ਅਸ਼ੋਕ ਵਰਮਾ
ਮਾਨਸਾ, 16 ਮਈ 2020 - ਅੱਜ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ਤੇ ਕਿਸਾਨ ਵਧਾਈ ਦਿਵਸ ਮਨਾਇਆ ਜਿਸ ਦੌਰਾਨ ਵੱਖ-ਵੱਖ ਜਥੇਬੰਦੀਆਂ ਨੇ ਇਕੱਠੇ ਹੋ ਕੇ ਪਿੰਡਾਂ, ਸ਼ਹਿਰਾਂ ਵਿੱਚੋਂ ਆਏ ਸਾਥੀਆਂ ਨੂੰ ਕਿਸਾਨਾਂ ਦੀਆਂ ਮੰਗਾਂ ਬਾਰੇ ਜਾਣੂ ਕਰਵਾਇਆ । ਆਗੂਆਂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਵੱਲੋਂ ਜੋ 20 ਲੱਖ ਕਰੋੜ ਦਾ ਪੈਕੇਜ ਦਿੱਤਾ ਗਿਆ ਉਹ ਕਿਸਾਨਾਂ-ਮਜਦੂਰਾਂ ਨਾਲ ਮਜਾਕ ਹੈ। ਉਨਾਂ ਖਦਸ਼ਾ ਜਤਾਇਆ ਕਿ ਇਹ ਪੈਸਾ ਸਰਮਾਏਦਾਰ ਘਰਾਣਿਆਂ ਨੂੰ ਲੁਟਾਇਆ ਜਾ ਸਕਦਾ ਹੈ। ਅੱਜ ਜਮਹੂਰੀ ਕਿਸਾਨ ਸਭਾ ਪੰ ਵੱਲੋਂ ਛੱਜੂ ਰਾਮ ਦੀ ਅਗਵਾਈ ਵਿੱਚ ਖੀਵਾ ਕਲਾਂ, ਖੀਵਾ ਖੁਰਦ, ਅਮਰੀਕ ਸਿੰਘ ਦੀ ਅਗਵਾਈ ਵਿੱਚ ਫਫੜੇ ਭਾਈਕੇ, ਭੁਪਾਲ ਵਿਖੇ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਵਿੱਚ ਮੇਜਰ ਸਿੰਘ ਦੂਲੋਵਾਲ, ਸੋਹਣਾ ਰਾਮ ਭੁਪਾਲ, ਗੁਰਜੰਟ ਸਿੰਘ ਭੁਪਾਲ ਨੇ ਟਾਹਲੀਆਂ ਵਿਖੇ ਕਿਸਾਨੀ ਮੰਗਾਂ ਬਾਰੇ ਵਿਆਖਿਆ ਸਹਿਤ ਜਾਣਕਾਰੀ ਦਿੱਤੀ । ਆਗੂਆਂ ਨੇ ਦੱਸਿਆ ਕਿ 20 ਮਈ ਨੂੰ 10 ਕਿਸਾਨ ਜਥੇਬੰਦੀਆਂ ਵੱਲੋਂ ਡੀ.ਸੀ. ਤੇ ਐਕਸੀਅਨ ਬਿਜਲੀ ਬੋਰਡ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਤੇ ਚੇਅਰਮੈਨ ਨੂੰ ਮੰਗ ਪੱਤਰ ਦਿੱਤੇ ਜਾਣਗੇ।