ਅਸ਼ੋਕ ਵਰਮਾ
ਬਠਿੰਡਾ, 14 ਮਈ। ਬਾਬਾ ਫ਼ਰੀਦ ਕਾਲਜ ਦੇ ਫਿਜ਼ਿਕਸ ਵਿਭਾਗ ਵੱਲੋਂ ‘ਮਾਈਕਰੋਸਾਫ਼ਟ ਆਫ਼ਿਸ ਦੀ ਬੁਨਿਆਦੀ ਜਾਣਕਾਰੀ’ ਬਾਰੇ ਇੱਕ ਆਨਲਾਈਨ ਮਾਹਿਰ ਭਾਸ਼ਣ ਮਾਈਕਰੋਸਾਫ਼ਟ ਟੀਮਜ਼ ਰਾਹੀਂ ਕਰਵਾਇਆ ਗਿਆ। ਇਹ ਭਾਸ਼ਣ ਕਮਲਦੀਪ ਗਰਗ, ਸਹਾਇਕ ਪ੍ਰੋਫੈਸਰ, ਕੰਪਿਊਟਰ ਸਾਇੰਸ ਇੰਜ. ਵਿਭਾਗ, ਚਿਤਕਾਰਾ ਯੂਨੀਵਰਸਿਟੀ, ਚੰਡੀਗੜ੍ਹ ਨੇ ਦਿੱਤਾ । ਇਸ ਭਾਸ਼ਣ ਵਿੱਚ ਐਮ. ਐਸ. ਸੀ. (ਫਿਜ਼ਿਕਸ), ਬੀ. ਐਸ. ਸੀ. (ਆਨਰਜ਼ ਫਿਜ਼ਿਕਸ) ਅਤੇ ਬੀ.ਐਸ.ਸੀ.(ਨਾਨ-ਮੈਡੀਕਲ) ਦੇ ਕੁੱਲ 85 ਵਿਦਿਆਰਥੀਆਂ ਅਤੇ ਫਿਜ਼ਿਕਸ ਵਿਭਾਗ ਦੇ ਸਾਰੇ ਫੈਕਲਟੀ ਮੈਂਬਰਾਂ ਨੇ ਸਰਗਰਮੀ ਨਾਲ ਹਿੱਸਾ ਲਿਆ । ਸੈਸ਼ਨ ਦੀ ਸ਼ੁਰੂਆਤ ਵਿੱਚ ਫਿਜ਼ਿਕਸ ਵਿਭਾਗ ਦੇ ਸਹਾਇਕ ਪ੍ਰੋਫੈਸਰ ਸ੍ਰੀ ਸਾਹਿਲ ਗੁਪਤਾ ਨੇ ਮਹਿਮਾਨ ਮਾਹਿਰ ਅਤੇ ਵਿਦਿਆਰਥੀਆਂ ਦਾ ਰਸਮੀ ਸਵਾਗਤ ਕੀਤਾ।
ਮੁੱਖ ਬੁਲਾਰੇ ਕਮਲਦੀਪ ਗਰਗ ਨੇ ਵਿਦਿਆਰਥੀਆਂ ਨੂੰ ਮਾਈਕਰੋਸਾਫ਼ਟ ਆਫ਼ਿਸ ਦੇ ਬੁਨਿਆਦੀ ਗਿਆਨ ਅਤੇ ਰੋਜ਼ਾਨਾ ਜ਼ਿੰਦਗੀ ਵਿੱਚ ਇਸ ਦੀ ਵਰਤੋਂ ਦੀ ਸੰਭਾਵਨਾ ਬਾਰੇ ਪੁੱਛ ਕੇ ਆਪਣੀ ਗੱਲਬਾਤ ਸ਼ੁਰੂ ਕੀਤੀ। ਉਨਾਂ ਨੇ ਐਕਸਲ, ਵਰਡ ਅਤੇ ਪਾਵਰ ਪੁਆਇੰਟ ਦੀ ਵਰਤੋਂ ਨੂੰ ਇੱਕ-ਇੱਕ ਕਰ ਕੇ ਵਿਭਿੰਨ ਢੰਗਾਂ ਅਤੇ ਸ਼ਾਰਟਕੱਟ ਨਾਲ ਪ੍ਰਦਰਸ਼ਿਤ ਕੀਤਾ ਜਿਸ ਨਾਲ ਵਿਦਿਆਰਥੀ ਵਧੇਰੇ ਕੁਸ਼ਲ ਬਣ ਸਕਦੇ ਹਨ। ਮਾਈਕਰੋਸਾਫ਼ਟ ਆਫ਼ਿਸ ਦੀ ਸਿੱਖਿਆ ਵਿਦਿਆਰਥੀਆਂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਚਾਰ ਅਤੇ ਸਹਿਯੋਗ ਕਰਨ, ਸਾਂਝੀਆਂ ਕੰਮ ਵਾਲੀਆਂ ਥਾਵਾਂ ’ਤੇ ਅਸਾਈਨਮੈਂਟ ਕਰਨ, ਵਨਨੋਟ ਵਿੱਚ ਸਮਕਾਲੀ ਨੋਟਸ ਪ੍ਰਾਪਤ ਕਰਨ ਅਤੇ ਵਰਡ, ਪਾਵਰ ਪੁਆਇੰਟ ਅਤੇ ਐਕਸਲ ਜਿਹੀਆਂ ਆਫ਼ਿਸ ਐਪਲੀਕੇਸ਼ਨਾਂ ਦੀ ਕਿਸੇ ਵੀ ਥਾਂ ਅਤੇ ਕਿਸੇ ਵੀ ਸਮੇਂ ’ਤੇ ਕਿਸੇ ਵੀ ਉਪਕਰਨ ਵਿੱਚ ਵਰਚੂਅਲ ਵਰਤੋਂ ਕਰਨ ਦੇ ਯੋਗ ਬਣਾਇਆ ਹੈ।
ਮਾਹਿਰ ਨੇ ਇਸ ਖੇਤਰ ਵਿਚ ਆਪਣੇ ਵਿਸ਼ਾਲ ਗਿਆਨ ਨੂੰ ਸਾਂਝਾ ਕਰ ਕੇ ਵਿਦਿਆਰਥੀਆਂ ਨੂੰ ਆਪਣੀ ਪੜਾਈ ਵਿਚ ਸਭ ਤੋਂ ਵਧੀਆ ਕਰਨ ਲਈ ਪ੍ਰੇਰਿਤ ਕੀਤਾ ਜਿਸ ਨਾਲ ਭਵਿੱਖ ਵਿੱਚ ਉਨਾਂ ਦੇ ਕੈਰੀਅਰ ਵਿੱਚ ਸੁਧਾਰ ਹੋਵੇਗਾ । ਉਨਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਆਪਣੇ ਟੀਚਿਆਂ ‘ਤੇ ਕੇਂਦਰਿਤ ਰਹਿਣ ਲਈ ਕਿਹਾ ਤਾਂ ਜੋ ਉਹ ਆਪਣੀ ਜ਼ਿੰਦਗੀ ਦੀਆਂ ਮੰਜ਼ਿਲਾਂ ਨੂੰ ਪ੍ਰਾਪਤ ਕਰ ਸਕਣ। ਸਵਾਲ-ਜਵਾਬ ਦੇ ਸਿਲਸਿਲੇ ਦੌਰਾਨ ਮਾਹਿਰ ਨੇ ਪੁੱਛੇ ਗਏ ਪ੍ਰਸ਼ਨਾਂ ਦਾ ਤਸੱਲੀਬਖ਼ਸ਼ ਜਵਾਬ ਦੇ ਕੇ ਵਿਦਿਆਰਥੀਆਂ ਦੀ ਹਰ ਸ਼ੰਕਾ ਦਾ ਸਮਾਧਾਨ ਕੀਤਾ। ਵਿਦਿਆਰਥੀਆਂ ਲਈ ਇਹ ਭਾਸ਼ਣ ਬਹੁਤ ਹੀ ਲਾਭਦਾਇਕ ਰਿਹਾ। ਅੰਤ ਵਿੱਚ ਫਿਜ਼ਿਕਸ ਵਿਭਾਗ ਦੇ ਮੁਖੀ ਡਾ. ਸੁਧੀਰ ਮਿੱਤਲ ਨੇ ਇਸ ਭਾਸ਼ਣ ਵਿੱਚ ਸ਼ਾਮਲ ਮਾਹਿਰ ਅਤੇ ਵਿਦਿਆਰਥੀਆਂ ਲਈ ਧੰਨਵਾਦੀ ਸ਼ਬਦ ਕਹੇ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਬਾਬਾ ਫ਼ਰੀਦ ਕਾਲਜ ਦੇ ਪਿ੍ਰੰਸੀਪਲ ਡਾ. ਪ੍ਰਦੀਪ ਕੌੜਾ ਨੇ ਅਜਿਹੇ ਜਾਣਕਾਰੀ ਭਰਪੂਰ ਭਾਸ਼ਣ ਦਾ ਆਯੋਜਨ ਕਰਨ ਲਈ ਕਾਲਜ ਦੇ ਫਿਜ਼ਿਕਸ ਵਿਭਾਗ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।