ਅਸ਼ੋਕ ਵਰਮਾ
ਬਠਿੰਡਾ, 17 ਮਈ 2020 - ਲੋਕ ਮੋਰਚਾ ਪੰਜਾਬ ਨੇ ਰੋਜ਼ੀ-ਰੋਟੀ ਖਾਤਰ ਘਰ-ਪਰਿਵਾਰਾਂ ਤੋਂ ਦੂਰ ਮੇਹਨਤ ਮੁਸ਼ੱਕਤ ਕਰਨ ਵਾਲੇ ਮਜ਼ਦੂਰਾਂ ਦੇ ਹੱਕ ’ਚ ਅਵਾਜ ਉਠਾਉਣ ਦਾ ਸੱਦਾ ਦਿੱਤਾ ਹੈ। ਮੋਰਚੇ ਦੇ ਜਥੇਬੰਦਕ ਸਕੱਤਰ ਜਗਮੇਲ ਸਿੰਘ ਨੇ ਕਿਹਾ ਕਿ ਕਰੋਨਾ-ਰੁਜ਼ਗਾਰਬੰਦੀ ਨੇ ਮੁਸੀਬਤਾਂ ਦੀਆਂ ਪੰਡਾਂ ਢੇਰੀ ਕਰ ਦਿੱਤੀਆਂ ਹਨ ਅਤੇ ਦੋ ਮਹੀਨੇ ਟੱਪ ਜਾਣ ਬਾਅਦ ਕੀਤੇ ਰਾਹਤ ਐਲਾਨ, ਉਹਨਾਂ ਦੀਆਂ ਜਰੂਰਤਾਂ ਦੀ ਪੂਰਤੀ ਕਰਨ ਦੇ ਅਸਮਰੱਥ ਹਨ। ਉਨਾਂ ਕਿਹਾ ਕਿ ਮੁਲਕ ਨੂੰ ਦਰਪੇਸ਼ ਸੰਕਟ ਅਸਲ ਵਿਚ ਵਸੋਂ ਦੀ ਵੱਡੀ ਗਿਣਤੀ, ਇਹਨਾਂ ਮਜ਼ਦੂਰਾਂ ਦਾ ਸੰਕਟ ਹੀ ਹੈ।
ਉਨਾਂ ਕਿਹਾ ਕਿ ਖੁੱਸਿਆ ਰੁਜ਼ਗਾਰ ਮੁੜ ਹਾਸਲ ਹੋਣਾ ਚਾਹੀਦਾ ਹੈ , ਤਾਲਾਬੰਦੀ ਸਮੇਂ ਦੀ ਬਣਦੀ ਉਜਰਤ ਤੇ ਭੱਤੇ ਮਿਲਣੇ ਚਾਹੀਦੇ ਹਨ ਅਤੇ ਰਾਸ਼ਨ ਦੇ ਨਾਲ ਨਾਲ ਕਪੜੇ ਤੇ ਮਕਾਨ ਦੀਆਂ ਲੋੜਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ। ਉਨਾਂ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਦੀ ਵਾਪਸੀ ਸਮੇਂ ਹੁੰਦੀ ਖੱਜਲ-ਖੁਆਰੀ ਬੰਦ ਕਰਨ ਲਈ ਗੱਡੀਆਂ ਵਧਾਉਣੀਆਂ ਚਾਹੀਦੀਆਂ ਹਨ।
ਮੋਰਚੇ ਦੇ ਆਗੂ ਨੇ ਕਿਹਾ ਕਿ ਮਜਦੂਰਾਂ ਦੀ ਭਲਾਈ ਲਈਵੱਡਿਆਂ ਅਮੀਰਾਂ ’ਤੇ ਪੂੰਜੀ ਟੈਕਸ ਲਾ ਕੇ, ਧਨ-ਕੁਬੇਰਾਂ ਵੱਲ ਰੁਕੇ ਖੜੇ ਟੈਕਸਾਂ ਤੇ ਕਰਜ਼ਿਆਂ ਦੀ ਸਮੇਤ ਭਗੌੜਿਆਂ ਦੇ ਮਾਫ਼ ਕੀਤੇ 68 ਹਜ਼ਾਰ ਕਰੋੜ ਦੀ ਸਖਤੀ ਨਾਲ ਉਗਰਾਹੀ ਕਰਕੇ ਹਾਸਲ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਕੇਅਰ ਫੰਡ ਦਾ ਅਤੇ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਰਾਹਤ ਕੋਸ਼ ਦੇ ਕਰੋੜਾਂ ਰੁਪਏ ਵੀ ਇਹਨਾਂ ਮਜ਼ਦੂਰਾਂ ਨੂੰ ਮੌਜੂਦਾ ਸੰਕਟ ਵਿਚੋਂ ਕੱਢਣ ਉਪਰ ਖਰਚ ਹੋਣ। ਮੋਰਚੇ ਦੀ ਸੂਬਾ ਕਮੇਟੀ ਨੇ ਇਹਨਾਂ ਕਿਰਤੀਆਂ, ਮਜ਼ਦੂਰ ਸੰਗਠਨਾਂ ਅਤੇ ਸੰਘਰਸ਼ਸ਼ੀਲ ਜਮਹੂਰੀ ਹਿੱਸਿਆਂ ਨੂੰ ਇਹ ਮੰਗਾਂ ਉਠਾਉਣ ਦਾ ਸੱਦਾ ਦਿੱਤਾ ਹੈ।