ਅਸ਼ੋਕ ਵਰਮਾ
ਚੰਡੀਗੜ੍ਹ, 17 ਮਈ 2020 - ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਬੀਤੇ ਦਿਨ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠਾਂ ਹੋਈ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਮੌਜੂਦਾ ਹਾਲਾਤ ਦੌਰਾਨ ਉੱਭਰੀਆਂ ਕਿਸਾਨਾਂ ਦੀਆਂ ਫੌਰੀ ਸਮੱਸਿਆਵਾਂ ਝੋਨੇ ਦੀ ਸਮੇਂ ਸਿਰ ਬਿਜਾਈ ਅਤੇ ਮਜਬੂਰੀਵੱਸ ਕਣਕ ਦਾ ਨਾੜ ਸਾੜ ਰਹੇ ਕਿਸਾਨਾਂ ਵਿਰੁੱਧ ਦਰਜ ਕੀਤੇ ਪੁਲਿਸ ਕੇਸ ਰੱਦ ਕਰਨ ਸੰਬੰਧੀ ਮੰਗਾਂ ਨੂੰ ਲੈ ਕੇ ਜਨਤਕ ਸੰਘਰਸ਼ਾਂ ਦੇ ਫੈਸਲੇ ਕੀਤੇ ਗਏ।
ਪਹਿਲੇ ਫੈਸਲੇ ਅਨੁਸਾਰ ਖੇਤੀ ਲਈ ਰੋਜ਼ਾਨਾਂ 16 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ ਵੱਧ ਤੋਂ ਵੱਧ ਥਾਂਵਾਂ ਕਵਰ ਕਰਨ ਲਈ 22 ਤੋਂ 24 ਮਈ ਦੌਰਾਨ ਪਾਵਰਕਾਮ ਸਬ-ਡਵੀਜ਼ਨ ਤੇ ਡਵੀਜ਼ਨ ਦਫ਼ਤਰਾਂ ਅੱਗੇ ਇੱਕ ਰੋਜ਼ਾ ਧਰਨੇ 11 ਤੋਂ 4 ਵਜੇ ਤੱਕ ਮਾਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਫੈਸਲੇ ਦਾ ਆਧਾਰ ਬਣੀ ਜਾਣਕਾਰੀ ਪ੍ਰੈਸ ਨੂੰ ਦਿੰਦੇ ਹੋਏ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਦੱਸਿਆ ਗਿਆ ਹੈ ਕਿ ਲਾਕਡਾਊਨ ਕਾਰਨ ਪ੍ਰਵਾਸੀ ਮਜ਼ਦੂਰਾਂ ਦੀ ਗੈਰਹਾਜ਼ਰੀ ਕਾਰਨ ਸਥਾਨਕ ਸੀਮਿਤ ਮਜ਼ਦੂਰ ਸ਼ਕਤੀ ਦੁਆਰਾ ਝੋਨਾ ਬਿਜਾਈ ਦਾ ਸੀਜ਼ਨ ਮਹੀਨਾ ਡੇਢ ਮਹੀਨਾ ਲੰਬਾ ਹੋਣਾ ਤਹਿ ਹੈ।
ਉਨਾਂ ਕਿਹਾ ਕਿ ਸਰਕਾਰੀ ਐਲਾਨ ਮੁਤਾਬਕ ਖੇਤੀ ਲਈ 10 ਜੂਨ ਤੋਂ 8 ਘੰਟੇ ਰੋਜ਼ਾਨਾ ਬਿਜਲੀ ਦੇਣ ਨਾਲ ਝੋਨਾ ਬਿਜਾਈ ਜੁਲਾਈ ਦੇ ਅੰਤ ਤੱਕ ਲਮਕ ਸਕਦੀ ਹੈ। ਇਤਨੀ ਦੇਰੀ ਕਾਰਨ ਝੋਨੇ ਦੇ ਝਾੜ ਵਿੱਚ ਭਾਰੀ ਕਮੀ ਹੋਣ ਤੋਂ ਇਲਾਵਾ ਦਾਣਿਆ ਦੀ ਨਮੀ ਵਧਣ ਕਾਰਨ ਖਰੀਦ ਵਿੱਚ ਵੀ ਅੜਿੱਕੇ ਬਣਦੇ ਹਨ। ਅਗਲੀ ਫ਼ਸਲ ਕਣਕ ਵੀ ਬਹੁਤ ਪਛੇਤੀ ਬੀਜੀ ਜਾ ਸਕੇਗੀ, ਜਿਸਦਾ ਝਾੜ ਵੀ ਘਟਣ ਕਾਰਨ ਕਿਸਾਨਾਂ ਨੂੰ ਦੂਹਰਾ-ਤੀਹਰਾ ਘਾਟਾ ਝੱਲਣਾ ਪਵੇਗਾ। ਪਹਿਲਾਂ ਹੀ ਭਾਰੀ ਕਰਜ਼ਿਆਂ ਥੱਲੇ ਨਪੀੜੇ ਜਾ ਰਹੇ ਕਿਸਾਨਾਂ ਲਈ ਇਹ ਘਾਟਾ ਘਾਤਕ ਸਾਬਤ ਹੋਵੇਗਾ। ਇਸ ਕਿਸਾਨ ਮਾਰੂ ਨਤੀਜੇ ਨੂੰ ਮੁੱਖ ਰੱਖ ਕੇ ਹੀ ਕਿਸਾਨਾਂ ਵੱਲੋਂ ਵਾਰ-ਵਾਰ ਕੀਤੀਆਂ ਜਾ ਰਹੀਆਂ ਅਪੀਲਾਂ ਦਲੀਲਾਂ ਨੂੰ ਸੁਣੀਆਂ-ਅਣਸੁਣੀਆਂ ਕਰ ਰਹੀ ਪੰਜਾਬ ਸਰਕਾਰ ਦਾ ਵਿਸ਼ੇਸ਼ ਧਿਆਨ ਖਿੱਚਣ ਲਈ ਹੀ ਇਹ ਧਰਨੇ ਲਾਉਣੇ ਪੈ ਰਹੇ ਹਨ।
ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਤਿਆਰ ਕਿਸਾਨਾਂ ਲਈ ਵੀ ਰੋਜ਼ਾਨਾ 8 ਘੰਟੇ ਬਿਜਲੀ ਸਪਲਾਈ ਤਾਂ 20 ਮਈ ਤੋਂ ਹੀ ਦੇਣੀ ਚਾਹੀਦੀ ਹੈ। ਦੂਜੇ ਫੈਸਲੇ ਅਨੁਸਾਰ ਮਜ਼ਬੂਰੀਵੱਸ ਨਾੜ ਸਾੜਨ ਵਾਲੇ ਕਿਸਾਨਾਂ ਵਿਰੁੱਧ ਦਰਜ ਕੀਤੇ ਨਜਾਇਜ਼ ਪੁਲਿਸ ਕੇਸ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਬਿਨਾਂ ਸਾੜੇ ਕਣਕ ਦਾ ਨਾੜ ਸਾਂਭਣ ਲਈ ਕਿਸਾਨਾਂ ਨੂੰ ਸਮੇਂ ਸਿਰ ਜੰਤਰ ਦਾ ਬੀਜ ਦੇਣ ਤੇ 8 ਘੰਟੇ ਰੋਜ਼ਾਨਾ ਬਿਜਲੀ ਦੇਣ ਤੋਂ ਇਲਾਵਾ ਵਾਧੂ ਖਰਚੇ ਦੀ ਪੂਰਤੀ ਵਜੋਂ 200 ਰੁ: ਪ੍ਰਤੀ ਕੁਇੰਟਲ ਬੋਨਸ ਦੇਣ ਦੀ ਹੱਕੀ ਮੰਗ ਵੀ ਸਰਕਾਰ ਨੇ ਅਣਸੁਣੀ ਕੀਤੀ ਹੈ ਸਗੋਂ ਸੁਪਰੀਮ ਕੋਰਟ ਵੱਲੋਂ ਅਜਿਹੇ ਕਿਸਾਨਾਂ ਨੂੰ 100 ਰੁ: ਪ੍ਰਤੀ ਕੁਇੰਟਲ ਬੋਨਸ ਦੇਣ ਦਾ ਫੈਸਲਾ ਵੀ ਨਹੀਂ ਮੰਨਿਆ।
ਜੇਕਰ ਹੁਣ ਵੀ ਕੇਸ ਰੱਦ ਕਰਨ ਦੀ ਮੰਗ ਨੂੰ ਅਣਸੁਣੀ ਕਰਕੇ ਇਹਨਾਂ ਮਜ਼ਬੂਰ ਕਿਸਾਨਾਂ ਨੂੰ ਗਿ੍ਰਫਤਾਰ ਕਰਨ ਦੇ ਯਤਨ ਕੀਤੇ ਗਏ ਤਾਂ ਸੰਬੰਧਤ ਅਧਿਕਾਰੀਆਂ ਦਾ ਵੀ ਮੌਕੇ ‘ਤੇ ਡਟਵਾਂ ਜਨਤਕ ਵਿਰੋਧ ਕੀਤਾ ਜਾਵੇਗਾ। ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਕਰੋਨਾ ਮਹਾਂਮਾਰੀ/ਲਾਕਡਾਊਨ ਬਾਰੇ ਜਥੇਬੰਦੀ ਦੀ ਤਹਿਸ਼ੁਦਾ ਸਮਝ ਮੁਤਾਬਕ ਧਰਨਿਆਂ ਸਮੇਂ ਮਾਸਕਾਂ ਦੀ ਵਰਤੋਂ ਅਤੇ ਸਰੀਰਕ ਦੂਰੀ ਸਮੇਤ ਲੋੜੀਂਦੀਆਂ ਸਭ ਸਾਵਧਾਨੀਆਂ ‘ਤੇ ਅਮਲ ਯਕੀਨੀ ਬਨਾਇਆ ਜਾਏਗਾ।