ਫਿਰੋਜ਼ਪੁਰ, 14 ਮਈ 2020 : ਫਿਰੋਜ਼ਪੁਰ ਦੇ ਪਿੰਡ ਹਾਜੀਵਾਲਾ ਤੋਂ ਅੱਗੇ ਨਹਿਰ ਦੀ ਪੱਟੜੀ ਵਿਖੇ ਪਿਸਤੌਲ ਵਿਖਾ ਕੇ 15 ਹਜ਼ਾਰ ਰੁਪਏ ਅਤੇ ਗੱਡੀ ਦੀ ਚਾਬੀ ਖੋਹਣ ਦੇ ਦੋਸ਼ ਵਿਚ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਿਸ ਨੇ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ 382 ਆਈਪੀਸੀ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਅਮ੍ਰਿਤਪਾਲ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਝੋਕ ਹਰੀਹਰ ਨੇ ਦੋਸ਼ ਲਗਾਇਆ ਕਿ ਬੀਤੀ 13 ਮਈ 2020 ਦੀ ਦੁਪਹਿਰ ਡੇਢ ਵਜੇ ਉਹ ਆਪਣੇ ਚਾਚੇ ਦੇ ਲੜਕੇ ਜਸਕਰਨ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਝੋਕ ਹਰੀਹਰ ਨਾਲ ਕਾਰ ਵਿਜਟਾ ਨੰਬਰ 'ਤੇ ਪਿੰਡ ਭੂਰੇ ਖੁਰਦ ਤੋਂ ਸਬਜ਼ੀ ਦੀ ਪਨੀਰੀ ਲੈਣ ਗਏ ਸੀ ਜੋ ਨਾ ਮਿਲਣ ਕਰਕੇ ਵਾਪਸ ਪਿੰਡ ਨੂੰ ਆ ਰਹੇ ਸੀ, ਜਦ ਉਹ ਪਿੰਡ ਹਾਜੀਵਾਲਾ ਤੋਂ ਅੱਗੇ ਨਹਿਰ ਦੀ ਪੱਟੜੀ ਤੇ ਪਹੁੰਚੇ ਤਾਂ ਤਿੰਨ ਦੋਸ਼ੀਆ ਨੇ ਆਪਣਾ ਮੋਟਰਸਾਈਕਲ ਟੇਢਾ ਖੜਾ ਕੀਤਾ ਹੋਇਆ ਸੀ।
ਅੰਮ੍ਰਿਤਪਾਲ ਸਿੰਘ ਨੇ ਦੋਸ਼ ਲਗਾਇਆ ਕਿ ਉਕਤ ਅਣਪਛਾਤੇ ਵਿਅਕਤੀ ਉਨ੍ਹਾਂ ਨੂੰ ਰੋਕ ਕੇ ਪਿਸਤੌਲ ਦਾ ਡਰਾਵਾ ਦੇ ਇਕ ਮੋਬਾਇਲ ਫੋਨ, 15 ਹਜ਼ਾਰ ਰੁਪਏ ਤੇ ਗੱਡੀ ਦੀ ਚਾਬੀ ਖੋਹ ਲਈ ਤੇ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।