ਅਸ਼ੋਕ ਵਰਮਾ
ਬਠਿੰਡਾ, 14 ਮਈ 2020 - ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਵੱਖ ਵੱਖ ਕਿਸਾਨੀ ਮੰਗਾਂ ਨੂੰ ਲੈ ਕੇ ਯੂਨੀਅਨ ਦੇ ਪੰਜ-ਪੰਜ ਆਗੂਆਂ ਵੱਲੋਂ ਮੂੰਹ ਉੱਤੇ ਹਰੇ ਰੰਗ ਦੀਆਂ ਪੱਟੀਆਂ ਬੰਨ ਕੇ ਅੱਧਾ-ਅੱਧਾ ਘੰਟਾ ਡੀਸੀ ਅਤੇ ਐੱਸ.ਡੀ.ਐੱਮਾਂ ਦੇ ਦਫਤਰਾਂ ਅੱਗੇ ਸੰਕੇਤਕ ਧਰਨੇ ਦੇ ਕੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਦਿੱਤੇ। ਬੀਕੇਯੂ ਲੱਖੋਵਾਲ ਦੇ ਜਰਨਲ ਸਕੱਤਰ ਜਰਨਲ ਸਰੂਪ ਸਿੰਘ ਸਿੱਧੂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਝੋਨਾ ਲਾਉਣ ਦੀ 10 ਜੂਨ ਤਾਰੀਖ ਨੂੰ 1 ਜੂਨ ਕਰੇ, ਪੂਸਾ 44 ਕਿਸਮ ਤੇ ਪਾਬੰਦੀ ਤੁਰੰਤ ਹਟਾਈ ਜਾਵੇ, ਝੋਨਾ ਲਾਉਣ ਲਈ ਮਨਰੇਗਾ ਮਜ਼ਦੂਰ ਦਿੱਤੇ ਜਾਣ, ਕਣਕ ਦੀ ਫਸਲ ਤੇ 25 ਰੁਪਏ ਤੱਕ ਕੌਟਤੀ ਕੱਟ ਵਾਪਸ ਲਿਆ ਜਾਵੇ, ਬਾਸਮਤੀ ਝੋਨੇ, ਮੱਕੀ, ਦਾਲਾਂ ਅਤੇ ਸਬਜ਼ੀਆਂ ਦੇ ਮੁੱਲ ਐਲਾਨੇ ਜਾਣ , ਡਾਕਟਰ ਸੁਵਾਮੀਨਾਥਨ ਕਮੇਟੀ ਦੀ ਰਿਪੋਰਟ ਲਾਗੂ ਕੀਤੀ ਜਾਏ ਅਤੇ ਗੜੇਮਾਰੀ ਤੇ ਅੱਗਾਂ ਲੱਗਣ ਨਾਲ ਕਣਕਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦਾ 40 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਦੇਸ਼ ਲਈ ਅਨਾਜ ਪੈਦਾ ਕਰਨ ਵਾਲੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਇਲਾਜ ਵਾਸਤੇ 50 ਲੱਖ ਰੁਪਏ ਦਾ ਮੁਫਤ ਬੀਮਾ ਕੀਤਾ ਜਾਵੇ ਅਤੇ ਲਾਕਡਾਉਣ ਕਰਕੇ ਕਿਸਾਨ ਕਰਜ਼ੇ ਵਾਲੀਆਂ ਲਿਮਟਾਂ ਸਿਰਫ ਵਿਆਜ ਭਰਾ ਕੇ ਲਿਮਟਾਂ ਅੱਗੇ ਪਾਈਆਂ ਜਾਣ। ਇਸ ਮੌਕੇ ਜਿਲਾ ਪ੍ਰਧਾਨ ਦਾਰਾ ਸਿੰਘ ਮਾਈਸਰਖਾਨਾ, ਜਗਸੀਰ ਸਿੰਘ ਬਰਕੰਦੀ, ਸੁਖਦੇਵ ਸਿੰਘ ਗੰਗਾ ਨਥਾਣਾ, ਸੁਨੀਲ ਕੁਮਾਰ ਸ਼ਹਿਰੀ ਪ੍ਰਧਾਨ ਰਾਮਾਂ, ਕਰਮਜੀਤ ਸਿੰਘ ਜੱਜਲ, ਗੁਰਤੇਜ ਸਿੰਘ ਗੰਗਾ, ਹਰਗੋਬਿੰਦ ਸਿੰਘ, ਰਾਜੂ ਬਰਕੰਦੀ ਵੀ ਮੌਜੂਦ ਸਨ।