ਮਨਿੰਦਰਜੀਤ ਸਿੱਧੂ
ਜੈਤੋ, 14 ਮਈ 2020 - ਕੋਰੋਨਾ ਵਾਇਰਸ ਦੀ ਰੋਕਥਾਮ ਲਈ ਸਰਕਾਰ ਵੱਲੋਂ ਲਗਾਏ ਕਰਫ਼ਿਊ ਨੂੰ ਲਗਭਗ 2 ਮਹੀਨੇ ਹੋ ਗਏ ਹਨ। ਇਹਨਾਂ 2 ਮਹੀਨਿਆਂ ਦੌਰਾਨ ਲੋਕਾਂ ਦੇ ਕਾਰੋਬਾਰ ਪੂਰੀ ਤਰ੍ਹਾਂ ਨਾਲ ਠੱਪ ਹੋਏ ਪਏ ਹਨ। ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਅਡਵਾਈਜਰੀਆਂ ਜਾਰੀ ਕੀਤੀਆਂ ਗਈ ਹਨ। ਜਿਹਨਾਂ ਵਿੱਚੋਂ ਇੱਕ ਅਡਵਾਈਜਰੀ ਉਹਨਾਂ ਨੂੰ ਲੋਕਾਂ ਨੂੰ ਕੀਤੀ ਗਈ ਜਿਨ੍ਹਾਂ ਦੀਆਂ ਦੁਕਾਨਾਂ ਜਾਂ ਮਕਾਨਾਂ ਵਿੱਚ ਲੋਕ ਕਿਰਾਏ ਉੱਪਰ ਬੈਠੇ ਹਨ। ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਸੀ ਕਿ ਉਹਨ ਆਪਣੀ ਦੁਕਾਨ ਜਾਂ ਮਕਾਨ ਵਿੱਚ ਬੈਠੇ ਕਿਰਾਏਦਾਰ ਤੋਂ ਕਿਰਾਇਆ ਨਾ ਵਸੂਲ ਕਰਨ, ਸਰਕਾਰ ਦਾ ਇਹ ਕਥਨ ਸੀ ਕਿ ਕਾਰੋਬਾਰ ਬੰਦ ਹੋਣ ਕਰਕੇ ਲੋਕਾਂ ਲਈ ਗੁਜ਼ਾਰਾ ਕਰਨਾ ਮੁਸ਼ਕਿਲ ਹੋਇਆ ਪਿਆ ਹੈ ਜਿਸ ਲਈ ਇਸ ਔਕੜ ਦੀ ਘੜੀ ਵਿੱਚ ਲੋਕ ਇਨਸਾਨੀਅਤ ਨਾਤੇ ਆਪਣੇ ਕਿਰਾਏਦਾਰਾਂ ਦੇ ਕਿਰਾਏ ਮੁਆਫ਼ ਕਰਕੇ ਇਸ ਮੁਸ਼ਕਿਲ ਸਮੇਂ ਵਿੱਚ ਉਹਨਾਂ ਦਾ ਸਹਾਰਾ ਬਣਨ।
ਇਹ ਗੱਲ ਸਰਕਾਰ ਨੇ ਆਮ ਲੋਕਾਂ ਲਈ ਤਾਂ ਕਹਿ ਦਿੱਤੀ ਪਰ ਸਰਕਾਰ ਖੁਦ ਆਪਣੇ ਅਧੀਨ ਆਉਂਦੀਆਂ ਨਗਰ ਨਿਗਮ, ਨਗਰ ਕੌਂਸ਼ਲ ਅਤੇ ਨਗਰ ਪੰਚਾਇਤਾਂ ਦੇ ਕਿਰਾਏ ਮੁਆਫ਼ ਕਰਨ ਤੋਂ ਮੁਨਕਰ ਹੈ। ਜੇਕਰ ਸਰਕਾਰ ਆਪਣੇ ਆਪ ਨੂੰ ਲੋਕ ਹਿਤੈਸ਼ੀ ਦੱਸਦੀ ਹੈ ਅਤੇ ਸੱਚੇ ਦਿਲ ਨਾਲ ਚਾਹੁੰਦੀ ਹੈ ਕਿ ਲੋਕ ਆਪਣੇ ਕਿਰਾਏਦਾਰ ਦੇ ਕਿਰਾਏ ਮੁਆਫ਼ ਕਰਨ ਤਾਂ ਸਰਕਾਰ ਨੂੰ ਇਹ ਪਹਿਲ ਕਰਦੇ ਹੋਏ ਆਪਣੇ ਨਗਰ ਨਿਗਮ, ਨਗਰ ਕੌਂਸ਼ਲ ਅਤੇ ਨਗਰ ਪੰਚਾਇਤਾਂ ਦੁਕਾਨਦਾਰਾਂ ਦੇ ਕਿਰਾਏ ਮੁਆਫ਼ ਕਰਨੇ ਚਾਹੀਦੇ ਹਨ। ਇਸ ਸਬੰਧੀ ਜਮੀਨੀ ਪੱਧਰ ਤੇ ਲੋਕਾਂ ਤੋਂ ਉਹਨਾਂ ਦੇ ਵਿਚਾਰ ਅਤੇ ਇਸ ਵਿਸ਼ੇ ਸਬੰਧੀ ਉਹਨਾਂ ਦੀਆਂ ਮੰਗਾਂ ਜਾਨਣ ਲਈ ਸਾਡੇ ਵੱਲੋਂ ਕੁੱਝ ਦੁਕਾਨਦਾਰਾਂ ਅਤੇ ਰਾਜਸੀ ਲੋਕਾਂ ਨਾਲ ਮਿਲਕੇ ਖੋਜ਼ ਭਰਪੂਰ ਰਿਪੋਰਟ ਤਿਆਰ ਕਰਨ ਦਾ ਯਤਨ ਕੀਤਾ ਗਿਆ।
1. ਸਰਕਾਰ ਮੁਆਫ਼ ਕਰੇ ਦੁਕਾਨਾਂ ਦੇ ਕਿਰਾਏ- ਪਵਨ ਕੁਮਾਰ
ਪਵਨ ਕੁਮਾਰ ਜੋ ਇੱਕ ਦੁਕਾਨਦਾਰ ਹੈ ਦਾ ਕਹਿਣਾ ਹੈ ਕਿ ਪਿਛਲੇ 2 ਮਹੀਨਿਆਂ ਤੋਂ ਕਰਫ਼ਿਊ ਦੀ ਵਜ੍ਹਾ ਨਾਲ ਸਾਡੇ ਕਾਰੋਬਾਰ ਠੱਪ ਪਏ ਹਨ ਅਸੀਂ ਸਰਕਾਰ ਤੋਂ ਕੋਈ ਮੁਆਵਜਾ ਜਾਂ ਹੋਰ ਸਹੂਲਤ ਨਹੀਂ ਮੰਗਦੇ ਪਰ ਸਰਕਾਰ ਸਾਡੀਆਂ ਦੁਕਾਨਾਂ ਦੇ ਕਿਰਾਏ ਮੁਆਫ਼ ਕਰੇ। ਅਸੀਂ ਸਰਕਾਰ ਦੀਆਂ ਹਦਾਇਤਾਂ ਦੀਆਂ ਪਾਲਣਾ ਕਰਦੇ ਹੋਏ ਕੰਮ ਠੱਪ ਹੋਣ ਦੇ ਬਾਵਜੂਦ ਵੀ ਆਪਣੇ ਮੁਲਾਜਮਾਂ ਨੂੰ ਪੂਰੀਆਂ ਤਨਖਾਹਾਂ ਦੇ ਰਹੇ ਹਾਂ।
2. ਸਰਕਾਰ ਨੇ ਦੁਕਾਨਦਾਰਾਂ ਨੂੰ ਕੀਤਾ ਅੱਖੋਂ ਪਰੋਖੇ- ਅੰਕੁਸ਼ ਬਾਂਸਲ
