ਫਿਰੋਜ਼ਪੁਰ, 14 ਮਈ 2020 : ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਵਿਰੁੱਧ ਲੜਨ 'ਚ ਬੁਰੀ ਤਰ੍ਹਾਂ ਫੇਲ ਹੋਈ ਕਾਂਗਰਸ ਸਰਕਾਰ ਦਾ ਅਫਸਰਸ਼ਾਹੀ ਤੇ ਵਜੀਰਾਂ ਦੇ ਵਿਵਾਦ ਨੇ ਅਸਲੀ ਚਿਹਰਾ ਨੰਗਾ ਕਰ ਦਿੱਤਾ ਹੈ, ਉਥੇ ਆਉਣ ਵਾਲੇ ਸਮੇਂ 'ਚ ਜਿਥੇ ਪਰਵਾਸੀ ਮਜਦੂਰਾਂ ਦੇ ਜਾਣ ਨਾਲ ਉਦਯੋਗਿਕ ਇਕਾਈਆਂ ਦੀ ਹੋਂਦ ਖਤਰੇ ਵਿੱਚ ਹੈ ,ਓਧਰ ਕਿਸਾਨਾਂ ਦੀ ਮਦਦ ਕਰਦੇ ਮਜਦੂਰਾ ਦੀ ਘਾਟ ਆਉਣ ਦੇ ਖਦਸ਼ੇ ਦੇ ਮੱਦੇਨਜ਼ਰ ਕਿਸਾਨਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਦੇ ਫੈਸਲੇ 'ਤੇ ਬੀਜ ਅਤੇ ਮਸ਼ੀਨਰੀ 'ਚ ਹੋ ਰਹੀ ਅੰਨ੍ਹੀ ਲੁੱਟ ਖਸੁੱਟ ਨੂੰ ਰੋਕਣ ਲਈ ਵੀ ਸਰਕਾਰ ਅਸਫਲ ਨਜ਼ਰ ਆ ਰਹੀ ਹੈ, ਜਿਸ 'ਤੇ ਤਰੁੰਤ ਧਿਆਨ ਦੀ ਲੋੜ ਦੀ ਮੰਗ ਕਰਦਿਆਂ ਸ਼ਰੋਮਣੀ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਸਿਆਸੀ ਸਕੱਤਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹਨਾਂ ਦਿਨਾਂ 'ਚ ਜਿਥੇ ਪਹਿਲਾਂ ਕਿਸਾਨ ਝੋਨੇ ਦੀ ਪਨੀਰੀ ਬੀਜਦਾ ਸੀ ,ਉਥੇ ਹੁਣ ਪੰਜਾਬ 'ਚ ਲਾਕਡਾਉਨ ਕਾਰਨ ਮਜਦੂਰਾਂ ਦੀ ਘਾਟ ਕਾਰਨ ਤਕਰੀਬਨ ਚਾਲੀ ਫੀਸਦੀ ਰਕਬੇ ਚ ਝੋਨੇ ਦੀ ਸਿੱਧੀ ਬਿਜਾਈ ਕਰਨ ਨੂੰ ਤਰਜੀਹ ਦੇ ਰਿਹਾ ਹੈ, ਜਿਸ ਨਾਲ ਜਿਥੇ ਝੋਨੇ ਦੇ ਬੀਜ ਦੀ ਜਰੂਰਤ ਜਿਆਦਾ ਵੱਧ ਗਈ ਹੈ ,ਉਥੇ ਡੀ ਐਸ ਆਰ (ਡਾਇਰੈਕਟ ਸੀਡਸ ਰਾਈਸ ) ਮਸ਼ੀਨਾਂ ਦੀ ਮੰਗ ਵੀ ਵਧੀ ਹੈ ,ਜਿਸ ਕਾਰਨ ਕਾਲਾ ਬਜਾਰੀ ਕਰਨ ਵਾਲੇ ਦੁਕਾਨਦਾਰ ਕਿਸਾਨਾਂ ਤੋ ਦੁਗਣੀ ਤਿੱਗੁਣੀ ਰਕਮ ਵਸੂਲ ਕਰ ਰਹੇ ਹਨ। ਜਿਸ ਦਾ ਰੌਲਾ ਪੂਰੇ ਪੰਜਾਬ 'ਚ ਪੈ ਰਿਹਾ ਹੈ। ਜਦ ਕਿ ਹਰ ਸਾਲ 50 ਤੋਂ 55 ਰੁਪਏ ਵਿਕਣ ਵਾਲਾ ਬੀਜ ਬਲੈਕ 'ਚ 90 ਤੋ 100 