ਫਿਰੋਜ਼ਪੁਰ 13 ਮਈ 2020 : ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾ ਹੇਠ ਸਿਵਲ ਸਰਜਨ ਡਾ: ਨਵਦੀਪ ਸਿੰਘ ਤੇ ਡੈਜੀਗਨੇਟਿਡ ਅਫਸਰ ਡਾ: ਅਨੀਤਾ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਦੁਕਾਨਾਂ ਵਿੱਚ ਐਕਸਪਾਇਰ ਹੋ ਚੁੱਕਿਆ ਖਾਣ ਪੀਣ ਵਾਲਾ ਸਮਾਨ ਨਸ਼ਟ ਕੀਤਾ ਗਿਆ।
ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਦੱਸਿਆ ਕਿ ਕੋਵਿਡ-19 (ਕੋਰੋਨਾ) ਕਰਕੇ ਲੱਗੇ ਲਾਕ ਡਾਊਨ ਕਾਰਨ ਜ਼ਿਲ੍ਹੇ ਦੀਆਂ ਬਹੁਤ ਸਾਰੀਆਂ ਮਠਿਆਈ ਦੀਆਂ ਦੁਕਾਨਾਂ ਅਤੇ ਡੇਅਰੀਆਂ ਬੰਦ ਹੋ ਗਈਆਂ ਸਨ, ਜਿਸ ਕਾਰਨ ਦੁਕਾਨਾਂ ਵਿੱਚ ਪਿਆ ਖਾਣ-ਪੀਣ ਦਾ ਸਮਾਨ ਪੁਰਾਣਾ ਹੋ ਕੇ ਐਕਸਪਾਇਰ ਹੋ ਚੁੱਕਿਆ ਸੀ, ਜਿਸ ਨੂੰ ਨਸ਼ਟ ਕਰਨਾ ਬਹੁਤ ਜ਼ਰੂਰੀ ਸੀ। ਉਨ੍ਹਾਂ ਦੱਸਿਆ ਕਿ ਟੀਮ ਵੱਲੋਂ ਦਿੱਲੀ ਗੇਟ ਫਿਰੋਜ਼ਪੁਰ ਸ਼ਹਿਰ ਵਿੱਚ ਭਗਤ ਦੀ ਦੁਕਾਨ ਵਿੱਚ ਕੋਕ, ਲਿਮਕਾ, ਫਰੂਟੀ ਤੇ ਬੀਕਾਨੇਰ ਸਵੀਟ ਸੋਪ ਮੱਲਵਾਲ ਰੋਡ ਫਿਰੋਜ਼ਪੁਰ ਸ਼ਹਿਰ ਪਾਸੋਂ ਫੈਂਟਾ ਕੋਕ ਅਤੇ ਨਾਵਲ ਟੀ ਸਵੀਟ ਸ਼ੋਪ ਪਾਸੋਂ ਕੋਕ, ਐਪੀ ਜੂਸ, ਵਾਟਰ ਅਤੇ ਜੰਮੂ ਸਵੀਟ ਸੋਪ ਪਾਸੋਂ ਮੱਠੀਆਂ, ਕੋਕ ਆਦਿ ਐਕਸਪਾਇਰ ਹੋ ਚੁੱਕੇ ਸਮਾਨ ਨੂੰ ਨਸ਼ਟ ਕੀਤਾ ਗਿਆ। ਇਸ ਤੋਂ ਇਲਾਵਾ ਕੁੱਝ ਕਰਿਆਨੇ ਦੀਆਂ ਦੁਕਾਨਾਂ ਦੀ ਇੰਨਸਪੈਕਸ਼ਨ ਕੀਤੀ ਗਈ, ਉਨ੍ਹਾਂ ਪਾਸੋਂ ਬਿਸਕੁਟ, ਕੋਕ ਆਦਿ ਸਮਾਨ ਨਸ਼ਟ ਕੀਤਾ ਗਿਆ। ਡੈਜੀਗਨੇਟਿਡ ਅਫਸਰ ਡਾ: ਅਨੀਤਾ ਵੱਲੋ ਸਾਫ਼ ਸਫ਼ਾਈ ਤੇ ਫੂਡ ਸੇਫ਼ਟੀ ਸਟੈਂਡਰਡ ਐਕਟ ਅਤੇ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਨ ਸਬੰਧੀ ਤਾੜਨਾ ਕੀਤੀ ਗਈ।