ਮਿੱਤਰ ਸੈਨ ਸ਼ਰਮਾ
- ਪੀ.ਆਰ.ਟੀ.ਸੀ. ਦੀਆਂ 7 ਬੱਸਾਂ ਰਾਹੀਂ ਭੇਜੇ ਫਿਰੋਜ਼ਪੁਰ ; ਫਿਰੋਜ਼ਪੁਰ ਤੋਂ ਟ੍ਰੇਨਾਂ ਰਾਹੀਂ ਪ੍ਰਵਾਸੀ ਤੈਅ ਕਰਨਗੇ ਆਪਣਾ ਸਫ਼ਰ
- ਮਾਨਸਾ ਸਬ-ਡਵੀਜ਼ਨ ਦੇ 119, ਸਰਦੂਲਗੜ੍ਹ ਦੇ 37 ਅਤੇ ਬੁਢਲਾਡਾ ਦੇ 11 ਪ੍ਰਵਾਸੀ ਹਨ ਸ਼ਾਮਿਲ
ਮਾਨਸਾ 17 ਮਈ 2020 - ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਮੱਦੇਨਜ਼ਰ ਸੂਬੇ ਵਿਚ ਲਗਾਏ ਗਏ ਕਰਫਿਊ ਦੌਰਾਨ ਬਾਹਰਲੇ ਰਾਜਾਂ ਦੇ ਕਈ ਪ੍ਰਵਾਸੀਆਂ ਨੂੰ ਉਨ੍ਹਾਂ ਨਾਲ ਸਬੰਧਤ ਰਾਜਾਂ ਵਿਖੇ ਭੇਜਣ ਦੀ ਲੜੀ ਤਹਿਤ ਅੱਜ ਬਿਹਾਰ ਰਾਜ ਕਟਿਹਾਰ, ਖਗਰਿਆ ਅਤੇ ਕਿਸ਼ਨਗੰਜ ਜ਼ਿਲ੍ਹਿਆਂ ਦੇ 167 ਵਾਸੀਆਂ ਨੂੰ ਬਿਹਾਰ ਲਈ ਭੇਜਿਆ ਗਿਆ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਪ੍ਰਵਾਸੀਆਂ ਨੂੰ ਜ਼ਿਲ੍ਹਾ ਮਾਨਸਾ ਤੋਂ ਉਨ੍ਹਾਂ ਦੇ ਬਿਹਾਰ ਰਾਜ ਲਈ ਏ.ਡੀ.ਸੀ. (ਵ) ਗੁਰਮੀਤ ਸਿੰਘ ਸਿੱਧੂ ਦੀ ਰਹਿਨੁਮਾਈ ਹੇਠ ਮਾਨਸਾ ਤੋਂ ਭੇਜਿਆ ਗਿਆ।
ਉਨ੍ਹਾਂ ਦੱਸਿਆ ਕਿ ਇੰਨ੍ਹਾਂ ਪ੍ਰਵਾਸੀਆਂ ਦੀ ਮਾਨਸਾ ਵਿਖੇ ਐੱਸ.ਡੀ.ਐੱਮ. ਸਰਬਜੀਤ ਕੌਰ, ਬੁਢਲਾਡਾ ਵਿਖੇ ਐੱਸ.ਡੀ.ਐੱਮ. ਆਦਿਤਯ ਡੇਚਲਵਾਲ ਅਤੇ ਸਰਦੂਲਗੜ੍ਹ ਵਿਖੇ ਐੱਸ.ਡੀ.ਐੱਮ. ਰਾਜਪਾਲ ਸਿੰਘ ਦੀ ਅਗਵਾਈ ਹੇਠ ਸਕਰੀਨਿੰਗ ਕਰਵਾਈ ਗਈ ਅਤੇ ਸੂਚੀ ਅਨੁਸਾਰ ਇੰਨ੍ਹਾਂ ਨੂੰ ਬੱਸਾਂ ਵਿੱਚ ਬੈਠਾਇਆ ਗਿਆ। ਉਨ੍ਹਾਂ ਦੱਸਿਆ ਕਿ ਸਰਦੂਲਗੜ੍ਹ ਤੇ ਬੁਢਲਾਡਾ ਐੱਸ.ਡੀ.ਐਮਜ਼ ਵੱਲੋਂ ਬੱਸਾਂ ਨੂੰ ਮਾਨਸਾ ਵਿਖੇ ਭੇਜਿਆ ਗਿਆ, ਜਿੱਥੋਂ ਇੰਨ੍ਹਾਂ ਬੱਸਾਂ ਨੂੰ ਇੱਕਠੇ ਹੀ ਬੱਸਾਂ ਰਾਹੀਂ ਫਿਰੋਜ਼ਪੁਰ ਭੇਜਿਆ ਗਿਆ ਅਤੇ ਫਿਰੋਜ਼ਪੁਰ ਤੋਂ ਟ੍ਰੇਨ ਰਾਹੀਂ ਆਪਣਾ ਸਫ਼ਰ ਤੈਅ ਕਰਨਗੇ।
ਇਸ ਮੌਕੇ ਨਾਇਬ ਤਹਿਸੀਦਾਰ ਬਲਵਿੰਦਰ ਸਿੰਘ, ਡਾ. ਵਰੁਣ ਮਿੱਤਲ ਸਮੇਤ ਸਿਹਤ ਵਿਭਾਗ ਟੀਮ, ਪ੍ਰਧਾਨ ਨੰਬਰਦਾਰ ਯੂਨੀਅਨ ਨਾਜਰ ਸਿੰਘ ਖਿਆਲਾ, ਏ.ਐੱਸ.ਆਈ. ਜਸਪਾਲ ਸਿੰਘ ਅਤੇ ਜਸਵੰਤ ਸਿੰਘ ਮੌਜ਼ੂਦ ਸਨ।