ਰਜਨੀਸ਼ ਸਰੀਨ
- ਤਕਨੀਕੀ ਕਾਰਨਾਂ ਕਾਰਨ ਸੇਵਾਵਾਂ ਰੈਗੂਲਰ ਹੋਣ ਤੋਂ ਰਹਿ ਗਏ 8886 ਅਧਿਆਪਕਾਂ ਦੀਆਂ ਸੇਵਾਵਾਂ ਤੁਰੰਤ ਰੈਗੂਲਰ ਕੀਤੀਆਂ ਜਾਣ - ਜੀ ਟੀ ਯੂ
ਮੋਹਾਲੀ, 15 ਮਈ 2020 - ਸਿੱਖਿਆ ਵਿਭਾਗ ਵੱਲੋਂ ਕਰੋਨਾ ਮਹਾਂਮਾਰੀ ਦੇ ਕਾਰਨ ਮਾਰਚ 2020 ਵੀ ਵਿੱਚ ਲਈ ਜਾ ਰਹੀ ਦਸਵੀਂ ਅਤੇ ਬਾਰ੍ਹਵੀਂ ਦੀ ਪ੍ਰੀਖਿਆ ਵਿਚਕਾਰ ਹੀ ਰੋਕ ਦੇਣੀ ਪਈ ਜਿਸ ਕਾਰਨ ਲੱਖਾਂ ਹੀ ਵਿਦਿਆਰਥੀਆਂ ਦਾ ਭਵਿੱਖ ਦਾਅ ਤੇ ਲੱਗ ਗਿਆ ਹੈ। ਭਾਰਤ ਸਰਕਾਰ ਵੱਲੋਂ ਕੀਤੇ ਗਏ ਲੋਕ-ਡਾਊਨ ਅਤੇ ਪੰਜਾਬ ਸਰਕਾਰ ਵੱਲੋਂ ਲਗਾਏ ਕਰਫਿਊ ਦੇ ਚਲਦਿਆਂ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਕਿ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪ੍ਰੀ ਬੋਰਡ ਪ੍ਰੀਖਿਆਵਾਂ ਦੇ ਆਧਾਰ ਤੇ ਪਾਸ ਕੀਤਾ ਜਾਣਾ ਹੈ, ਜੋ ਕਿ ਵਿਦਿਆਰਥੀਆਂ ਦੀ ਮਿਹਨਤ ਤੇ ਪਾਣੀ ਫਿਰਨ ਬਰਾਬਰ ਹੈ। ਪਰ ਮਾਰਚ 2019 ਵਿੱਚ ਦਸਵੀਂ ਜਮਾਤ ਵਿੱਚੋਂ ਰੀ-ਅਪੀਅਰ ਵਾਲੇ ਵਿਦਿਆਰਥੀਆਂ, ਜਿਨ੍ਹਾਂ ਦੀ ਸਤੰਬਰ 2019 ਵਿੱਚ ਰੀ-ਅਪੀਅਰ ਕਲੀਅਰ ਨਹੀਂ ਹੋਈ ਸੀ, ਉਨ੍ਹਾਂ ਨੇ ਦੂਜੇ ਮੌਕੇ ਤਹਿਤ ਮਾਰਚ 2020 ਵਿੱਚ ਪ੍ਰੀਖਿਆ ਦੇਣੀ ਸੀ, ਬਾਰੇ ਸਿੱਖਿਆ ਵਿਭਾਗ ਕੋਈ ਸਥਿਤੀ ਸਪੱਸ਼ਟ ਨਹੀਂ ਕਰ ਸਕਿਆ। ਜਿਸ ਕਾਰਨ ਹਜ਼ਾਰਾਂ ਵਿਦਿਆਰਥੀ ਬਾਰ੍ਹਵੀਂ ਜਮਾਤ ਵਿੱਚ ਦਾਖਲਾ ਲੈਣ ਤੋਂ ਵਾਂਝੇ ਰਹਿ ਗਏ ਹਨ। ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸ: ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ, ਜਿਲ੍ਹਾ ਸਕੱਤਰ ਬਿਕਰਮਜੀਤ ਸਿੰਘ ਰਾਹੋਂ, ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ, ਸੋਹਣ ਸਿੰਘ, ਨਰਿੰਦਰ ਸਿੰਘ, ਦੇਸ ਰਾਜ ਬੱਜੋਂ, ਬਲਜੀਤ ਸਿੰਘ, ਮੋਹਣ ਲਾਲ, ਜਸਵੀਰ ਸਿੰਘ ਦੌਲਤਪੁਰੀ, ਰਜੇਸ਼ ਰਹਿਪਾ, ਬਲਕਾਰ ਸਿੰਘ, ਰੇਸ਼ਮ ਲਾਲ ਆਦਿ ਨੇ ਸਾਂਝੇ ਬਿਆਨ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਰੀ-ਅਪੀਅਰ ਵਾਲੇ ਵਿਦਿਆਰਥੀਆਂ, ਬਾਰ੍ਹਵੀਂ ਜਮਾਤ ਦੇ ਰੈਗੂਲਰ ਵਿਦਿਆਰਥੀਆਂ ਅਤੇ ਓਪਨ ਪ੍ਰਣਾਲੀ ਤਹਿਤ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਦੇ ਰਹੇ ਵਿਦਿਆਰਥੀਆਂ ਬਾਰੇ ਸਿੱਖਿਆ ਵਿਭਾਗ ਜਲਦੀ ਸਥਿਤੀ ਸਪੱਸ਼ਟ ਕਰੇ ਤਾਂ ਜੋ ਵਿਦਿਆਰਥੀਆਂ ਦੇ ਮਨਾਂ ਵਿੱਚ ਬਣੀ ਦੁਵਿਧਾ ਖਤਮ ਹੋ ਸਕੇ। ਆਗੂਆਂ ਨੇ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਲੰਬੇ ਸੰਘਰਸ਼ ਤੋਂ ਬਾਅਦ ਐੱਸ ਐੱਸ ਏ / ਰਮਸਾ ਦੇ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਹੋਈਆਂ ਹਨ, ਪਰ ਤਕਨੀਕੀ ਕਾਰਨਾਂ ਕਰਕੇ ਕੁਝ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਨਹੀਂ ਹੋ ਸਕੀਆਂ। ਉਨ੍ਹਾਂ ਸਿੱਖਿਆ ਮੰਤਰੀ ਤੋਂ ਮੰਗ ਕਰਦਿਆਂ ਕਿਹਾ ਕਿ ਰੈਗੂਲਰ ਹੋਣ ਤੋਂ ਰਹਿ ਗਏ ਇਨ੍ਹਾਂ ਅਧਿਆਪਕਾਂ ਦੀਆਂ ਸੇਵਾਵਾਂ ਤੁਰੰਤ ਰੈਗੂਲਰ ਕੀਤੀਆਂ ਜਾਣ।