ਅਸ਼ੋਕ ਵਰਮਾ
ਬਠਿੰਡਾ, 14 ਮਈ 2020 - ਪੰਜਾਬ ਸਰਕਾਰ ਦੀਆਂ ਸੋਧੀਆਂ ਹਦਾਇਤਾਂ ਦੇ ਮੱਦੇਨਜਰ ਬਠਿੰਡਾ ਜ਼ਿਲ੍ਹੇ ਵਿੱਚ ਦੁਕਾਨਾਂ ਖੋਲ੍ਹਣ ਸਬੰਧੀ ਪੁਰਾਣੇ ਹੁਕਮਾਂ ਵਿਚ ਸੋਧ ਕਰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਨੇ ਨਵੇਂ ਹੁਕਮ ਜਾਰੀ ਕੀਤੇ ਹਨ। ਜ਼ਿਲਾ ਮੈਜਿਸਟ੍ਰੇਟ ਸ਼੍ਰੀ ਬੀ. ਸ੍ਰੀਨਿਵਾਸਨ ਵਲੋਂ ਜਾਰੀ ਨਵੇਂ ਹੁਕਮਾਂ ਅਨੁਸਾਰ ਹੁਣ ਦੁਕਾਨਾਂ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਖੁੱਲ੍ਹਣਗੀਆਂ ਅਤੇ ਇਹ ਦੁਕਾਨਾਂ ਹਫ਼ਤੇ ਦੇ ਸੱਤੋਂ ਦਿਨ ਭਾਵ ਸੋਮਵਾਰ ਤੋਂ ਐਤਵਾਰ ਤੱਕ ਖੁੱਲ੍ਹ ਸਕਣਗੀਆਂ।
ਪਰ ਇਸ ਦੌਰਾਨ ਕੁਝ ਖਾਸ ਸ਼੍ਰੇਣੀ ਦੀਆਂ ਦੁਕਾਨਾਂ ਅਤੇ ਅਦਾਰੇ ਹਾਲੇ ਵੀ ਬੰਦ ਰਹਿਣਗੇ। ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਸੁਪਰ ਸਟੋਰ ਜਿਵੇਂ ਕਿ ਰਿਲਾਇੰਸ, ਬੈਸਟ ਪ੍ਰਾਈਸ, ਵਿਸ਼ਾਲ ਮੈਗਾ ਮਾਰਟ, ਬਿੱਗ ਬਜਾਰ, ਇਜੀ ਡੇਅ ਨੂੰ ਖੁੱਲ੍ਹਣ ਦੀ ਆਗਿਆ ਨਹੀਂ ਦਿੱਤੀ ਗਈ ਹੈ ਪਰ ਇਹ ਘਰਾਂ ਵਿਚ ਸਮਾਨ ਦੀ ਹੋਮ ਡਲੀਵਰੀ ਦੇ ਸਕਣਗੇ।
ਇਸੇ ਤਰ੍ਹਾਂ ਸਾਰੇ ਮਾਲਜ਼, ਢਾਬੇ, ਰੈਸਟੋਂਰੈਂਟ, ਕਲੱਬ, ਹੋਟਲ, ਇਟਿੰਗ ਪੁਆਇੰਟ, ਅਹਾਤੇ, ਜਿੰਮ, ਸਪੋਰਟ ਕੰਪਲੈਕਸ, ਸਵੀਮਿੰਗ ਪੂਲ, ਬਾਰਬਰ ਸ਼ਾਪ, ਬਿਊਟੀ ਸਲੂਨ, ਥਿਏਟਰ, ਇੰਟਰਟੇਨਮੈਂਟ ਪਾਰਕ, ਹੋਸਪਟਿਲੀਟੀ ਸਰਵਿਸਜ਼, ਬਾਰ ਇਸ ਦੌਰਾਨ ਪਹਿਲਾਂ ਦੀ ਤਰਾਂ ਬੰਦ ਰਹਿਣਗੇ।
ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਆਮ ਜਨਤਾ ਲਈ ਦੋਪਹੀਆ ਜਾਂ ਚਾਰ ਪਹੀਆ ਵਾਹਨਾਂ ਦੀ ਵਰਤੋਂ ਤੇ ਰੋਕ ਹੋਵੇਗੀ ਪਰ ਦੁਕਾਨਦਾਰ ਆਪਣੇ ਵਾਹਨ ਤੇ ਸਵੇਰੇ 6 ਤੋਂ ਸਵੇਰੇ 8 ਵਜੇ ਤੱਕ ਜਾ ਸਕਦੇ ਹਨ ਅਤੇ ਸ਼ਾਮ 5 ਤੋਂ 7 ਵਜੇ ਤੱਕ ਘਰ ਵਾਪਸ ਆ ਸਕਦੇ ਹਨ। ਬਾਕੀ ਕਿਸੇ ਵੀ ਸਮੇਂ ਵਾਹਨਾਂ ਦੀ ਆਵਾਜਾਈ ਨੂੰ ਕਰਫਿਊ ਦੀ ਉਲੰਘਣਾ ਮੰਨਿਆ ਜਾਵੇਗਾ।
