- ਰੇਲਵੇ ਸਟੇਸ਼ਨ ਪੁੱਜਣ 'ਤੇ ਪਰਵਾਸੀ ਮਜ਼ਦੂਰਾਂ ਨੂੰ ਫੂਡ ਪੈਕੇਟ, ਪਾਣੀ ਦੀਆਂ ਬੋਤਲਾਂ ਅਤੇ ਫੇਸ ਮਾਸਕ ਵੀ ਕਰਵਾਏ ਗਏ ਉਪਲੱਬਧ
ਫਿਰੋਜ਼ਪੁਰ, 15 ਮਈ 2020 - ਮਾਲਵਾ ਖੇਤਰ ਦੇ ਜ਼ਿਲ੍ਹਿਆਂ ਬਠਿੰਡਾ, ਬਰਨਾਲਾ, ਮਾਨਸਾ, ਮੋਗਾ, ਫ਼ਰੀਦਕੋਟ, ਮੁਕਤਸਰ, ਫ਼ਾਜ਼ਿਲਕਾ, ਫਿਰੋਜਪੁਰ ਅਤੇ ਤਰਨਤਾਰਨ ਦੇ 1188 ਪਰਵਾਸੀ ਮਜ਼ਦੂਰਾਂ ਨੂੰ ਲੈ ਕੇ ਫਿਰੋਜਪੁਰ ਕੈੰਟ ਰੇਲਵੇ ਸਟੇਸ਼ਨ ਤੋਂ ਦੂਜੀ ਸ਼ਰਮਿਕ ਐਕਸਪ੍ਰੈਸ ਸ਼ੁੱਕਰਵਾਰ ਦੁਪਹਿਰ 2 ਵਜੇ ਯੂ.ਪੀ. ਦੇ ਜ਼ਿਲ੍ਹੇ ਅਮੇਠੀ ਲਈ ਰਵਾਨਾ ਹੋਈ। ਇਸ ਟ੍ਰੇਨ ਵਿਚ ਅਯੋਧਿਆ ਡਿਵੀਜ਼ਨ ਦੇ ਜ਼ਿਲ੍ਹੇ ਅਯੁੱਧਿਆ, ਬਾਰਾਬਾਂਕੀ, ਸੁਲਤਾਨਪੁਰ, ਅੰਬੇਡਕਰ ਨਗਰ ਅਤੇ ਅਮੇਠੀ ਨਾਲ ਸੰਬੰਧਿਤ ਪਰਵਾਸੀ ਮਜ਼ਦੂਰਾਂ ਨੂੰ ਯੂ.ਪੀ. ਵਾਪਸ ਭੇਜਿਆ ਗਿਆ ਹੈ। ਇਸ ਟ੍ਰੇਨ ਨੂੰ ਫਿਰੋਜਪੁਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਕੁਲਵੰਤ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤੀ।
ਉਨ੍ਹਾਂ ਦੱਸਿਆ ਕਿ ਟ੍ਰੇਨ ਦਾ ਸਾਰਾ ਖ਼ਰਚ 6.12 ਲੱਖ ਰੁਪਏ ਪੰਜਾਬ ਸਰਕਾਰ ਵੱਲੋਂ ਚੁੱਕਿਆ ਗਿਆ ਹੈ ਅਤੇ ਫਿਰੋਜਪੁਰ ਕੈਟ ਰੇਲਵੇ ਸਟੇਸ਼ਨ ਤੋਂ ਚਲਨ ਵਾਲੀ ਇਹ ਦੂਜੀ ਟ੍ਰੇਨ ਹੈ। ਇਸ ਤੋਂ ਪਹਿਲਾਂ ਵੀਰਵਾਰ ਸ਼ਾਮ ਨੂੰ ਵੀ ਇੱਕ ਟ੍ਰੇਨ ਯੂ.ਪੀ. ਦੇ ਜ਼ਿਲ੍ਹੇ ਕਾਨਪੁਰ ਲਈ ਰਵਾਨਾ ਕੀਤੀ ਗਈ ਸੀ, ਜਿਸ ਉੱਤੇ ਵੀ ਕੁਲ ਕਰੀਬ 6 ਲੱਖ ਰੁਪਏ ਦਾ ਖ਼ਰਚ ਆਇਆ ਸੀ। ਇਸ ਤਰ੍ਹਾਂ ਹੁਣ ਤਕ ਦੋ ਟ੍ਰੇਨਾਂ 2400 ਕੇ ਕਰੀਬ ਪਰਵਾਸੀ ਮਜ਼ਦੂਰਾਂ ਨੂੰ ਲੈ ਜਾ ਚੁੱਕੀਆਂ ਹਨ, ਜਿਨ੍ਹਾਂ ਦੇ ਸੰਚਾਲਨ ਤੇ ਕੁੱਲ 12 ਲੱਖ ਰੁਪਏ ਦੀ ਰਾਸ਼ੀ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਖ਼ਰਚ ਕੀਤੀ ਜਾ ਚੁੱਕੀ ਹੈ।
ਪੰਜਾਬ ਸਰਕਾਰ ਵੱਲੋਂ ਕੀਤੇ ਗਏ ਉਪਰਾਲਿਆਂ ਪ੍ਰਤਿ ਧੰਨਵਾਦ ਕਰਨ ਲਈ ਟ੍ਰੇਨ ਦੀ ਰਵਾਨਗੀ ਵੇਲੇ ਅੰਦਰ ਬੈਠੇ ਸਾਰੇ ਪਰਵਾਸੀ ਮਜ਼ਦੂਰਾਂ ਨੇ ਤਾੜੀਆਂ ਵਜਾ ਕੇ ਸਰਕਾਰ ਦਾ ਧੰਨਵਾਦ ਕੀਤਾ। ਮਜ਼ਦੂਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਹੀ ਉਹ ਇਸ ਔਖੀ ਘੜੀ ਵਿਚ ਆਪਣੇ ਘਰ ਪਰਤ ਰਹੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤੀਸਰੀ ਟ੍ਰੇਨ ਸ਼ੁੱਕਰਵਾਰ ਰਾਤ ਨੂੰ 7 ਵਜੇ ਰਵਾਨਾ ਹੋਵੇਗੀ ਅਤੇ ਚੌਥੀ ਅਤੇ ਪੰਜਵੀਂ ਟ੍ਰੇਨ ਸ਼ਨੀਵਾਰ ਨੂੰ ਦੁਪਹਿਰ 2 ਵਜੇ ਤੇ 7 ਵਜੇ ਰਵਾਨਾ ਹੋਣਗੀਆਂ। ਇਸ ਤੋਂ ਇਲਾਵਾ ਹੋਰ ਟ੍ਰੇਨਾੰ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਸ਼੍ਰੀ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਸਾਰੇ ਪਰਵਾਸੀ ਮਜ਼ਦੂਰਾਂ ਨੇ ਵਾਪਸ ਆਪਣੇ ਘਰ ਪਰਤਣ ਲਈ ਪੰਜਾਬ ਸਰਕਾਰ ਦੇ ਪੋਰਟਲ ਉੱਤੇ ਰਜਿਸਟਰੇਸ਼ਨ ਕਰਵਾਇਆ ਸੀ ਅਤੇ ਇਨ੍ਹਾਂ ਨੂੰ ਯਾਤਰਾ ਲਈ ਐਸਐਮਐਸ ਦੇ ਜ਼ਰੀਏ ਯਾਤਰਾ ਬਾਰੇ ਸੂਚਨਾ ਭੇਜੀ ਗਈ ਸੀ।
ਸਾਰੇ ਮੁਸਾਫ਼ਰਾਂ ਨੂੰ ਪਹਿਲਾਂ ਬੱਸਾਂ ਦੇ ਜਰੀਏ ਫਿਰੋਜਪੁਰ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੀ ਸਿਹਤ ਜਾਂਚ ਲਈ ਉਨ੍ਹਾਂ ਨੂੰ ਵੱਖ-ਵੱਖ ਥਾਵਾਂ ਉੱਤੇ ਲੈ ਜਾਇਆ ਗਿਆ। ਮੈਡੀਕਲ ਟੀਮਾਂ ਵੱਲੋਂ ਸਿਹਤ ਜਾਂਚ ਕਰਨ ਦੇ ਬਾਅਦ ਮਜ਼ਦੂਰਾਂ ਨੂੰ ਫਿਰੋਜਪੁਰ ਕੈਂਟ ਰੇਲਵੇ ਸਟੇਸ਼ਨ ਲੈ ਜਾਇਆ ਗਿਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੈਡੀਕਲ ਸਕਰੀਨਿੰਗ ਤੋਂ ਲੈ ਕੇ ਮੁਸਾਫ਼ਰਾਂ ਨੂੰ ਟ੍ਰੇਨ ਤੱਕ ਪਹੁੰਚਾਉਣ ਲਈ ਖ਼ਾਸ ਇੰਤਜ਼ਾਮ ਕੀਤੇ ਗਏ ਸਨ, ਖ਼ਾਸਕਰ ਸੋਸ਼ਲ ਡਿਸਟੇਂਸਿੰਗ ਨੂੰ ਲੈ ਕੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ।
ਉਨ੍ਹਾਂ ਦੱਸਿਆ ਕਿ ਸਾਰੇ ਪ੍ਰਬੰਧਾਂ ਨੂੰ ਸਿਰੇ ਚੜ੍ਹਾਉਣ ਲਈ ਐਸਡੀਐਮ ਸ਼੍ਰੀ ਅਮਿਤ ਗੁਪਤਾ, ਸਹਾਇਕ ਕਮਿਸ਼ਨਰ ਸ਼੍ਰੀ ਕੰਵਰਜੀਤ ਸਿੰਘ ਸਮੇਤ ਕਈ ਅਧਿਕਾਰੀਆਂ ਦੀ ਇੱਕ ਹਾਈ ਲੈਵਲ ਕਮੇਟੀ ਬਣਾਈ ਗਈ ਸੀ, ਜਿਨ੍ਹੇ ਇਸ ਟ੍ਰੇਨ ਨੂੰ ਲੈ ਕੇ ਪੁਖ਼ਤਾ ਇੰਤਜ਼ਾਮ ਕੀਤੇ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੈਂਟ ਰੇਲਵੇ ਸਟੇਸ਼ਨ ਉੱਤੇ ਵੀ ਪਰਵਾਸੀ ਮਜ਼ਦੂਰਾਂ ਲਈ ਵਿਵਸਥਾ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਉਪਲਬਧ ਕਰਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੇ ਮਜ਼ਦੂਰਾਂ ਨੂੰ ਫੂਡ ਪੈਕੇਟ, ਪਾਣੀ ਦੀਆਂ ਬੋਤਲਾਂ, ਫੇਸ ਮਾਸਕ ਵੀ ਉਪਲੱਬਧ ਕਰਵਾਏ ਗਏ, ਨਾਲ ਹੀ ਸੋਸ਼ਲ ਡਿਸਟੇਂਸਿੰਗ ਨੂੰ ਲੈ ਕੇ ਜਾਗਰੂਕ ਵੀ ਕੀਤਾ ਗਿਆ।