ਡਿਪਟੀ ਕਮਿਸ਼ਨਰ ਤੇ ਉਨ੍ਹਾਂ ਦੀ ਟੀਮ ਦੀ ਕੜੀ ਮਿਹਨਤ ਦੀ ਕੀਤੀ ਸ਼ਲਾਘਾ
ਰੂਪਨਗਰ, 17 ਮਈ, 2020 : ਸ਼੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਕੋਰੋਨਾ ਵਾਇਰਸ ਨੂੰ ਹਰਾ ਕੇ ਬੀਤੇ ਦਿਨ ਗਿਆਨ ਸਾਗਰ ਮੈਡੀਕਲ ਸੈਂਟਰ ਤੇ ਜ਼ਿਲ੍ਹਾ ਹਸਪਤਾਲ ਰੋਪੜ ਤੋਂ 29 ਲੋਕਾਂ ਦੇ ਸਿਹਤਮੰਦ ਹੋ ਕੇ ਆਪਣੇ ਘਰਾਂ ਨੂੰ ਪਰਤਣ ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ, ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਅਤੇ ਉਨ੍ਹਾਂ ਦੇ ਅਫ਼ਸਰਾਂ, ਡਾਕਟਰਾਂ ਅਤੇ ਫਰੰਟਲਾਈਨ ਵਰਕਰਾਂ ਦੀ ਟੀਮ ਨੂੰ ਟਵੀਟ ਰਾਹੀਂ ਵਧਾਈ ਦਿੱਤੀ ਹੈ, ਜਿਨ੍ਹਾਂ ਦੀ ਕੜੀ ਮਿਹਨਤ ਕਾਰਨ ਇਹ ਮੁਮਕਿਨ ਹੋ ਸਕਿਆ ਹੈ।
ਇਸ ਮੌਕੇ ਐੱਮ.ਪੀ ਤਿਵਾੜੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੁਸ਼ਲ ਅਗਵਾਈ ਹੇਠ ਪੰਜਾਬ ਬਹਾਦਰੀ ਨਾਲ ਕੋਰੋਨਾ ਨੂੰ ਹਰਾ ਰਿਹਾ ਹੈ ਅਤੇ ਉਮੀਦ ਕਰਦੇ ਹਨ ਕਿ ਜਲਦੀ ਹੀ ਸਭ ਕੁਝ ਠੀਕ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਰੋਪੜ ਚ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਦੀ ਅਗਵਾਈ ਹੇਠ ਸਿਹਤ ਵਿਭਾਗ, ਪੁਲਿਸ ਤੇ ਪ੍ਰਸ਼ਾਸਨ ਦੀਆਂ ਟੀਮਾਂ ਲਗਾਤਾਰ ਕੋਰੋਨਾ ਵਾਇਰਸ ਖ਼ਿਲਾਫ਼ ਨਾਲ ਰਹੀਆਂ ਹਨ ਅਤੇ ਉਨ੍ਹਾਂ ਦੀ ਸਖ਼ਤ ਮਿਹਨਤ ਦਾ ਹੀ ਨਤੀਜਾ ਹੈ ਕਿ ਕੋਰੋਨਾ ਖਿਲਾਫ ਇੰਨੀ ਵੱਡੀ ਸਫਲਤਾ ਹਾਸਿਲ ਹੋਈ ਹੈ। ਇਸਦੇ ਨਾਲ ਹੀ ਉਨ੍ਹਾਂ ਸਿਹਤਮੰਦ ਹੋਏ ਮਰੀਜ਼ਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ। ਉੱਥੇ ਹੀ ਖੇਤਰ ਦੇ ਲੋਕਾਂ ਦਾ ਵੀ ਪ੍ਰਸ਼ਾਸਨ ਨੂੰ ਸਹਿਯੋਗ ਕਰਨ ਤੇ ਧੰਨਵਾਦ ਕੀਤਾ ਹੈ ਅਤੇ ਅਪੀਲ ਕੀਤੀ ਹੈ ਕਿ ਉਹ ਅੱਗੇ ਵੀ ਸਰਕਾਰੀ ਹਦਾਇਤਾਂ ਦਾ ਪਾਲਣ ਕਰਦਿਆਂ ਮਾਸਕ ਲਗਾਉਣ, ਸੋਸ਼ਲ ਡਿਸਟੈਂਸਿੰਗ ਬਣਾਉਣ ਅਤੇ ਖੁਦ ਤੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣ, ਤਾਂ ਜੋ ਇਸ ਭਿਆਨਕ ਮਹਾਂਮਾਰੀ ਤੋਂ ਪੂਰੀ ਤਰਾਂ ਨਾਲ ਰਾਹਤ ਪਾਈ ਜਾ ਸਕੇ।