ਅਸ਼ੋਕ ਵਰਮਾ
ਬਠਿੰਡਾ, 14 ਮਈ 2020 - ਸਰਕਾਰੀ ਸਕੂਲਾਂ ਦੇ ਲਾਇਬ੍ਰੇਰੀ ਤੇ ਲੈਬਾਰਟਰੀ ਸਟਾਫ ਨੇ ਸਰਕਾਰ ਦੀ ਨਵੀਂ ਤਬਾਦਲਾ ਨੀਤੀ ਦਾ ਵਿਰੋਧ ਕੀਤਾ ਹੈ। ਸਰਕਾਰੀ ਸਕੂਲਜ ਲੈਬਾਰਟਰੀ ਸਟਾਫ ਯੂਨੀਅਨ ਪੰਜਾਬ ਦੀ ਜਿਲ੍ਹਾ ਇਕਾਈ ਬਠਿੰਡਾ ਦੇ ਪ੍ਰਧਾਨ ਗੁਰਵਿੰਦਰ ਸੰਧੂ ਨੇ ਦੱਸਿਆ ਕਿ ਲਾਇਬ੍ਰੇਰੀ ਤੇ ਲੈਬਾਰਟਰੀ ਸਟਾਫ ਨਾਨ-ਟੀਚਿੰਗ ਸਟਾਫ ਲਈ ਬਣੀ ਨਵੀਂ ਤਬਾਦਲਾ ਨੀਤੀ ਨੂੰ ਰੱਦ ਕਰਦਾ ਹੈ। ਲੈਬਾਰਟਰੀ ਸਟਾਫ ਯੂਨੀਅਨ ਦੇ ਜਿਲਾ ਪ੍ਰਧਾਨ ਗੁਰਵਿੰਦਰ ਸੰਧੂ ਨੇ ਕਿਹਾ ਕਿ ਲਾਇਬ੍ਰੇਰੀ ਤੇ ਲੈਬਾਰਟਰੀ ਸਟਾਫ ਦੇ ਸਾਥੀ ਸਕੂਲਾਂ ਵਿੱਚ ਲਾਇਬ੍ਰੇਰੀ ਤੇ ਸਾਇੰਸ ਲੈਬ ਨੂੰ ਵਧੀਆ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ ਤੇ ਆਪਣੀ ਜੇਬ ਵਿਚੋਂ ਵੀ ਪੈਸੇ ਖਰਚ ਕਰਦੇ ਹਨ, ਪਰ ਨਵੀਂ ਤਬਾਦਲਾ ਨੀਤੀ ਨਾਲ ਉਨਾਂ ਦਾ ਇਹ ਕੰਮ ਕਰਨ ਦਾ ਹੌਂਸਲਾ ਟੁੱਟ ਜਾਵੇਗਾ।
ਸਕੂਲ ਲਾਇਬ੍ਰੇਰੀ ਸਟਾਫ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਸ਼ੋਕ ਸ਼ਰਮਾਂ ਨੇ ਦੱਸਿਆ ਕਿ ਨਵੀਂ ਨੀਤੀ ਅਨੁਸਾਰ ਹਰ ਕਰਮਚਾਰੀ ਦੀ 5 ਸਾਲ ਬਾਅਦ ਲਾਜ਼ਮੀ ਤੌਰ ‘ਤੇ ਬਦਲੀ ਕੀਤੀ ਜਾਵੇਗੀ ਜੋ ਕਿ ਸਰਾਸਰ ਗ਼ਲਤ ਹੈ। ਉਨਾਂ ਕਿਹਾ ਕਿ ਇਹ ਨੀਤੀ ਵਿਭਾਗ ਦੇ ਸਿਰਫ਼ ਨਾਨ-ਟੀਚਿੰਗ ਸਟਾਫ ‘ਤੇ ਹੀ ਲਾਗੂ ਕੀਤੀ ਗਈ ਹੈ ਜੋ ਕਿ ਬਹੁਤ ਹੈਰਾਨੀ ਵਾਲੀ ਗੱਲ ਹੈ। ਇਨਾਂ ਆਗੂਆਂ ਨੇ ਦੱਸਿਆ ਕਿ ਲਾਇਬ੍ਰੇਰੀ ਤੇ ਲੈਬਾਰਟਰੀ ਸਟਾਫ ਦੇ ਬਣ ਰਹੇ ਸਾਂਝੇ ਫਰੰਟ ਦੀਆਂ ਹੋਰ ਮੰਗਾਂ ਦੇ ਨਾਲ ਇਸ ਤਬਾਦਲਾ ਨੀਤੀ ਨੂੰ ਰੱਦ ਕਰਵਾਉਣ ਲਈ ਵੀ ਸੰਘਰਸ਼ ਕੀਤਾ ਜਾਵੇਗਾ।
ਇਸ ਮੀਟਿੰਗ ਵਿੱਚ ਲੈਬਾਰਟਰੀ ਸਟਾਫ ਯੂਨੀਅਨ ਦੇ ਜਿਲ੍ਹਾ ਸਕੱਤਰ ਟਿੰਕੂ ਚਾਵਲਾ, ਜਿਲਾ ਮੀਤ ਪ੍ਰਧਾਨ ਗੁਰਮੀਤ ਸਿੰਘ ਸਲਾਬਤਪੁਰਾ, ਜਿਲਾ ਵਿੱਤ ਸਕੱਤਰ ਲਖਵਿੰਦਰ ਸਿੰਘ ਮੌੜ, ਜਿਲ੍ਹਾ ਸਹਾਇਕ ਸਕੱਤਰ ਗੁਰਜੀਤ ਸਿੰਘ ਅਤੇ ਲਾਇਬ੍ਰੇਰੀ ਸਟਾਫ ਯੂਨੀਅਨ ਦੇ ਜਿਲ੍ਹਾ ਜਨਰਲ ਸਕੱਤਰ ਮਨਦੀਪ ਗਰਗ, ਜਿਲ੍ਹਾ ਖਜ਼ਾਨਚੀ ਵੀਨਸ ਗਰਗ, ਸਾਬਕਾ ਜਿਲਾ ਪ੍ਰਧਾਨ ਗੁਰਮੇਲ ਸਿੰਘ ਆਦਿ ਹਾਜ਼ਰ ਸਨ।