ਰਜਨੀਸ਼ ਸਰੀਨ
- ਪਿੰਡਾਂ ’ਚ ਸਰਵੇਲੈਂਸ, ਨਾਕਿਆਂ ’ਤੇ ਅਤੇ ਕੋਵਿਡ ਸਰਵੇਖਣ ’ਚ ਨਿਭਾਅ ਰਹੇ ਨੇ ਡਿਊਟੀ
ਨਵਾਂਸ਼ਹਿਰ, 13 ਮਈ 2020 - ਐਸ ਡੀ ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ ਵੱਲੋਂ ਸਬ ਡਵੀਜ਼ਨ ’ਚ ਕੋਵਿਡ ਰੋਕਥਾਮ ਲਈ ਸਹਿਯੋਗ ਕਰ ਰਹੇ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ’ਤੇ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਲਈ, ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈਕੰਡਰੀ ਤੇ ਐਲੀਮੈਂਟਰੀ ਸਿਖਿਆ) ਨੂੰ ਪ੍ਰਸ਼ੰਸਾ ਪੱਤਰ ਲਿਖਦੇ ਹੋਏ ਧੰਨਵਾਦ ਕੀਤਾ ਗਿਆ ਹੈ।
ਜੌਹਲ ਅਨੁਸਾਰ ਇਹ ਅਧਿਆਪਕ ਪਿੰਡਾਂ ’ਚ ਸਰਵੇਲੈਂਸ ਟੀਮਾਂ, ਨਾਕਿਆਂ ’ਤੇ ਮੈਡੀਕਲ ਟੀਮਾਂ ਨਾਲ ਅਤੇ ਪਿੰਡਾਂ ’ਚ ਘਰ-ਘਰ ਤੱਕ ਪਹੁੰਚ ਕਰਨ ਲਈ ਚੱਲ ਰਹੇ ਕੋਵਿਡ ਸਰਵੇਖਣ ’ਚ ਅੱਗੇ ਹੋ ਕੇ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਅਗਲੀ ਕਤਾਰ ’ਚ ਕੰਮ ਕਰਦੇ ਲੋਕ ਹੀ ਨਜ਼ਰ ਆਉਂਦੇ ਹਨ ਪਰੰਤੂ ਅਣਦਿਸਦੇ ਲੋਕਾਂ ਦਾ ਅਸੀਂ ਨਾਮ ਲੈਣਾ ਹੀ ਭੁੱਲ ਜਾਂਦੇ ਹਾਂ। ਉਨ੍ਹਾਂ ਦੱਸਿਆ ਕਿ ਇਹ ਅਧਿਆਪਕ ਉਨ੍ਹਾਂ ਅਣਦਿਸਦੇ ਲੋਕਾਂ ’ਚ ਸ਼ਾਮਿਲ ਹਨ, ਜੋ ਕਿ ਆਪਣੀ ਡਿਊਟੀ ਬਹੁਤ ਹੀ ਵਧੀਆ ਢੰਗ ਨਾਲ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਬ ਡਵੀਜ਼ਨ ’ਚ 60 ਤੋਂ ਵਧੇਰੇ ਅਧਿਆਪਕ ਡਿਊਟੀਆਂ ’ਤੇ ਤਾਇਨਾਤ ਹਨ ਅਤੇ ਉਨ੍ਹਾਂ ਵੱਲੋਂ ਮੰਗੀਆਂ ਜਾਂਦੀਆਂ ਰਿਪੋਰਟਾਂ ਬਹੁਤ ਹੀ ਵਧੀਆ ਢੰਗ ਨਾਲ ਭੇਜ ਰਹੇ ਹਨ।