ਅਸ਼ੋਕ ਵਰਮਾ
ਮਾਨਸਾ, 13 ਮਈ 2020: ਅਧਿਆਪਕਾਂ ਦੇ ਹੱਕੀ ਘੋਲਾਂ ‘ਚ ਮੋਹਰੀ ਰੋਲ ਨਿਭਾਉਣ ਵਾਲੇ ਅਧਿਆਪਕ ਆਗੂਆਂ ਨੇ ਅਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਚ ਦਾਖਲ ਕਰਵਾਕੇ ਹੁਣ ਨਵੀ ਪਿਰਤ ਪਾਈ ਹੈ। ਜਿਆਦਾਤਰ ਸਰਕਾਰੀ ਅਧਿਆਪਕਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ’ਚ ਪੜਦੇ ਹਨ ਜਿਸ ਨੂੰ ਲੈਕੇ ਅਕਸਰ ਅਲੋਚਨਾ ਹੁੰਦੀ ਰਹਿੰਦੀ ਹੈ। ਲੋਕ ਆਖਦੇ ਹਨ ਕਿ ਨੌਕਰੀ ਸਰਕਾਰੀ ਸਕੂਲ ਦੀ ਹੋਵੇ ਪਰ ਖੁਦ ਦੇ ਬੱਚੇ ਇੰਨਾਂ ਸਕੂਲਾਂ ’ਚ ਨਾਂ ਪੜਦੇ ਹੋਣ ਅਜਬ ਵਰਤਾਰਾ ਹੈ। ਇਸ ਦੇ ਉਲਟ ਅਧਿਆਪਕ ਆਗੂਆਂ ਨੇ ਹੁਣ ਇਸ ਦਿਸ਼ਾ ’ਚ ਅਜਿਹੀ ਪਹਿਲਕਦਮੀ ਕੀਤੀ ਹੈ ਜੋ ਹੋਰਨਾਂ ਲਈ ਰਾਹ ਦਸੇਰਾ ਬਣੇਗੀ। ਆਗੂਆਂ ਦਾ ਕਹਿਣਾ ਹੈ ਕਿ ਸਾਨੂੰ ਖੁਦ ਤੋਂ ਹੀ ਅਜਿਹੀਆਂ ਸਾਰਥਿਕ ਮੁਹਿੰਮ ਦੀਆਂ ਦੀ ਸ਼ੁਰੂਆਤ ਕਰਨੀ ਪੈਣੀ ਹੈ, ਫਿਰ ਹੀ ਚੰਗੇ ਨਤੀਜਿਆਂ ਦੀ ਆਸ ਰੱਖੀ ਜਾ ਸਕਦੀ ਹੈ । ਉਨਾਂ ਆਖਿਆ ਕਿ ਜੇਕਰ ਅਧਿਆਪਕਾਂ ਨੇ ਖੁਦ ਹੀ ਨਾ ਹੰਭਲੇ ਮਾਰੇ ਤਾਂ ਹੌਲੀ-ਹੋਲੀ ਸਰਕਾਰੀ ਸਕੂਲਾਂ ਦੀਆਂ ਅਸਾਮੀਆਂ ਦਾ ਭੋਗ ਪੈ ਜਾਵੇਗਾ।
ਸਿੱਖਿਆ ਪ੍ਰੋਵਾਈਡਰਾਂ ਵੱਲੋਂ ਆਪਣੀਆਂ ਹੱਕੀ ਮੰਗਾ ਨੂੰ ਲੈ ਕੇ ਚਲਾਏ ਸੰਘਰਸ਼ ਦੌਰਾਨ 15 ਦਿਨ ਮਰਨ ਵਰਤ ‘ਤੇ ਬੈਠਣ ਵਾਲੀ ਸਰਕਾਰੀ ਮਿਡਲ ਸਕੂਲ ਦਾਨੇਵਾਲਾ ਦੀ ਇੰਚਾਰਜ ਪਰਮਜੀਤ ਕੌਰ ਨੇ ਨਾ ਸਿਰਫ ਸਰਕਾਰੀ ਮਿਡਲ ਸਕੂਲ ਦਾਨੇਵਾਲਾ ਨੂੰ ਸਮਾਰਟ ਸਕੂਲ ਬਣਾਇਆ ਹੈ, ਸਗੋਂ ਦਲੇਲ ਵਾਲਾ ਦੇ ਪ੍ਰਾਇਮਰੀ ਸਕੂਲ ਵਿਖੇ ਆਪਣੇ ਬੱਚੇ ਦੀਪਇੰਦਰ ਸਿੰਘ ਮਾਨ ਨੂੰ ਦਾਖ਼ਲ ਕਰਵਾਕੇ ਮਾਣ ਮਹਿਸੂਸ ਕੀਤਾ ਹੈ। ਉਨਾਂ ਦਾ ਪਤੀ ਗੁਰਪ੍ਰੀਤ ਸਿੰਘ ਵੀ ਅੱਜਕਲ ਸਰਕਾਰੀ ਸੈਕੰਡਰੀ ਸਕੂਲ ਦਲੇਲਵਾਲਾ ਵਿਖੇ ਅਧਿਆਪਕ ਵਜੋਂ ਸੇਵਾ ਨਿਭਾ ਰਿਹਾ ਹੈ। ਉਸ ਨੇ ਸਿੱਖਿਆ ਪ੍ਰੋਵਾਈਡਰਾਂ ਵੱਲੋਂ ਕੀਤੇ ਸੰਘਰਸ਼ ’ਚ ਕਈ ਵਾਰ ਜੇਲ ਕੱਟੀ ਹੈ। ਜਦੋਂ ਪੁਲਿਸ ਨਾਲ ਸਾਹਮਣਾ ਹੋਇਆ ਤਾਂ ਉਸ ਨੇ ਬੈਰੀਕੇਡ ਉਖਾੜੇ ਅਤੇ ਪੁਲਿਸ ਦੀਆਂ ਡਾਂਗਾਂ ਵੀ ਝੱਲੀਆਂ।
ਗੌਰਮਿੰਟ ਟੀਚਰਜ਼ ਯੂਨੀਅਨ ਦੇ ਬਲਾਕ ਪ੍ਰਧਾਨ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਕਰੰਡੀ ਦੇ ਅਧਿਆਪਕ ਪ੍ਰਭੂ ਰਾਮ ਦਾ ਇੱਕ ਬੱਚਾ ਵਿਵੇਕ ਸਰਕਾਰੀ ਪ੍ਰਾਇਮਰੀ ਸਕੂਲ ਕਰੰਡੀ ਤੋਂ ਪੰਜਵੀਂ ਕਰਕੇ ਨਵੋਦਿਆ ਸਕੂਲ ਵਿਖੇ ਸੱਤਵੀਂ ਕਲਾਸ ਚ ਪੜ ਰਿਹਾ, ਜਦੋਂ ਕਿ ਦੂਜਾ ਅਮਨਦੀਪ ਤੀਸਰੀ ਕਲਾਸ ‘ਚ ਕਰੰਡੀ ਵਿਖੇ ਹੀ ਪੜ ਰਿਹਾ ਹੈ। ਜੱਥੇਬੰਦੀ ਦੇ ਜ਼ਿਲਾ ਪ੍ਰਧਾਨ ਨਰਿੰਦਰ ਮਾਖਾ ਅਤੇ ਬਲਵਿੰਦਰ ਉਲਕ ਦੇ ਵੀਂ ਦੋਨੇ ਬੱਚੇ ਮੀਆਂ ਅਤੇ ਬਾਜੇਵਾਲਾ ਦੇ ਸਰਕਾਰੀ ਸਕੂਲ ਤੋਂ ਬਾਰਵੀਂ ਕਲਾਸਾਂ ਪਾਸ ਕਰਕੇ ਗਏ ਹਨ।
ਅਧਿਆਪਕ ਆਗੂ ਰਾਮਨਾਥ ਧੀਰਾ ਨੇ ਅਪਣੇ ਪੁੱਤਰ ਫਤਹਿਵੀਰ ਸਿੰਘ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਘਰਾਗਣਾਂ ਵਿਖੇ ਪੰਜਵੀਂ ਕਲਾਸ ‘ਚ ਦਾਖ਼ਲ ਕਰਵਾਕੇ ਹੋਰਨਾਂ ਅਧਿਆਪਕਾਂ ਨੂੰ ਵੀ ਅਪਣੇ ਬੱਚੇ ਸਰਕਾਰੀ ਸਕੂਲਾਂ ਚ ਦਾਖਲ ਕਰਵਾਉਣ ਦੀ ਮੁਹਿੰਮ ਵਿੱਢੀ ਹੋਈ ਹੈ।