ਮਨਿੰਦਰਜੀਤ ਸਿੱਧੂ
- ਸਰਕਾਰੀ ਹਦਾਇਤਾਂ ਦੇ ਬਾਵਜ਼ੂਦ ਪ੍ਰਾਈਵੇਟ ਸਕੂਲਾਂ ਵਾਲੇ ਅਧਿਆਪਕਾਂ ਨੂੰ ਨਹੀਂ ਦੇ ਰਹੇ ਤਨਖਾਹ
ਜੈਤੋ, 15 ਮਈ 2020 - ਕਰਫ਼ਿਊ ਅਤੇ ਲਾਕਡਾਊਨ ਦੇ ਚਲਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਮੂਹ ਉਦਯੋਗਪਤੀਆਂ, ਵਪਾਰੀਆਂ, ਸੰਸਥਾਵਾਂ ਅਤੇ ਕੰਪਨੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਔਕੜ ਦੀ ਘੜੀ ਵਿੱਚ ਨਾ ਤਾਂ ਆਪਣੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਅਤੇ ਨਾ ਹੀ ਉਨ੍ਹਾਂ ਦੀ ਤਨਖਾਹ ਵਿੱਚ ਕਟੌਤੀ ਕਰਨ। ਉਨ੍ਹਾਂ ਦੁਆਰਾ ਤਨਖਾਹ ਆਦਿ ਰੋਕਣ ਨਾਲ ਮੁਲਾਜ਼ਮਾਂ ਦੀਆਂ ਤਕਲੀਫ਼ਾਂ ਵਿੱਚ ਵਾਧਾ ਹੋਵੇਗਾ ਅਤੇ ਭਾਈਚਾਰਕ ਸਾਂਝ ਵਿੱਚ ਵੀ ਤਰੇੜ ਆਵੇਗੀ। ਜੇਕਰ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੀ ਗੱਲ ਕਰੀਏ ਤਾਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਬੜੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪ੍ਰਾਈਵੇਟ ਸਕੂਲ ਇਸ ਔਕੜ ਦੀ ਘੜੀ ਵਿੱਚ ਅਧਿਆਪਕਾਂ ਨੂੰ ਤਨਖਾਹ ਵੀ ਦੇਣਗੇ ਅਤੇ ਉਨ੍ਹਾਂ ਨੂੰ ਨੌਕਰੀ ਤੋਂ ਵੀ ਨਹੀ ਕੱਢ ਸਕਣਗੇ। ਪਰ ਜੈਤੋ ਦੇ ਕੁੱਝ ਨਿੱਜੀ ਸਕੂਲਾਂ ਦੁਆਰਾ ਲਾਕਡਾਊਨ ਦੇ ਸਮੇਂ ਦੌਰਾਨ ਆਪਣੇ ਅਧਿਆਪਕਾਂ ਨੂੰ ਤਨਖਾਹ ਦੇਣ ਤੋਂ ਕੋਰੀ ਨਾਂਹ ਕਰਨ ਦੀ ਗੱਲ ਨੇ ਸਿੱਖਿਆ ਮੰਤਰੀ ਦੇ ਦਾਅਵਿਆਂ ਨੂੰ ਝੂਠਾ ਸਾਬਿਤ ਕਰ ਦਿੱਤਾ ਹੈ। ਅੱਜ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਜੈਤੋ ਦੇ ਵੱਖ-ਵੱਖ ਸਕੂਲ ਦੇ ਕੁੱਝ ਅਧਿਆਪਕਾਂ ਨੇ ਦੱਸਿਆ ਕਿ ਜੈਤੋ ਦੇ ਨਾਮੀ ਨਿੱਜੀ ਸਕੂਲਾਂ ਨੇ ਅੰਦਰਖਾਤੇ ਯੂਨੀਅਨ ਬਣਾ ਰੱਖੀ ਹੈ,ਜਿਸ ਵਿੱਚ ਉਨ੍ਹਾਂ ਸਾਂਝੇ ਤੌਰ ਤੇ ਇਹ ਫੈਸਲਾ ਕੀਤਾ ਹੈ ਕਿ ਉਹ ਆਪਣੇ ਅਧਿਆਪਕਾਂ ਨੂੰ ਤਨਖਾਹ ਨਹੀਂ ਦੇਣਗੇ। ਉਨ੍ਹਾਂ ਦੱਸਿਆ ਕਿ ਅੱਜ ਮਹੀਨੇ ਦੀ 15 ਤਾਰੀਕ ਹੋ ਗਈ ਹੈ ਪਰ ਸਕੂਲਾਂ ਵੱਲੋਂ ਹਾਲੇ ਤੱਕ ਅਪ੍ਰੈਲ ਮਹੀਨੇ ਦੀ ਤਨਖਾਹ ਨਹੀਂ ਦਿੱਤੀ ਗਈ ਅਤੇ ਸਕੂਲ ਮਾਲਕਾਂ ਦੀ ਇਸ ਨਿਰਦੈਤਾ ਪੂਰਨ ਕਾਰਵਾਈ ਕਰਕੇ ਉਨ੍ਹਾਂ ਲਈ ਚੁੱਲ੍ਹੇ ਤਪਾਉਣੇ ਔਖੇ ਹੋਏ ਪਏ ਹਨ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਹਨ, ਪਰ ਇਸ ਔਕੜ ਦੀ ਘੜੀ ਵਿੱਚ ਸਕੂਲਾਂ ਵੱਲੋਂ ਸਾਨੂੰ ਤਨਖਾਹਾਂ ਨਾ ਦੇ ਕੇ ਸਾਡੇ ਨਾਲ ਬਹੁਤ ਵੱਡਾ ਧ੍ਰੋਹ ਕੀਤਾ ਗਿਆ ਹੈ।
ਕੀ ਕਹਿੰਦੇ ਹਨ ਸਕੂਲ ਮਾਲਕ?
ਇਸ ਸਬੰਧੀ ਜਦ ਅਸੀਂ ਉਸ ਵਿਅਕਤੀ ਨਾਲ ਗੱਲ ਕੀਤੀ ਜਿਸਦਾ ਪਰਿਵਾਰ ਜੈਤੋ ਵਿੱਚ ਕਈ ਸਕੂਲ ਚਲਾ ਰਿਹਾ ਹੈ ਤਾਂ ਉਸਨੇ ਸਪੱਸ਼ਟ ਕਿਹਾ ਕਿ ਸਾਨੂੰ ਵਿਦਿਆਰਥੀਆਂ ਪਾਸੋਂ ਫੀਸ ਦੀ ਵਸੂਲੀ ਨਹੀਂ ਹੋ ਰਹੀ ਇਸ ਲਈ ਅਸੀਂ ਤਨਖਾਹਾਂ ਨਹੀਂ ਦੇ ਸਕਦੇ। ਜਦ ਅਸੀਂ ਉਸ ਨਾਲ ਸਿੱਖਿਆ ਮੰਤਰੀ ਦੇ ਹੁਕਮਾਂ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਵੱਲੋਂ ਇਸ ਬਾਰੇ ਕੋਈ ਜਾਣਕਾਰੀ ਨਾ ਹੋਣਾ ਕਹਿ ਕੇ ਫੋਨ ਕੱਟ ਦਿੱਤਾ ਗਿਆ।