ਅਸ਼ੋਕ ਵਰਮਾ
ਬਠਿੰਡਾ, 15 ਮਈ 2020 - ਸ਼ਿਵਸੈਨਾ ਹਿੰਦੋਸਤਾਨ ਨੇ ਪੰਜਾਬ ਸਰਕਾਰ ਤੋਂ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਲੱਗੇ ਕਰਫਿਊ ਤੇ ਲੌਕਡਾਉਨ ਵਾਲੇ ਦਿਨਾਂ ਦੇ ਬਿਜਲੀ ਬਿਲ ਮੁਆਫ ਕਰਨ ਦੀ ਮੰਗ ਕੀਤੀ ਹੈ ਪਾਰਟੀ ਦੇ ਸੰਗਠਨ ਮੰਤਰੀ ਸੁਸੀਲ ਜਿੰਦਲ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੂਰੇ ਵਿਸ਼ਵ ਵਿੱਚ ਕੋਰੋਨਾ ਵਾਇਰਸ ਨੇ ਤਰਥੱਲੀ ਮਚਾ ਰੱਖੀ ਹੈ ਅਤੇ ਇਸ ਕਾਰਨ ਲੋਕ ਆਪਣੇ ਘਰਾਂ ਵਿੱਚ ਰਹਿਣ ਲਈ ਮਜਬੂਰ ਹਨ।
ਉਨ੍ਹਾਂ ਕਿਹਾ ਕਿ ਸਰਕਾਰਾਂ ਦੇ ਇਸ ਫੈਸਲੇ ’ਤੇ ਲੋਕ ਘਰਾਂ ਅੰਦਰ ਬੈਠੇ ਹਨ ਅਤੇ ਉਨਾਂ ਦੇ ਕਾਰੋਬਾਰਾਂ ਦੀ ਫਿਰਕੀ ਤਾਂ ਘੁੰਮਣੋਂ ਬੰਦ ਹੋ ਗਈ ਪਰ ਬਿਜਲੀ ਦੇ ਮੀਟਰਾਂ ਦੀ ਭਮੀਰੀ ਲਗਾਤਾਰ ਘੁੰਮ ਰਹੀ ਹੈ ਜਿਸ ਨਾਲ ਲੋਕਾਂ ਨੂੰ ਹਜਾਰਾਂ ਰੁਪਏ ਦੇ ਬਿਲ ਆ ਰਹੇ ਹਨ। ਉਨ੍ਹਾਂ ਆਖਿਆ ਕਿ ਸਰਕਾਰ ਵੱਲੋਂ ਜੋ ਬਿਲ ਭੇਜੇ ਜਾ ਰਹੇ ਹਨ ਉਹ ਲੋਕਾਂ ਦੇ ਹਿੱਤ ਵਿੱਚ ਨਹੀਂ ਸਗੋਂ ਲੋਕਾਂ ’ਤੇ ਵੱਡਾ ਬੋਝ ਹੈ । ਉਨ੍ਹਾਂ ਕਿਹਾ ਕਿ ਲੋਕ ਕਾਰੋਬਾਰ ਠੱਪ ਹੋਣ ਕਾਰਨ ਰੋਟੀਆਂ ਨੂੰ ਤਰਸ ਰਹੇ ਹਨ ਅਤੇ ਉਹ ਬਿਲ ਭਰਨ ਤੋਂ ਅਸਮਰੱਥ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਆਮ ਜਨਤਾ ਦੇ ਲੌਕਡਾਉਨ ਤੇ ਕਰਫਿਊ ਦਿਨਾਂ ਦੇ ਬਿਜਲੀ ਬਿਲ ਮੁਆਫ ਕੀਤੇ ਜਾਣ ਤਾਂ ਜੋ ਉਨ੍ਹਾਂ ਨੂੰ ਕੁਝ ਰਾਹਤ ਮਿਲ ਸਕੇ ਅਤੇ ਆਪਣੇ ਘਰ ਦੀਆਂ ਜਰੂਰਤਾਂ ਨੂੰ ਪੂਰਾ ਕਰ ਸਕਣ।