ਸਿੱਖਿਆ ਵਿਭਾਗ ਦੇ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਅਤੇ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਸਿੱਖਿਆ ਪ੍ਰੋਵਾਈਡਰਾਂ ਦੇ ਘੋਲ ‘ਚ ਅਨੇਕਾਂ ਤਕਲੀਫਾਂ ਝੱਲਣ ਵਾਲੇ ਸਿੱਖਿਆ ਪ੍ਰੋਵਾਈਡਰ ਯੂਨੀਅਨ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਗੜੱਦੀ ਦਾ ਪੁੱਤਰ ਸਰਤਾਜ ਸਿੰਘ ਗੜੱਦੀ ਦੇ ਹਾਈ ਸਕੂਲ ਚ ਅੱਠਵੀਂ ਕਲਾਸ ਚ ਪੜ ਰਿਹਾ ਹੈ। ਉਨਾਂ ਦੱਸਿਆ ਕਿ ਕਿਸੇ ਨਾਂ ਕਿਸੇ ਨੂੰ ਸ਼ੁਰੂਆਤ ਕਰਨੀ ਪੈਣੀ ਹੈ ,ਇਹ ਸੋਚ ਕੇ ਇਹ ਅਧਿਆਪਕ ਅੱਗੇ ਆਏ ਜੋਕਿ ਸਿਹਤਮੰਦ ਸਿੱਖਿਆ ਵੱਲ ਵੱਡਾ ਕਦਮ ਹੈ।
ਇਹ ਅਧਿਆਪਕ ਵੀ ਇਸੇ ਰਾਹ ਤੁਰੇ
ਅਧਿਆਪਕ ਆਗੂ ਮੇਲਾ ਸਿੰਘ ਝੰਡੂਕੇ, ਬੇਅੰਤ ਕੌਰ ਸਰਦੂਲਗੜ, ਸੈਂਟਰ ਹੈੱਡ ਟੀਚਰ ਹਰਫੂਲ ਸਿੰਘ ਬੋਹਾ, ਕਰੀਪੁਰ ਡੁੰਮ ਦੇ ਹੈੱਡ ਟੀਚਰ ਬੰਸੀ ਲਾਲ, ਇੰਦਰਜੀਤ ਕੌਰ ਧਿੰਗੜ, ਕੁਲਦੀਪ ਸਿੰਘ, ਵੀਰਪਾਲ ਕੌਰ ਭਗਵਾਨਪੁਰ ਹੀਂਗਣਾ, ਜਸਵੰਤ ਰਾਏ ਭੱਲਣਵਾੜਾ, ਅੰਮਿ੍ਰਤਪਾਲ ਸਿੰਘ ਹੈਡ ਟੀਚਰ ਧਲੇਵਾਂ, ਮਨਦੀਪ ਕੌਰ ਹੈੱਡ ਟੀਚਰ ਹਮੀਰਗੜ ਢੈਪਈ, ਗੀਤਾ ਬਾਲਾ ਹੋਡਲਾ ਕਲਾਂ, ਸੰਤੋਖ ਸਿੰਘ ਗੁਰਨੇ ਖੁਰਦ, ਕਿਰਨਦੀਪ ਕੌਰ ਰੋੜਕੀ, ਚਰਨਜੀਤ ਕੌਰ ਕਾਹਨੇਵਾਲਾ, ਜਗਸੀਰ ਸਿੰਘ ਕੋਟਲੱਲੂ, ਰਾਜ ਕੁਮਾਰੀ ਸਰਦੂਲਗੜ, ਅਮਰੀਕ ਸਿੰਘ ਮੀਆਂ, ਹੈਰੀ ਸਿੰਘ ਲਖਵੀਰਵਾਲਾ ਅਦਿ ਅਧਿਆਪਕ ਵੀਂ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜਾ ਰਹੇ ਹਨ।। ਉੱਧਰ ਮਾਨਸਾ ਦੇ ਨਵੇਂ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਰਬਜੀਤ ਸਿੰਘ ਧੂਰੀ ਨੇ ਕਿਹਾ ਕਿ ਵਿਭਾਗ ਨੂੰ ਅਜਿਹੇ ਅਧਿਆਪਕਾਂ ਤੇ ਮਾਣ ਹੈ।