ਮਨਿੰਦਰਜੀਤ ਸਿੱਧੂ
- ਪੁਰਾਣੇ ਵਿਦਿਆਰਥੀਆਂ ਨਾਲ ਸਾਂਝ ਰਾਹੀਂ ਅਧਿਆਪਕ-ਵਿਦਿਆਰਥੀ ਰਿਸ਼ਤੇ ਨੂੰ ਬਣਾਵਾਂਗੇ ਸਦੀਵੀ : ਡਾ. ਤੱਗੜ
ਜੈਤੋ, 12 ਮਈ 2020 - ਯੂਨੀਵਰਸਿਟੀ ਕਾਲਜ ਜੈਤੋ ਦੇ ਉੱਦਮੀ ਪ੍ਰੋਫ਼ੈਸਰ ਡਾ. ਪਰਮਿੰਦਰ ਸਿੰਘ ਤੱਗੜ ਆਪਣੇ ਕਾਲਜ ਅਤੇ ਆਪਣੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਵਿਚ ਲਿਜਾਣ ਲਈ ਹਮੇਸ਼ਾ ਹੀ ਤਤਪਰ ਰਹਿਣ ਵਾਲੀ ਸ਼ਖ਼ਸੀਅਤ ਹਨ। ਉਨਾਂ ਵੱਲੋਂ ਹੁਣ ਪੁਰਾਣੇ ਵਿਦਿਆਰਥੀਆਂ ਨੂੰ ਕਾਲਜ ਨਾਲ ਜੋੜਨ ਲਈ ਹੋਣਹਾਰ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਅਤੇ ਕਾਲਜ ਵਿਖੇ ਬਿਤਾਏ ਸਮੇਂ ਦੀ ਯਾਦਾਂ ਸਾਂਝੀਆਂ ਕਰਨ ਲਈ ‘ਰਾਬਤਾ’ ਸਿਰਲੇਖ ਹੇਠ ਲੜੀਵਾਰ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ ਜਿਸ ਦਾ ਪਹਿਲਾ ਸ਼ੋਅ ਅੱਜ ਸਵੇਰੇ ਦਸ ਵਜੇ ਬੜੇ ਸਾਦੇ ਢੰਗ ਨਾਲ ਯੂ-ਟਿਊਬ ’ਤੇ ਰਿਲੀਜ਼ ਕੀਤਾ ਗਿਆ।
‘ਰਾਬਤਾ’ ਦੇ ਪਹਿਲੇ ਸ਼ੋਅ ਵਿਚ ਕਾਲਜ ਦੇ ਦੋ ਵਿਦਿਆਰਥੀ ਸ਼ਵੇਤਾ ਅਤੇ ਦੀਪਕ ਪੇਸ਼ ਹੋਏ ਜਿਨਾਂ ਨਾਲ ਸੰਵਾਦ ਕਾਲਜ ਦੇ ਫ਼ਿਜ਼ਿਕਸ ਵਿਭਾਗ ਦੇ ਸਹਾਇਕ ਪ੍ਰੋਫ਼ੈਸਰ ਡਾ. ਦਿਵਿਆ ਜਯੋਤੀ ਵੱਲੋਂ ਰਚਾਇਆ ਗਿਆ। ਇਸ ਸ਼ੋਅ ਦੀ ਖ਼ਾਸੀਅਤ ਇਹ ਹੈ ਕਿ ਇਸ ਨੂੰ ਪੇਸ਼ ਕਰਨ ਵਾਲੇ ਅਤੇ ਭਾਗ ਲੈਣ ਵਾਲੇ ਆਪੋ-ਆਪਣੇ ਘਰਾਂ ਤੋਂ ਆਨਲਾਈਨ ਸੰਪਰਕ ਵਿਚ ਸਨ।
