ਫਿਰੋਜ਼ਪੁਰ, 17 ਮਈ 2020 : ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕੋਰੋਨਾ ਮਹਾਂਮਾਰੀ ਦੋਰਾਨ ਜਿੱਥੇ ਘਰਾਂ ਵਿਚ ਜਾ ਕੇ ਲੋੜਵੰਦਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ, ਉਥੇ ਹੋਰ ਵੀ ਸਮਾਜ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਸੰਸਥਾ ਦੇ ਮੁੱਖੀ ਡਾ. ਐੱਸਪੀ ਸਿੰਘ ਓਬਰਾਏ ਅਤੇ ਸੰਸਥਾ ਦੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਦੇ ਆਦੇਸਾਂ ਤਹਿਤ ਫਿਰੋਜ਼ਪੁਰ ਦੀਆਂ 10 ਧੀਆਂ ਨੂੰ ਉਨ੍ਹਾਂ ਦੇ ਵਿਆਹ ਤੇ ਆਰਥਿਕ ਸਹਾਇਤਾ ਦੇ ਰੂਪ ਵਿੱਚ ਇੱਕ ਲੱਖ ਅਠਾਈ ਹਜਾਰ ਦੀ ਰਾਸ਼ੀ ਦਾ ਚੈੱਕ ਦਿੱਤਾ ਗਿਆ।
ਇਹ ਚੈੱਕ ਫਿਰੋਜ਼ਪੁਰ ਦੇ ਜ਼ਿਲ੍ਹਾ ਸੈਸ਼ਨ ਜੱਜ ਪਰਮਿੰਦਰਪਾਲ ਸਿੰਘ ਹਾਂਡਾ ਵੱਲੋਂ ਅੱਜ ਕੋਰਟ ਕੰਪਲੈਕਸ ਅੰਦਰ ਸਮਾਜ ਭਲਾਈ ਸੰਸਥਾ ਇੰਟਰਨੈਸਨਲ ਭਾਈ ਮਰਦਾਨਾ ਕੀਰਤਨ ਦਰਬਾਰ ਸੁਸਾਇਟੀ ਦੇ ਪ੍ਰਧਾਨ ਭਾਈ ਹਰਪਾਲ ਸਿੰਘ ਭੁੱਲਰ ਅਤੇ ਉਨ੍ਹਾਂ ਦੇ ਮੈਂਬਰਾਂ ਨੂੰ ਦਿੱਤਾ ਗਿਆ। ਇਸ ਮੌਕੇ ਸ਼ੈਸਨ ਜੱਜ ਪਰਮਿੰਦਰਪਾਲ ਸਿੰਘ ਨੇ ਕਿਹਾ ਕਿ ਡਾ. ਓਬਰਾਏ ਮਨੁੱਖਤਾ ਦੇ ਮਸੀਹਾ ਹਨ ਜੋ ਹਰ ਦੀਨ ਦੁਖੀ ਦੀ ਮੱਦਦ ਕਰਦੇ ਹਨ। ਉਨ੍ਹਾਂ ਕਿਹਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਬਹੁਤ ਭਲੇ ਦੇ ਕੰਮ ਕਰ ਰਹੀ ਹੈ।
ਇਸ ਮੌਕੇ ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਨੇ ਦੱਸਿਆ ਕਿ ਪਿਛਲੇ ਦਿਨੀਂ ਆਪਣੀ ਫਿਰੋਜ਼ਪੁਰ ਫੇਰੀ ਦੌਰਾਨ ਡਾ. ਓਬਰਾਏ ਵੱਲੋਂ ਲੜਕੀਆਂ ਦੇ ਮਾਪਿਆਂ ਨਾਲ ਉਨ੍ਹਾਂ ਦੀਆਂ ਲੜਕੀਆਂ ਦੀ ਸ਼ਾਦੀ ਮੌਕੇ ਆਰਥਿਕ ਸਹਾਇਤਾ ਦੇਣ ਦਾ ਵਾਅਦਾ ਕੀਤਾ ਸੀ ਜਿਸ ਤਹਿਤ ਅੱਜ ਉਕਤ ਸਹਾਇਤਾ ਰਾਸੀ ਭੇਜੀ ਗਈ ਹੈ। ਇਸ ਮੌਕੇ ਤੇ ਸੀਜੇ ਐਮ ਅਮਨਪ੍ਰੀਤ ਸਿੰਘ, ਜ਼ਿਲ੍ਹਾ ਇਸਤਰੀ ਵਿੰਗ ਅਮਰਜੀਤ ਕੌਰ ਛਾਬੜਾ, ਕੈਸ਼ੀਅਰ ਨਰਿੰਦਰ ਬੇਰੀ, ਬਲਾਕ ਪ੍ਰਧਾਨ ਬਹਾਦਰ ਸਿੰਘ ਭੁੱਲਰ, ਦਵਿੰਦਰ ਸਿੰਘ ਛਾਬੜਾ, ਬਲਵੰਤ ਸਿੰਘ ਬਰਾੜ, ਬਲਵਿੰਦਰਪਾਲ ਸ਼ਰਮਾ, ਵਿਜੇ ਕੁਮਾਰ ਬਹਿਲ, ਰਣਜੀਤ ਸਿੰਘ ਰਾਏ ਲਖਵਿੰਦਰ ਸਿੰਘ ਕਰਮੂਵਾਲਾ, ਜਗਦੀਸ ਥਿੰਦ, ਰਮਿੰਦਰ ਸਿੰਘ ਬਿੱਟਾ ਸਮੇਤ ਸੰਸਥਾ ਦੇ ਹੋਰ ਮੈਂਬਰ ਵੀ ਮੌਜ਼ੂਦ ਸਨ।