ਗੁਰਦਾਸਪੁਰ, 14 ਮਈ 2020: ਸਿਵਲ ਹਸਪਤਾਲ ਗੁਰਦਾਸਪੁਰ ਦੇ ਆਈਸੋਲੇਸ਼ਨ ਵਾਰਡ ਵਿਚ ਪਿਛਲੇ 15 ਦਿਨਾਂ ਤੋਂ ਦਾਖ਼ਲ 05 ਕੋਰੋਨਾ ਪੀੜਤਾਂ ਦੀ ਦੂਸਰੀ ਰਿਪੋਰਟ ਵੀ ਅੱਜ ਨੈਗੇਟਿਵ ਆਉਣ 'ਤੇ ਉਨਾਂ ਨੂੰ ਛੁੱਟੀ ਦੇ ਦਿੱਤੀ ਗਈ। ਮਰੀਜ਼ਾਂ ਨੂੰ ਛੁੱਟੀ ਮਿਲਣ ਮੌਕੇ ਸ. ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਮੰਤਰੀ ਨੇ ਘਰ ਪਰਤ ਰਹੇ ਸ਼ਰਧਾਲੂਆਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਸ. ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ, ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ, ਸਵਰਨਦੀਪ ਸਿੰਘ ਐਸ.ਐਸ.ਪੀ, ਡਾ. ਸਤਨਾਮ ਸਿੰਘ ਨਿੱਜਰ ਚੇਅਰਮੈਨ, ਜ਼ਿਲਾ ਪਲਾਨਿੰਗ ਕਮੇਟੀ ਗੁਰਦਾਸਪੁਰ, ਸ. ਤੇਜਿੰਦਰਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ (ਜ) ਅਤੇ ਚੇਅਰਮੈਨ ਐਡਵੋਕੈਟ ਬਲਜੀਤ ਸਿੰਘ ਪਾਹੜਾ ਵੀ ਮੋਜੂਦ ਸਨ।
ਕੈਬਨਿਟ ਮੰਤਰੀ ਸ. ਰੰਧਾਵਾ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਖੁਸ਼ੀ ਵਾਲਾ ਦਿਨ ਹੈ ਕਿ 05 ਸ਼ਰਧਾਲੂ ਕੋਰੋਨਾ ਵਾਇਰਸ ਵਿਰੁੱਧ ਜੰਗ ਜਿੱਤ ਕੇ ਆਪਣੇ ਘਰਾਂ ਨੂੰ ਪਰਤੇ ਹਨ ਅਤੇ ਇਸ ਔਖੀ ਘੜੀ ਵਿਚ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੀਤੀ ਗਈ ਦਿਨ-ਰਾਤ ਮਿਹਨਤ ਦੀ ਭਰਪੂਰ ਸ਼ਲਾਘਾ ਕਰਨੀ ਬਣਦੀ ਹੈ, ਜਿਨਾਂ ਨੇ ਪੂਰੀ ਮਿਹਨਤ ਤੇ ਹਿੰਮਤ ਨਾਲ ਕੋਰੋਨਾ ਵਾਇਰਸ ਤੋਂ ਬਚਾਅ ਲਈ ਕਾਰਜ ਕੀਤੇ। ਉਨਾਂ ਆਈਸੋਲੇਸ਼ਨ ਵਾਰਡ ਵਿਚ ਤਾਇਨਾਤ ਮੈਡੀਕਲ ਅਤੇ ਪੈਰਾ ਮੈਡੀਕਲ ਟੀਮ ਨੂੰ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ। ਉਨਾਂ ਬਾਕੀ ਮਰੀਜ਼ਾਂ ਦੇ ਵੀ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ।
