾ ਵਾਇਰਸ ਦੇ ਮੱਦੇਨਜਰ ਅਤੇ ਪ੍ਰਦੂਸ਼ਣ ਦੀ ਰੋਕਥਾਮ ਲਈ ਕਣਕ ਦੇ ਨਾੜ ਨੂੰ ਸਾੜਨ ਦੀ ਥਾਂ ਇਸਨੂੰ ਵਾਹ ਕੇ ਅਗਲੀ ਫਸਲ ਦੀ ਬਿਜਾਈ ਕਰਨ ਸਬੰਧੀ ਕੀਤੀ ਅਪੀਲ ਰੰਗ ਲਿਆਉਣ ਲੱਗੀ ਹੈ। ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਅੱਜ ਪ੍ਰਸਿੱਧ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਵੱਲੋਂ ਵੀ ਪਿੰਡ ਹਮੀਰਗੜ ਢੈਪਈ ਵਿਖੇ ਆਪਣੇ ਖੇਤ ਵਿੱਚ ਖੜੇ ਕਣਕ ਦੇ ਨਾੜ ਨੂੰ ਅੱਗ ਲਗਾ ਕੇ ਸਾੜਨ ਦੀ ਬਜਾਏ ਟਰੈਕਟਰ ਨਾਲ ਵਾਹ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਜਦੋਂ ਉਨਾਂ ਨੂੰ ਪ੍ਰੈਸ ਅਤੇ ਸੋਸਲ ਮੀਡੀਆ ਰਾਹੀਂ ਐਸ.ਐਸ.ਪੀ. ਮਾਨਸਾ ਦੀ ਲੋਕਹਿੱਤ ਅਪੀਲ ਬਾਰੇ ਪਤਾ ਲੱਗਾ ਤਾਂ ਉਸਨੇ ਇਸਤੇ ਅਮਲ ਕਰਨ ਦਾ ਪ੍ਰਣ ਲਿਆ ਜਿਸਦੇ ਸਿੱਟੇ ਵਜੋਂ ਉਸਨੇ ਅੱਜ ਖੁਦ ਆਪਣੇ ਖੇਤ ਵਿੱਚ ਖੜੇ ਨਾੜ ਨੂੰ ਵਾਹ ਕੇ ਅਗਲੀ ਫਸਲ ਬੀਜਣ ਦੀ ਤਿਆਰ ਕੀਤੀ ਹੈ।
ਬਿੱਲਾ ਨੇ ਜਿਲਾ ਮਾਨਸਾ ਦੇ ਸਮੂਹ ਕਿਸਾਨ ਵੀਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਕਣਕ ਦੇ ਨਾੜ ਅੱਗ ਲਾਉਣ ਦੀ ਬਜਾਏ ਇਸ ਨੂੰ ਵਾਹ ਕੇ ਚੰਗੇ ਕਿਸਾਨ ਬਨਣ ਦਾ ਸਬੂਤ ਦੇਣ ਕਿਉਕਿ ਕਣਕ ਦੇ ਨਾੜ ਨੂੰ ਅੱਗ ਲਗਾਉਣ ਨਾਲ ਜਿੱਥੇ ਪ੍ਰਦੂਸ਼ਣ ਪੈਦਾ ਹੁੰਦਾ ਹੈ ਅਤੇ ਜੀਵ ਜੰਤੂ ਤੇ ਮਿੱਤਰ ਕੀੜੇ ਮਰ ਜਾਂਦੇ ਹਨ ਉਥੇ ਹੀ ਅੱਗ ਲਗਉਣ ਨਾਲ ਨਿਕਲਿਆ ਧੂਆਂ ਕੋਰੋਨਾ ਵਾਇਰਸ ਦੇ ਹੋਰ ਵਧਣ ਵਿੱਚ ਮੱਦਦਗਾਰ ਬਣਦਾ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਉਨਾਂ ਦੀ ਜਥੇਬੰਦੀ ਨੇ ਕੋਰੋਨਾ ਦੀ ਮਹਾਂਮਾਰੀ ਨੂੰ ਮੁੱਖ ਰਖਦੇ ਹੋਏ ਫੈਸਲਾ ਕੀਤਾ ਗਿਆ ਹੈ ਕਿ ਇਸ ਵਾਰ ਕਿਸੇ ਵੀ ਕਿਸਾਨ ਵਲੋਂ ਕਣਕ ਦੇ ਨਾੜ ਨੂੰ ਅੱਗ ਨਹੀਂ ਲਗਾਈ ਜਾਵੇਗੀ। ਇਸ ਮੌਕੇ ਜਗਦੀਪ ਸਿੰਘ ਸਰਪੰਚ ਬੁਰਜ ਢਿੱਲਵਾਂ (ਬਲਾਕ ਪ੍ਰਧਾਨ ਸਰਪੰਚ ਯੂਨੀਅਨ ਬਲਾਕ ਮਾਨਸਾ) ਅਤੇ ਇੱਥੇ ਮੌਜੂਦ ਕਿਸਾਨ ਆਗੂਆਂ ਨੇ ਕਿਹਾ ਕਿ ਉਨਾਂ ਨੇ ਆਪੋ ਆਪਣੇ ਪਿੰਡਾਂ ਵਿੱਚ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਦਾ ਪ੍ਰਣ ਕੀਤਾ ਹੋਇਆ ਹੈ।
ਸਮਾਜਸੇਵੀ ਗੁਰਲਾਭ ਸਿੰਘ ਮਾਹਲ ਐਡਵੋਕੇਟ ਨੇ ਕਿਹਾ ਕਿ ਐਸ.ਐਸ.ਪੀ. ਮਾਨਸਾ ਵੱਲੋਂ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਦੀ ਕੀਤੀ ਗਈ ਅਪੀਲ ਦੀ ਮਹੱਤਤਾ ਨੂੰ ਮੁੱਖ ਰਖਦੇ ਹੋਏ ਸਮੂਹ ਕਿਸਾਨਾਂ ਦੇ ਨਾਲ ਨਾਲ ਉੱਘੇ ਪੰਜਾਬੀ ਗਾਇਕ ਅਤੇ ਹੋਰ ਪ੍ਰਮੁੱਖ ਹਸਤੀਆਂ ਇਸ ਮੁਹਿੰਮ ਦਾ ਹਿੱਸਾ ਬਣ ਰਹੀਆਂ ਹਨ ਅਤੇ ਇਹ ਇੱਕ ਨਰੋਈ ਲੋਕ ਲਹਿਰ ਬਣ ਰਹੀ ਹੈ।
ਸਹਿਯੋਗ ਸਦਕਾ ਸੰਭਵ ਹੋਇਆ
ਐਸ.ਐਸ.ਪੀ. ਨੇ ਕਿਸਾਨ ਜਥੇਬੰਦੀਆ, ਸਰਪੰਚਾਂ, ਕਿਸਾਨ ਵੀਰਾਂ ਅਤੇ ਸਮਾਜਸੇਵੀ ਸੰਸਥਾਵਾਂ ਦਾ ਧੰਨਵਾਦ ਕਰਦੇ ਹੋਏ ਦੱਸਿਆ ਗਿਆ ਕਿ ਸਾਰਿਆਂ ਦੇ ਸਹਿਯੋਗ ਸਦਕਾ ਹੀ ਇਹ ਸੰਭਵ ਹੋ ਸਕਿਆ ਹੈ। ਉਹਨਾਂ ਕਿਹਾ ਕਿ ਮਾਨਸਾ ਦੇ ਲੋਕ ਬਹੁਤ ਉਸਾਰੂ ਸੋਚ ਵਾਲੇ ਹਨ ਅਤੇ ਲੋਕ ਹਿੱਤੂ ਸਕੀਮਾਂ ਲਾਗੂ ਕਰਨ ਪ੍ਰਤੀ ਸਹਿਯੋਗ ਦੀ ਭਾਵਨਾ ਰਖਦੇ ਹਨ। ਉਨਾਂ ਕਿਹਾ ਕਿ ਉਨਾਂ ਨੂੰ ਆਪਣੇ ਜਿਲੇ ਦੇ ਲੋਕਾਂ ’ਤੇ ਪੂਰਾ ਵਿਸ਼ਵਾਸ਼ ਹੈ ਕਿ ਉਹ ਇਸ ਮੁਹਿੰਮ ਪ੍ਰਤੀ ਪੂਰੀ ਪ੍ਰਤੀਬੱਧਤਾ ਨਾਲ ਹੁੰਗਾਰਾ ਭਰਨਗੇ ਅਤੇ ਕਿ ਇਸ ਮੁਹਿੰਮ ਨੂੰ ਲੋਕ ਲਹਿਰ ਬਨਾਉਣ ਲਈ ਜਿਲਾ ਮਾਨਸਾ ਪੰਜਾਬ ਦੇ ਦੂਸਰੇ ਜਿਲਿਆਂ ਲਈ ਮਿਸਾਲ ਬਣੇਗਾ ਅਤੇ ਅਗਵਾਈ ਦੇਣ ਦਾ ਮਾਣ ਪ੍ਰਾਪਤ ਕਰੇਗਾ।