ਅੰਕੁਸ਼ ਬਾਂਸਲ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਦੁਕਾਨਦਾਰਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਸਰਕਾਰ ਨੂੰ ਪਤਾ ਹੈ ਕਿ ਲੋਕਾਂ ਦੇ ਕਾਰੋਬਾਰ ਠੱਪ ਹੋਏ ਪਏ ਹਨ। ਸਰਕਾਰ ਬਾਕੀ ਖਿੱਤੇ ਦੇ ਲੋਕਾਂ ਨੂੰ ਤਾਂ ਸਹਲਤਾਂ ਦੇ ਰਹੀ ਹੈ ਪਰ ਸਰਕਾਰ ਦਾ ਦੁਕਾਨਦਾਰਾਂ ਵੱਲ ਉੱਕਾ ਧਿਆਨ ਨਹੀਂ ਹੈ। ਸਰਕਾਰ ਨੂੰ ਨਗਰ ਕੌਂਸਲ ਅਧੀਨ ਆਉਂਦੀਆਂ ਦੁਕਾਨਾਂ ਦੇ ਕਿਰਾਏ ਮੁਆਫ਼ ਕਰਨੇ ਚਾਹੀਦੇ ਹਨ।
3. ਪੰਜਾਬ ਸਰਕਾਰ ਨੂੰਂ ਤੁਰੰਤ ਆਪਣੇ ਅਧੀਨ ਆਉਂਦੇ ਵਪਾਰਕ ਅਦਾਰਿਆਂ ਦੇ ਕਿਰਾਏ ਮੁਆਫ਼ ਕਰਨੇ ਚਾਹੀਦੇ ਹਨ- ਸੂਬਾ ਸਿੰਘ ਬਾਦਲ
ਸ੍ਰੋਮਣੀ ਅਕਾਲੀ ਦਲ ਵਿਧਾਨ ਸਭਾ ਹਲਕਾ ਜੈਤੋ ਦੇ ਇੰਚਾਰਜ਼ ਸੂਬਾ ਸਿੰਘ ਬਾਦਲ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੂਜਿਆਂ ਨੂੰ ਤਾਂ ਮੱਤਾਂ ਦੇ ਰਹੀ ਹੈ ਕਿ ਉਹ ਆਪਣੇ ਕਿਰਾਏਦਾਰਾਂ ਦੇ ਕਿਰਾਏ ਮੁਆਫ਼ ਕਰਨ ਪਰ ਸਰਕਾਰ ਖੁਦ ਆਪਣੇ ਅਧੀਨ ਆਉਂਦੇ ਵਪਾਰਕ ਅਦਾਰਿਆਂ ਦੇ ਕਿਰਾਏ ਮੁਆਫ਼ ਨਹੀਂ ਕਰ ਰਹੀ। ਸਰਕਾਰ ਦਾ ਫ਼ਰਜ ਹੁੰਦਾ ਹੈ ਕਿ ਉਹ ਆਪਣੇ ਸੂਬੇ ਵਿੱਚ ਰਹਿੰਦੇ ਹਰੇਕ ਵਰਗ ਦਾ ਖਿਆਲ ਰੱਖੇ, ਪਰ ਪੰਜਾਬ ਸਰਕਾਰ ਦੁਕਾਨਦਾਰਾਂ ਨਾਲ ਮਤਰੇਈ ਮਾਂ ਵਾਲਾ ਵਿਵਹਾਰ ਕਰ ਰਹੀ ਹੈ। ਸਰਕਾਰ ਨੂੰ ਤੁਰੰਤ ਆਪਣੇ ਅਧੀਨ ਆਉਂਦੇ ਵਪਾਰਕ ਅਦਾਰਿਆਂ ਦੇ ਕਿਰਾਏ ਮੁਆਫ ਕਰੇ।