ਇਸ ਮੌਕੇ ਵਿਧਾਇਕ ਪਾਹੜਾ ਨੇ ਵੀ ਘਰਾਂ ਨੂੰ ਪਰਤ ਰਹੇ ਮਰੀਜਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਕੋਵਿਡ-19 ਨਾਲ ਪੀੜਤ ਸਾਰੇ ਸਿਹਤਯਾਬ ਹੋ ਕੇ ਜਲਦੀ ਘਰਾਂ ਨੂੰ ਪਰਤਣ। ਉਨਾਂ ਕਿਹਾ ਕਿ ਜਿਲਾ ਪ੍ਰਸ਼ਾਸਨ ਦੀ ਪੂਰੀ ਟੀਮ ਨੇ ਪੀੜਤਾਂ ਦੀ ਹਰ ਸੁੱਖ ਸਹੂਲਤ ਦਾ ਖਿਆਲ ਰੱਖਿਆ ਅਤੇ ਉਨਾਂ ਵੀ ਜਿਲਾ ਪ੍ਰਸ਼ਾਸਨ ਨਾਲ 24 ਘੰਟੇ ਰਾਬਤਾ ਬਣਾ ਕੇ ਰੱਖਿਆ ਹੋਇਆ ਹੈ ਤਾਂ ਜੋ ਸਾਰਿਆਂ ਦੇ ਸਹਿਯੋਗ ਨਾਲ ਇਸ ਬਿਮਾਰੀ ਤੋਂ ਬਚਿਆ ਜਾ ਸਕੇ।
ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਅੱਜ 05 ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਦੂਸਰੀ ਰਿਪੋਰਟ ਨੈਗਟਿਵ ਆਈ ਹੈ ਤੇ ਉਹ ਆਪਣੇ ਘਰਾਂ ਨੂੰ ਪਰਤੇ ਹਨ, ਜੋ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ। ਉਨਾਂ ਨੇ ਦੱਸਿਆ ਕਿ 04 ਪੀੜਤ ਸ਼ਰਧਾਲੂ ਇਕੋ ਪਰਿਵਾਰ ਨਾਲ ਸਬੰਧਿਤ ਪਿੰਡ ਦੋਸਤਪੁਰ ਦੇ ਹਨ ਅਤੇ 01 ਪੀੜਤ (ਡਰਾਈਵਰ) ਪਿੰਡ ਉਦੋਵਾਲੀ ਦਾ ਵਸਨੀਕ ਹੈ। ਨਾਲ ਹੀ ਉਨਾਂ ਦੱਸਿਆ ਕਿ ਅੱਜ ਘਰ ਨੂੰ ਪਰਤ ਰਹੇ ਇਕੋ ਪਰਿਵਾਰ ਦੇ 04 ਪੀੜਤਾਂ ਦੇ ਨਾਲ ਉਨਾਂ ਦਾ 5 ਸਾਲ ਦਾ ਬੇਟਾ ਵੀ ਹੈ, ਜੋ ਉਨਾਂ ਦੇ ਨਾਲ ਰਹਿ ਰਿਹਾ ਸੀ , ਜਿਸਦੀ ਰਿਪੋਰਟ ਨੈਗਟਿਵ ਸੀ। ਉਨਾਂ ਦੱਸਿਆ ਕਿ ਪਰਮਾਤਮਾ ਦੀ ਮਿਹਰ ਸਦਕਾ ਇਹ 5 ਸਾਲਾ ਬੱਚਾ ਲਗਾਤਾਰ ਆਪਣੇ ਮਾਂ-ਪਿਓ ਨਾਲ ਰਹਿ ਰਿਹਾ ਸੀ ਤੇ ਮਾਂ-ਪਿਓ ਕੋਰੋਨਾ ਪੀੜਤ ਸਨ ਪਰ ਬੱਚੇ ਦੀ ਰਿਪੋਰਟ ਨੈਗਟਿਵ ਸੀ ਅਤੇ ਬੱਚੇ ਦੀ ਹਰ ਵਾਰੀ ਰਿਪੋਰਟ ਨੈਗਟਿਵ ਹੀ ਆਈ ਸੀ। ਉਨਾਂ ਘਰ ਪਰਤ ਰਹੇ ਸ਼ਰਧਾਲੂਆਂ ਅਤੇ 5 ਸਾਲਾ ਬੱਚੇ ਨੂੰ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜਿਲੇ ਅੰਦਰ 123 ਕੋਰੋਨਾ ਪੀੜਤਾਂ ਵਿਚੋਂ ਇਕ ਪੀੜਤ ਦੀ ਮੋਤ ਹੋ ਚੁੱਕੀ ਹੈ। ਅੱਜ 05 ਪੀੜਤਾਂ ਦੀ ਰਿਪੋਰਟ ਨੈਗਟਿਵ ਆਉਣ ਕਰਕੇ 117 ਪੀੜਤ ਬਾਕੀ ਹਨ। ਪਰ ਉਨਾਂ ਵਿਚੋਂ ਵੀ 20 ਪੀੜਤਾਂ ਦੀ ਰਿਪੋਰਟ ਨੈਗਟਿਵ ਆ ਗਈ ਹੈ ਅਤੇ ਕੱਲ• ਉਨਾਂ ਦੀ ਦੂਸਰੀ ਰਿਪੋਰਟ ਆਵੇਗੀ। ਉਨ•ਾਂ ਵਿਸ਼ਵਾਸ ਨਾਲ ਕਿਹਾ ਕਿ ਅਗਲੇ 4-5 ਦਿਨਾਂ ਤਕ ਸਾਰੇ ਪੀੜਤ ਪਰਮਾਤਮਾ ਦੀ ਕ੍ਰਿਪਾ ਸਦਕਾ ਆਪਣੇ ਘਰਾਂ ਨੂੰ ਪਰਤਣਗੇ।