‘ਰਾਬਤਾ’ ਦੇ ਸੂਤਰਧਾਰ ਡਾ. ਪਰਮਿੰਦਰ ਤੱਗੜ ਨੇ ਇਸ ਸ਼ੋਅ ਬਾਰੇ ਵਿਚਾਰ ਦਿੰਦਿਆਂ ਦੱਸਿਆ ਕਿ ਉਨਾਂ ਵੱਲੋਂ ਇਹ ਕੋਸ਼ਿਸ਼ ਕੋਵਿਡ-19 ਕਾਰਨ ਲਾਕਡਾਊਨ ਦੌਰਾਨ ਕਾਲਜ ਦੇ ਵਿਦਿਆਰਥੀਆਂ ਵਿਚ ਪਰੇਰਨਾ ਅਤੇ ਉਤਸ਼ਾਹ ਦਾ ਆਲਮ ਬਣਾਈ ਰੱਖਣ ਦੇ ਉਦੇਸ਼ ਨੂੰ ਲੈ ਕੇ ਸ਼ੁਰੂ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਅਜਿਹੇ ਯਤਨਾਂ ਲਈ ਸੁਝਾਏ ਪਰੇਰਨਾਦਾਇਕ ਵਿਚਾਰ ਨੂੰ ਯੂਨੀਵਰਸਿਟੀ ਦੇ ਅਧਿਆਪਕਾਂ ਤੱਕ ਪੁਚਾਇਆ ਗਿਆ ਹੈ ਕਿ ਲਾਕਡਾਊਨ ਦੌਰਾਨ ਵਿਦਿਆਰਥੀਆਂ ਨੂੰ ਉਤਸ਼ਾਹਤ ਕਰਨ ਵਾਲੇ ਪਲੇਟਫ਼ਾਰਮ ਅਮਲ ਵਿਚ ਲਿਆਂਦੇ ਜਾਣ।
ਮਾਨਯੋਗ ਵਾਈਸ ਚਾਂਸਲਰ ਡਾ. ਘੁੰਮਣ ਦੇ ਉਕਤ ਵਿਚਾਰਾਂ ਨੂੰ ਅੱਗੇ ਡਾ. ਇੰਦਰਪ੍ਰੀਤ ਸੰਧੂ ਕੋਆਰਡੀਨੇਟਰ ਐਡਮਿਸ਼ਨ ਕਮੇਟੀ ਪੰਜਾਬੀ ਯੂਨੀਵਰਸਿਟੀ ਵੱਲੋਂ ਕੰਸਟੀਚੂਐਂਟ ਕਾਲਜਾਂ ਦੇ ਅਧਿਆਪਕਾਂ ਤੱਕ ਪੁਚਾਇਆ ਗਿਆ ਹੈ। ਜਿਸ ’ਤੇ ਅਮਲ ਕਰਦਿਆਂ ਉਨਾਂ ਵੱਲੋਂ ‘ਰਾਬਤਾ’ ਸਿਲਸਿਲਾ ਸ਼ੁਰੂ ਕਰਨ ਦਾ ਮਨ ਬਣਾਇਆ ਅਤੇ ਸ਼ੁਰੂਆਤ ਕਰ ਦਿੱਤੀ ਹੈ। ਉਨਾਂ ਦੱਸਿਆ ਕਿ ਆਉਂਦੇ ਦਿਨਾਂ ਵਿਚ ਵੀ ਉਹ ‘ਰਾਬਤਾ’ ਜ਼ਰੀਏ ਹੋਣਹਾਰ ਵਿਦਿਆਰਥੀਆਂ ਨੂੰ ਪੇਸ਼ ਕਰਵਾਉਂਦੇ ਰਹਿਣਗੇ।
ਵਰਨਣਯੋਗ ਹੈ ਕਿ ਡਾ. ਤੱਗੜ ਦੁਆਰਾ ਚਲਾਏ ਉਕਤ ਸਿਲਸਿਲੇ ਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ ਅਤੇ ਕਈ ਪੁਰਾਣੇ ਹੋਣਹਾਰ ਵਿਦਿਆਰਥੀ ਉਨਾਂ ਨਾਲ ਸੰਪਰਕ ਸਾਧ ਰਹੇ ਹਨ। ਉਨਾਂ ਦੇ ਸਹਿਕਰਮੀਆਂ ਪ੍ਰੋ. ਸ਼ਿਲਪਾ ਕਾਂਸਲ, ਡਾ. ਸੁਭਾਸ਼ ਚੰਦਰ, ਡਾ. ਸਮਰਾਟ ਖੰਨਾ, ਡਾ. ਦਿਵਿਯਾ ਜਯੋਤੀ ਅਤੇ ਪ੍ਰੋ. ਰੁਚਿਕਾ ਸੇਠ ਵੱਲੋਂ ਹਾਰਦਿਕ ਵਧਾਈ ਪੇਸ਼ ਕੀਤੀ ਗਈ ਹੈ। ‘ਰਾਬਤਾ’ ਸਿਲਸਿਲਾ ‘ਡਾ. ਪਰਮਿੰਦਰ ਤੱਗੜ ਯੂਸੀ ਜੈਤੋ’ ਯੂ-ਟਿਊਬ ਚੈਨਲ ’ਤੇ ਜਾ ਕੇ ਦੇਖਿਆ ਜਾ ਸਕਦਾ ਹੈ।