ਰੁਪਏ ਤੱਕ ਵੇਚਿਆ ਜਾ ਰਿਹਾ ਹੈ, ਦੀਆਂ ਖਬਰਾਂ ਆ ਰਹੀਆਂ ਹਨ। ਬਰਾੜ ਨੇ ਕਿਹਾ ਕਿ ਡੀ ਐਸ ਆਰ ਮਸ਼ੀਨਾਂ ਜੋ ਕਿ 45000 ਰੁਪਏ 'ਚ ਮਿਲ ਜਾਦੀ ਸੀ ਉਸਨੂੰ 75000 ਤੋਂ 80000 ਹਜਾਰ ਤੱਕ ਵੇਚੀ ਜਾ ਰਹੀ ਹੈ, ਜਿਸ ਤੇ ਖੇਤੀਬਾੜੀ ਵਿਭਾਗ ਸਭ ਜਾਣਦਾ ਹੋਇਆ ਵੀ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਸਿਆਸੀ ਸਕੱਤਰ ਨੇ ਕਿਹਾ ਕਿ ਸਰਕਾਰ ਨੂੰ ਤੁਰੰਤ ਭਾਅ ਨਿਸ਼ਚਤ ਕਰਨੇ ਚਾਹੀਦੇ ਹਨ ਤਾਂ ਕਿ ਕਿਸਾਨਾਂ ਨੂੰ ਲੁੱਟ ਤੋਂ ਬਚਾਇਆ ਜਾ ਸਕੇ। ਉਹਨਾਂ ਨੇ ਕਿਸਾਨਾਂ ਵਲੋ ਝੋਨੇ ਦੀ ਸਿੱਧੀ ਬਿਜਾਈ ਕਰਨ ਦੇ ਫੈਸਲੇ ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਸ ਨਾਲ ਜਿਥੇ ਬਹੁਤ ਘੱਟ ਖਰਚ ਆਵੇਗਾ ਉਥੇ ਕੁਦਰਤ ਵਲੋ ਬਖਸ਼ੀ ਪਾਣੀ ਦੀ ਦਾਤ ਦਾ ਵੀ ਬਚਾਅ ਹੋਵੇਗਾ। ਉਹਨਾਂ ਕਿਹਾ ਕਿ ਪੰਜਾਬ ਦੇ ਬਹੁਤੇ ਏਰੀਏ 'ਚ ਝੋਨੇ ਦੀ ਲੁਆਈ ਵੇਲੇ ਪੂਸਾ 44 ਝੋਨੇ ਦੀ ਕਿਸਮ ਨੂੰ ਜਿਆਦਾ ਤਰਜੀਹ ਦਿੱਤੀ ਜਾਦੀ ਜਿਸ ਦਾ ਝਾੜ ਚੰਗਾ ਹੁੰਦਾ ਹੈ। ਸਰਕਾਰ ਵੱਲੋਂ ਉਸ ਦੀ ਖਰੀਦ ਬੰਦ ਕਰਨ ਦੇ ਬਿਆਨ ਨੇ ਠਾਹ ਸੋਟਾ ਮਾਰਦਿਆਂ ਕਿਸਾਨਾਂ ਨੂੰ ਮਹਿੰਗੇ ਭਾਅ ਦੇ ਹੋਰ ਕਿਸਮਾਂ ਦੇ ਬੀਜ ਖਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ,,ਜਦਕਿ ਉਸਦਾ ਬੀਜ ਖੁਦ ਕਿਸਾਨਾਂ ਨੇ ਤਿਆਰ ਕਰਕੇ ਘਰਾਂ ਚ ਰੱਖਿਆ ਹੋਇਆ ਸੀ। ਪਰ ਸਰਕਾਰ ਦੀ ਪਹਿਲਾਂ ਤੋ ਕੋਈ ਵੀ ਸ਼ਪਸ਼ੱਟ ਨੀਤੀ ਨਾ ਹੋਣ ਕਰਕੇ ਵੱਡੀ ਸੱਮਸਿਆ ਪੈਦਾ ਹੋ ਰਹੀ ਹੈ। ਉਹਨਾਂ ਕਿਹਾ ਕਿ ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ,ਉਹਨਾਂ ਵੱਲ ਧਿਆਨ ਦੇਣ ਬਜਾਏ ਇਹ ਸਰਕਾਰ ਸਿਰਫ ਸ਼ਰਾਬ ਨੂੰ ਹੀ ਲੋਕਾਂ ਰੋਜੀ ਰੋਟੀ ਲਈ ਵਰਤਣਾ ਚਾਹੁੰਦੀ ਹੈ।