ਉਨਾਂ ਜਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਰਫਿਊ ਦੋਰਾਨ ਘਰਾਂ ਵਿਚ ਰਹਿਣ ਨੂੰ ਤਰਜੀਹ ਅਤੇ ਜਰੂਰੀ ਕੰਮ ਕਰਕੇ ਬਾਹਰ ਆਉਣ ਸਮੇਂ ਮਾਸਰਕ ਜਰੂਰ ਪਹਿਨਣ ਅਤੇ ਸ਼ੋਸਲ ਡਿਸਟੈਂਸ ਮੈਨਟੇਨ ਕਰਕੇ ਰੱਖਣ। ਉਨਾਂ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਰਫਿਊ ਦੋਰਾਨ ਜਿਸ ਹਦਾਇਤਾਂ ਤਹਿਤ ਰਾਹਤ ਦਿੱਤੀ ਹੈ, ਉਸੇ ਤਹਿਤ ਨਿਰਧਾਰਿਤ ਦਿਨਵਾਰ ਦੁਕਾਨਾਂ ਖੋਲ•ਣ ਅਤੇ ਮਾਸਕ ਜਰੂਰ ਪਹਿਨਣ ਅਤੇ ਸ਼ੋਸਲ ਡਿਸਟੈਂਸ ਨੂੰ ਮੈਨਟੇਨ ਕਰਕੇ ਰੱਖਿਆ ਜਾਵੇ।
ਇਸ ਮੌਕੇ ਘਰਾਂ ਨੂੰ ਪਰਤ ਰਹੇ ਸ਼ਰਧਾਲੂਆਂ ਨੇ ਜ਼ਿਲਾ ਪ੍ਰਸ਼ਾਸਨ ਦੀ ਪੂਰੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਦ ਦੇ ਉਹ ਤਖਤ ਸ੍ਰੀ ਹਜੂਰ ਸਾਹਿਬ, ਨਾਂਦੇੜ ਤੋਂ ਗੁਰਦਾਸਪੁਰ ਪਰਤੇ ਹਨ, ਉਨਾਂ ਦੀ ਹਰ ਸੁੱਖ ਸਹੂਲਤ ਦਾ ਵਿਸ਼ੇਸ ਖਿਆਲ ਰੱਖਿਆ ਜਾ ਰਿਹਾ ਸੀ ਤੇ ਉਨਾਂ ਨੂੰ ਇਥੇ ਕੋਈ ਮੁਸ਼ਕਿਲ ਨਹੀਂ ਆਈ ਹੈ। ਉਨਾਂ ਕਿਹਾ ਕਿ ਡਾਕਟਰਾਂ ਦੀ ਟੀਮ ਸਮੇਤ ਪੂਰਾ ਸਟਾਫ ਉਨਾਂ ਦਾ ਪੂਰੇ ਪਿਆਰ ਨਾਲ ਖਿਆਲ ਰੱਖਦਾ ਸੀ ਅਤੇ ਅੋਰਤਾਂ ਤੇ ਬੱਚਿਆਂ ਦੀ ਹਰ ਲੋੜੀਦੀ ਜਰੂਰਤ ਪੂਰੀ ਕੀਤੀ ਗਈ। ਉਨਾਂ ਦੱਸਿਆ ਕਿ ਖਾਣੇ ਤੋਂ ਇਲਾਵਾ ਦੁੱਧ, ਦਹੀਂ, ਲੱਸੀ, ਜੂਸ ਅਤੇ ਫਲ ਆਦਿ ਖਾਣ ਨੂੰ ਦਿੱਤੇ ਜਾਂਦੇ ਸਨ।
ਇਸ ਮੌਕੇ ਸਰਵ ਸ੍ਰੀ ਸਕੱਤਰ ਸਿੰਘ ਬੱਲ ਐਸ.ਡੀ.ਐਮ ਗੁਰਦਾਸਪੁਰ, ਰਮਨ ਕੋਛੜ ਸਹਾਇਕ ਕਮਿਸ਼ਨਰ-ਕਮ-ਐਸ.ਡੀ.ਐਮ ਗੁਰਦਾਸਪੁਰ , ਡਾ. ਕਿਸ਼ਨ ਚੰਦ ਸਿਵਲ ਸਰਜਨ, ਡਾ. ਚੇਤਨਾ ਐਸ.ਐਮ.ਓ, ਤਰਸੇਮ ਲਾਲ ਨਾਇਬ ਤਹਿਸੀਲਦਾਰ, ਡਾ. ਮਨਜਿੰਦਰ ਸਿੰਘ , ਕੰਵਲਜੀਤ ਸਿੰਘ ਟੋਨੀ, ਸ. ਭੰਮਰਾ ਜੀ ਆਦਿ ਮੋਜੂਦ ਸਨ।