ਅਸ਼ੋਕ ਵਰਮਾ
- ਪੁਲਿਸ ਤੇ ਪਥਰਾਅ, ਅਧਿਕਾਰੀਆਂ ਵੱਲੋਂ ਇਨਕਾਰ
ਬਠਿੰਡਾ, 16 ਮਈ 2020 - ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਬਠਿੰਡਾ ’ਚ ਅੱਜ ਆਪੋ ਆਪਣੇ ਘਰਾਂ ਨੂੰ ਜਾਣ ਲਈ ਬਜਿੱਦ ਪ੍ਰਵਾਸੀ ਮਜਦੂਰਾਂ ਨੇ ਜਬਰਦਸਤ ਹੰਗਾਮਾਂ ਕੀਤਾ। ਮਜਦੂਰ ਐਨੇ ਜਿਆਦਾ ਭੜਕੇ ਹੋਏ ਸਨ ਕਿ ਉਨਾਂ ਨੇ ਮੌਕੇ ਤੇ ਪੁੱਜੀ ਪੁਲਿਸ ਤੇ ਡਲੇ ਚਲਾਏ ਜਿਸ ਦੇ ਸਿੱਟੇ ਵਜੋਂ ਮੁਲਾਜਮਾਂ ਨੂੰ ਗੱਡੀ ਭਜਾ ਕੇ ਆਪਣਾ ਬਚਾਅ ਕਰਨਾ ਪਿਆ। ਮਜਦੂਰਾਂ ਨੇ ਦੋਸ਼ ਲਾਏ ਕਿ ਕੰਪਨੀ ਉਨਾਂ ਨੂੰ ਬਣਦਾ ਮਿਹਨਤਾਨਾ ਨਹੀਂ ਦੇ ਰਹੀ ਹੈ ਉੱਪਰੋਂ ਲੌਕਡਾਊਨ ਕਾਰਨ ਲੱਗੇ ਰਫਿਊ ਦੇ ਚੱਲਦਿਆਂ ਉਹ ਭੰਖੇ ਮਰਨ ਕੰਢੇ ਪੁੱਜ ਗਏ ਹਨ। ਚਰਚਾ ਹੈ ਕਿ ਪੁਲਿਸ ਨੇ ਮਜਦੂਰਾਂ ਛੇ ਕਾਬੂ ਪਾਉਣ ਲਈ ਹਲਕਾ ਲਾਠੀਚਾਰਜ ਵੀ ਕੀਤਾ ਹੈ ਪਰ ਅਫਸਰ ਪਥਰਾਅ ਜਾਂ ਲਾਠੀਚਾਰਜ ਤੋਂ ਇਨਕਾਰ ਕਰ ਰਹੇ ਹਨ। ਇਸ ਮੌਕੇ ਰਾਮ ਗੋਪਾਲ ਨਾਂ ਦੇ ਪ੍ਰਵਾਸੀ ਮਜਦੂਰ ਨੇ ਦੱਸਿਆ ਕਿ ਕੰਸਟਰਕਸ਼ਨ ਦੇ ਕੰਮ ’ਚ ਲੱਗੀ ਕੰਪਨੀ ਨੇ ਉਨਾਂ ਨੂੰ 4 ਮਹੀਨਿਆਂ ਦੀ ਤਨਖਾਹ ਨਹੀਂ ਦਿੱਤੀ ਹੈ ਜਿਸ ਕਰਕੇ ਉਹ ਆਰਥਿਕ ਸੰਕਟ ’ਚ ਫਸ ਗਏ ਹਨ।
ਮਜ਼ਦੂਰ ਰੂਪ ਚੰਦ ਮੰਡਾਲ ਅਤੇ ਅਬਦਲ ਕਰੀਮ ਨੇ ਕਿਹਾ ਕਿ ਉਨਾਂ ਨੂੰ ਘਰਾਂ ਨੂੰ ਵਾਪਿਸ ਵੀ ਨਹੀਂ ਭੇਜਿਆ ਜਾ ਰਿਹਾ ਹੈ। ਉਨਾਂ ਆਖਿਆ ਕਿ ਪ੍ਰਬੰਧਕ ਲਾਰੇ ਲਾ ਰਹੇ ਹਨ ਜਿਸ ਕਰਕੇ ਅੱਜ ਮਜਬੂਰੀ ਵੱਸ ਸੰਘਰਸ਼ ਕਰਨਾ ਪੈ ਰਿਹਾ ਹੈ। ਦੱਸਣਯੋਗ ਹੈ ਕਿ ਬਠਿੰਡਾ ’ਚ ਏਮਜ਼ ਹਸਪਤਾਲ ਦੀ ਉਸਾਰੀ ਦਾ ਕੰਮ ਕਾਫੀ ਜੋਰ ਸ਼ੋਰ ਨਾਲ ਚੱਲ ਰਿਹਾ ਸੀ। ਇੱਥੇ 15 ਸੌ ਤੋਂ ਵੀ ਵੱਧ ਮਜਦੂਰ ਉਸਾਰੀ ਕਾਰਜਾਂ ’ਚ ਲੱਗੇ ਹੋਏ ਸਨ । ਇੱਥ ਸਭ ਕੁੱਝ ਆਮ ਦੀ ਤਰਾਂ ਚੱਲ ਰਿਹਾ ਸੀ ਕਿ ਕਰੋਨਾ ਵਾਇਰਸ ਦੇ ਸੰਕਟ ਕਾਰਨ ਮੁਲਕ ’ਚ ਲੌਕਡਾਉਨ ਲਗਾ ਦਿੱਤਾ ਗਿਆ। ਤਾਲਾਬੰਦੀ ਉਪਰੰਤ ਮਜਦੂਰਾਂ ਦੀਆਂ ਮ੍ਰੁਸ਼ਕਲਾਂ ਵਧ ਗਈਆਂ ਜਿਸ ਕਰਕੇ ਇਹ ਲੋਕ ਪਿਛਲੇ ਕੁੱਝ ਦਿਨਾਂ ਤੋਂ ਘਰ ਵਾਪਿਸੀ ਲਈ ਤਕਾਜ਼ਾ ਕਰ ਰਹੇ ਸਨ।
ਸੂਤਰ ਦੱਸਦੇ ਹਨ ਕਿ ਮਾਮਲਾ ਗੱਲ ਸਮਝਾਉਣ ਤੋਂ ਵਿਗੜਿਆ ਹੈ। ਏਮਜ ਹਸਪਤਾਲ ਨੇ ਕਰੀਬ ਸਾਰੇ ਮਜ਼ਦੂਰਾਂ ਦਾ ਮੈਡੀਕਲ ਕਰਵਾ ਲਿਆ ਸੀ ਅਤੇ ਉਨਾਂ ਨੂੰ ਵਾਪਿਸ ਭੇਜਣ ਦਾ ਪ੍ਰੰਬਧ ਹੋ ਗਿਆ ਸੀ। ਸੂਤਰਾਂ ਮੁਤਾਬਕ ਬਠਿੰਡਾ ਤੋਂ ਪੱਛਮੀ ਬੰਗਾਲ ਨੂੰ ਜਾਣ ਲਈ ਰੇਲ ਗੱਡੀ ਦਾ ਸਲਾ ਬਣ ਗਿਆ ਜਿਸ ਕਰਕੇ ਮਜਦੂਰ ਨਰਾਜ਼ ਸਨ। ਅੱਜ ਜਦੋਂ ਇੱਕ ਵਾਰ ਫਿਰ ਤੋਂ ਮਜਦੂਰਾਂ ਨੇ ਪ੍ਰਬੰਧਕਾਂ ਕੋਲ ਗੁਜਾਰਿਸ਼ ਕੀਤੀ ਤਾਂ ਕਿਸੇ ਗੱਲ ਨੂੰ ਲੈਕੇ ਤਲਖੀ ਵਾਲਾ ਮਹੌਲ ਬਣ ਗਿਆ ਜਿਸ ਪਿੱਛੋਂ ਮਜਦੂਰ ਹੰਗਾਮੇ ਤੇ ਉੱਛਰ ਆਏ। ਮਾਮਲੇ ਸਬੰਧੀ ਪੱਖ ਜਾਨਣ ਲਈ ਸੰਪਰਕ ਕਰਨ ਤੇ ਏਮਜ ਦੇ ਮੈਡੀਕਲ ਸੁਪਰਡੈਂਟ ਡਾ ਸ਼ਤੀਸ਼ ਗੁਪਤਾ ਨੇ ਫੋਨ ਨਹੀ ਚੁੱਕਿਆ।
ਐਸਐਚਓ ਥਾਣਾ ਸਦਰ ਇੰਸਪੈਕਟਰ ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਕੁੱਝ ਮਜਦੂਰਾਂ ਦਾ ਮੈਡੀਕਲ ਰਹਿੰਦਾ ਸੀ ਜੋ ਅੱਜ ਹੋ ਜਾਏਗਾ। ਉਨਾਂ ਕਿਹਾ ਕਿ ਪ੍ਰਸ਼ਾਸ਼ਨ ਨਾਲ ਵਾਪਿਸੇ ਘਰ ਭੇਜਣ ਬਾਰੇ ਗੱਲ ਹੋ ਗਈ ਹੈ ਤੇ ਜਲਦੀ ਹੀ ਇੰਨਾਂ ਨੂੰ ਘਰ ਭੇਜਿਆ ਜਾ ਰਿਹਾ ਹੈ।
ਡੀਐਸਪੀ ਦਿਹਾਤੀ ਦਵਿੰਦਰ ਸਿੰਘ ਦਾ ਕਹਿਣਾ ਸੀ ਕਿ ਮਜ਼ਦੂਰ ਘਰਾਂ ਨੂੰ ਜਾਣਾ ਚਾਹੁੰਦੇ ਸਨ ਪਰ ਗੱਡੀਆਂ ਨਾਂ ਹੋਣ ਕਰਕੇ ਸਮੱਸਿਆ ਆਈ ਸੀ। ਉਨਾਂ ਦੱਸਿਆ ਕਿ ਮਜਦੂਰਾਂ ਨੂੰ ਸਮਝਾ ਦਿੱਤਾ ਹੈ ਜਿਸ ਪਿੱਛੋਂ ਉਹ ਸ਼ਾਂਤ ਹੋ ਗਏ ਹਨ। ਉਨਾਂ ਮਜਦੂਰਾਂ ਵੱਲੋਂ ਪਥਰਾਅ ਜਾਂ ਉਨਾਂ ਤੇ ਲਾਠੀਚਾਰਜ ਤੋਂ ਇਨਕਾਰ ਕੀਤਾ ਹੈ।