ਇਸ ਸਬੰਧੀ ਹੋਰ ਹਦਾਇਤਾਂ ਜਾਰੀ ਕਰਦਿਆਂ ਜਿ਼ਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਆਮ ਲੋਕ ਕੇਵਲ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਹੀ ਦੁਕਾਨਾਂ ਤੋਂ ਖਰੀਦਦਾਰੀ ਕਰ ਸਕਣਗੇ ਅਤੇ ਇਸ ਤੋਂ ਬਾਅਦ ਸਭ ਨੂੰ ਘਰਾਂ ਅੰਦਰ ਜਾਣਾ ਹੋਵੇਗਾ।ਘਰ ਤੋਂ ਬਾਹਰ ਆਉਣ ਸਮੇਂ ਮਾਸਕ ਲਾਜ਼ਮੀ ਪਾਓ ਅਤੇ ਦਸਤਾਨੇ, ਹੱਥ ਧੋਣ ਅਤੇ ਸੈਨੇਟਾਈਜਰ ਦੀ ਵਰਤੋਂ ਅਤੇ ਆਪਸੀ ਦੂਰੀ ਦਾ ਹਰ ਕੋਈ ਖਿਆਲ ਰੱਖੇ।
ਕਿਸੇ ਨੂੰ ਵੀ ਬੇਕਰੀ ਜਾਂ ਹੋਰ ਦੁਕਾਨ ਤੇ ਬੈਠਕੇ ਖਾਣਾ ਖਾਣ ਦੀ ਆਗਿਆ ਨਹੀਂ ਹੋਵੇਗੀ ਅਤੇ ਖਰੀਦਦਾਰੀ ਕਰਕੇ ਤੁਰੰਤ ਘਰ ਮੁੜ ਜਾਓ। ਦੁਕਾਨਦਾਰਾਂ ਨੂੰ ਅਪੀਲ ਹੈ ਕਿ ਉਹ ਇਸ ਸਮੇਂ ਘਰੋ ਘਰੀ ਸਪਲਾਈ ਨੂੰ ਉਤਸਾਹਿਤ ਕਰਨ। ਦੁਕਾਨਦਾਰ ਆਪਣੀਆਂ ਦੁਕਾਨਾਂ ਬਾਹਰ 1 ਮੀਟਰ ਦੇ ਵਕਫੇ ਤੇ ਸਰਕਲ ਲਗਾਉਣਗੇ ਤਾਂ ਜ਼ੋ ਗ੍ਰਾਹਕਾਂ ਵਿਚ ਸਮਾਜਿਕ ਦੂਰੀ ਬਣਾਈ ਰੱਖੀ ਜਾ ਸਕੇ। ਦੁਕਾਨਦਾਰ ਇਹ ਵੀ ਯਕੀਨੀ ਬਣਾਉਣਗੇ ਕਿ ਉਨ੍ਹਾਂ ਨੇ ਖੁਦ ਤੇ ਸਟਾਫ ਨੇ ਮਾਸਕ ਪਾਇਆ ਹੋਵੇ ਅਤੇ ਉਹ ਅਜਿਹੇ ਕਿਸੇ ਵਿਅਕਤੀ ਨੂੰ ਸਮਾਨ ਨਹੀਂ ਵੇਚਣਗੇ ਜਿਸ ਨੇ ਮਾਸਕ ਨਾ ਪਾਇਆ ਹੋਵੇ।
ਹਰੇਕ ਦੁਕਾਨਦਾਰ ਹੈਂਡ ਸਾਇਨੇਟਾਇਜਰ ਰੱਖੇਗਾ ਤਾਂ ਜ਼ੋ ਦੁਕਾਨ ਵਿਚ ਆਉਣ ਵਾਲਾ ਹਰ ਗ੍ਰਾਹਕ ਤੇ ਦੁਕਾਨਦਾਰ ਇਸ ਨਾਲ ਹੱਥ ਸਾਫ ਕਰ ਸਕੇ। ਕੋਈ ਵੀ ਗ੍ਰਾਹਕ ਦੁਕਾਨ ਵਿਚ ਰੱਖੀ ਕਿਸੇ ਵਸਤ ਜਾਂ ਹੋਰ ਚੀਜ ਨੂੰ ਛੂਹੇ ਨਾ।ਦੁਕਾਨਦਾਰ ਗ੍ਰਾਹਕ ਨੂੰ ਡਿਜਟਿਲ ਤਰੀਕੇ ਨਾਲ ਭੁਗਤਾਨ ਕਰਨ ਲਈ ਉਤਸਾਹਿਤ ਕਰੇ।ਨਗਦੀ ਦੇ ਭੁਗਤਾਨ ਬਾਅਦ ਗ੍ਰਾਹਕ ਅਤੇ ਦੁਕਾਨਦਾਰ ਦੋਨੋਂ ਹੱਥ ਅਲਕੋਹਲ ਵਾਲੇ ਸੈਨੇਟਾਈਜਰ ਨਾਲ ਸਾਫ ਕਰਨ। ਇੰਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।