ਇੰਦਰਜੀਤ ਸਿੰਘ
ਫਾਜ਼ਿਲਕਾ, 15 ਮਈ 2020 - ਰਾਜਸਥਾਨ ਤੋਂ ਹੁੰਦੇ ਹੋਏ ਪੰਜਾਬ ਵਿੱਚ ਟਿੱਡੀਆਂ ਨੇ ਵੱਢਾ ਹਮਲਾ ਕੀਤਾ ਹੈ ਜਿਸ ਦੇ ਕਾਰਨ ਜ਼ਿਲ੍ਹਾ ਫਾਜ਼ਿਲਕਾ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਰਾਤ ਭਰ ਮਿਹਨਤ ਕਰਕੇ ਇਨ੍ਹਾਂ ਨੂੰ ਖਤਮ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਟਿੱਡੀ ਦਲ ਪੰਜਾਬ ਵਿੱਚ ਪਿਛਲੇ 3 ਮਹੀਨੀਆਂ ਤੋਂ ਘਰ ਕਰ ਚੁੱਕਿਆ ਹੈ ਅਤੇ ਹੁਣ ਟਿੱਡੀ ਦਲ ਨੇ ਕਿਸਾਨਾਂ ਦੇ ਕਿੰਨੂਆ ਦੇ ਬਾਗਾ ਅਤੇ ਨਰਮਾ - ਕਪਾਹ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ।
ਕਾਂਗਰਸੀ ਨੇਤਾ ਸੰਦੀਪ ਜਾਖੜ ਨੇ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਦੀਵਾਨ ਖੇੜਾ ਵਿੱਚ ਕਿਸਾਨਾਂ ਦੇ ਨਾਲ ਖੇਤਾਂ ਦਾ ਦੌਰਾ ਕੀਤਾ ਜਿੱਥੇ ਉਨ੍ਹਾਂ ਨੇ ਹਜਾਰਾਂ ਦੀ ਗਿਣਤੀ ਵਿੱਚ ਟਿੱਡੀਆਂ ਦੇ ਮਾਰੇ ਜਾਣ ਦੀ ਗੱਲ ਕਰਦੇ ਹੋਏ ਕਿਹਾ ਕਿ ਟਿੱਡੀ ਦਲ ਤੋਂ ਕਿਸਾਨ ਘਬਰਾਉਣ ਨਾ ਅਤੇ ਜਦੋਂ ਇਹ ਟਿੱਡੀਆਂ ਦਰੱਖਤਾਂ ਉੱਤੇ ਆ ਕੇ ਬੈਠ ਜਾਣ ਤਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਇਨ੍ਹਾਂ ਦਾ ਖਾਤਮਾ ਕੀਤਾ ਜਾ ਸਕੇ।
ਉੱਥੇ ਹੀ ਮੌਕੇ ਉੱਤੇ ਪਹੁੰਚੇ ਖੇਤੀਬਾੜੀ ਅਧਿਕਾਰੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਟਿੱਡੀ ਦਲ ਹਮਲਾ ਕਰੇ ਤਾਂ ਕਿਸਾਨ ਘਬਰਾਉਣ ਨਾ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਤੁਰੰਤ ਸੂਚਨਾ ਦਿੱਤੀ ਜਾਵੇ ਤਾਂਕਿ ਉਹ ਇਨ੍ਹਾਂ ਦਾ ਖਾਤਮਾ ਕਰ ਸਕਣ ਅਤੇ ਕਿਸਾਨ ਆਪਣੀਆਂ ਪਾਣੀ ਦੀਆਂ ਟੈਂਕੀਆਂ ਭਰਕੇ ਰੱਖਣ ਅਤੇ ਟਰੈਕਟਰਾਂ ਦੀ ਸਹਾਇਤਾ ਦੇਣ ਜਿਸਦੇ ਨਾਲ ਇਨ੍ਹਾਂ ਨੂੰ ਤੁਰੰਤ ਖਤਮ ਕਰਨ ਵਿੱਚ ਸਫਲਤਾ ਹਾਸਲ ਹੋ ਸਕੇ।
ਉੱਥੇ ਹੀ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਰਾਜਸਥਾਨ ਤੋਂ ਪੰਜਾਬ ਵਿੱਚ ਲੱਖਾਂ ਦੀ ਗਿਣਤੀ ਵਿੱਚ ਆਈਆਂ ਟਿੱਡੀ ਦਲ ਵਿਭਾਗ ਵਲੋਂ ਮਾਰ ਦਿੱਤਾ ਗਿਆ ਹੈ ਅਤੇ ਜੇਕਰ ਕਿਸਾਨਾਂ ਨੂੰ ਫਿਰ ਇਹ ਵਿਖਾਈ ਦੇਵੇ ਤਾਂ ਤੁਰੰਤ ਹੀ ਸਾਡੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਵੇ ਤਾਂ ਕਿ ਇਨ੍ਹਾਂ ਨੂੰ ਤੁਰੰਤ ਖਤਮ ਕਰ ਕਿਸਾਨਾਂ ਨੂੰ ਇਨ੍ਹਾਂ ਤੋਂ ਨਜਾਤ ਦਿਲਵਾਈ ਜਾ ਸਕੇ ।