4. ਪੰਜਾਬ ਸਰਕਾਰ ਹਰ ਫਰੰਟ ਤੇ ਫੇਲ੍ਹ- ਬਲਵਿੰਦਰ ਸਿੰਘ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕਾਮਰੇਡ ਬਲਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ਤੋਂ ਫੇਲ੍ਹ ਹੋ ਚੁੱਕੀ ਹੈ।ਕੋਰੋਨਾ ਮਹਾਂਮਾਰੀ ਦੌਰਾਨ ਸੂਬੇ ਦੇ ਸਿਹਤ ਪ੍ਰਬੰਧਾਂ ਦੀ ਪੋਲ ਖੁੱਲ ਕੇ ਜੱਗ ਜਾਹਰ ਹੋ ਚੁੱਕੀ ਹੈ। ਲੋਕਾਂ ਦੀਆਂ ਮੁੱਢਲੀਆਂ ਜਰੂਰਤਾਂ ਪੂਰੀਆਂ ਕਰਨ ਵਿੱਚ ਵੀ ਸਰਕਾਰ ਅਸਮਰੱਥ ਦਿਖਾਈ ਦਿੱਤੀ ਹੈ। ਜੇਕਰ ਅਸੀਂ ਨਗਰ ਕੌਸਲ ਦੀਆਂ ਦੁਕਾਨਾਂ ਦੇ ਕਿਰਾਏ ਮੁਆਫ਼ ਕਰਨ ਦੀ ਗੱਲ ਕਰੀਏ ਤਾਂ ਇਹ ਸਰਕਾਰ ਨੂੰ ਖੁਦ ਹੀ ਹੁਣ ਤੱਕ ਮੁਆਫ਼ ਕਰ ਦੇਣੇ ਚਾਹੀਦੇ ਸਨ। ਇਸ ਨਾਲ ਕਰਫ਼ਿਊ ਦੌਰਾਨ ਠੱਪ ਹੋਏ ਕਾਰੋਬਾਰਾਂ ਦੇ ਝੰਬੇ ਦੁਕਾਨਦਾਰਾਂ ਨੂੰ ਕੁੱਝ ਰਾਹਤ ਮਿਲਦੀ।
5. ਲੋਕਾਂ ਦੀ ਇਸ ਮੰਗ ਨੂੰ ਸਰਕਾਰ ਤੱਕ ਪਹੁੰਚਾਇਆ ਜਾਵੇਗਾ- ਪਵਨ ਗੋਇਲ
ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਅਤੇ ਜਿਲ੍ਹਾ ਯੋਜਨਾ ਬੋਰਡ ਫਰੀਦਕੋਟ ਦੇ ਚੇਅਰਮੈਨ ਪਵਨ ਗੋਇਲ ਨੇ ਕਿਹਾ ਕਿ ਅਸੀਂ ਲੋਕਾਂ ਦੀ ਸਰਕਾਰੀ ਦੁਕਾਨਾਂ ਦੇ ਕਿਰਾਏ ਮੁਆਫ਼ ਕਰਨ ਦੀ ਮੰਗ ਨੂੰ ਸਰਕਾਰ ਤੱਕ ਜਲਦ ਤੋਂ ਜਲਦ ਪਹੁੰਚਾਵਾਂਗੇ। ਸਾਨੂੰ ਪਤਾ ਹੈ ਕਿ ਇਸ ਲਾਕ-ਡਾਊਨ ਦੌਰਾਨ ਦੁਕਾਨਦਾਰਾਂ ਦੀ ਆਰਥਿਕ ਹਾਲਤ ਬਹੁਤ ਪਤਲੀ ਹੋ ਗਈ ਹੈ। ਦੁਕਾਨਦਾਰਾਂ ਲਈ ਗੁਜ਼ਾਰਾ ਕਰਨ ਮੁਸ਼ਕਿਲ ਹੋਇਆ ਪਿਆ ਹੈ। ਅਸੀਂ ਸਰਕਾਰ ਨਾਲ ਗੱਲਬਾਤ ਕਰਕੇ ਲੋਕਾਂ ਨੂੰ ਕੁੱਝ ਨਾ ਕੁੱਝ ਰਾਹਤ ਜਰੂਰ ਪਹੁੰਚਾੳੇੁਣ ਦੀ ਕੋਸ਼ਿਸ ਕਰਾਂਗੇ।