ਅਸ਼ੋਕ ਵਰਮਾ
ਬਠਿੰਡਾ ,18 ਮਈ 2020: ਬਾਬਾ ਫ਼ਰੀਦ ਕਾਲਜ ਦੇ ਖੇਤੀਬਾੜੀ ਵਿਭਾਗ ਵੱਲੋਂ ਖ਼ਾਸ ਤੌਰ ਤੇ ਖੇਤੀਬਾੜੀ ਵਿਸ਼ੇ ਦੇ ਪਹਿਲਾ ਅਤੇ ਦੂਜਾ ਸਾਲ ਦੇ ਵਿਦਿਆਰਥੀਆਂ ਲਈ ਮਾਈਕਰੋਸਾਫ਼ਟ ਟੀਮਜ਼ ਰਾਹੀਂ ਇੱਕ ਆਨਲਾਈਨ ਭਾਸ਼ਣ ਕਰਵਾਇਆ ਗਿਆ ਜਿਸ ਵਿੱਚ ਡਾ. ਸ਼ੈਲੇਸ਼ ਕੁਮਾਰ ਸਿੰਘ, ਐਸੋਸੀਏਟ ਪ੍ਰੋਫੈਸਰ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ ਨੇ ਮਹਿਮਾਨ ਬੁਲਾਰੇ ਵਜੋਂ ਸ਼ਿਰਕਤ ਕੀਤੀ। ਡਾ. ਸ਼ੈਲੇਸ਼ ਦੀ ਬਾਗ਼ਬਾਨੀ ਦੇ ਖੇਤਰ ਵਿੱਚ ਵਿੱਚ ਵਿਸ਼ੇਸ਼ ਮੁਹਾਰਤ ਹੈ ਅਤੇ ਉਨਾਂ ਨੇ ਹਾਲ ਵਿੱਚ ਹੀ ਬਾਗ਼ਬਾਨੀ ਵਿਭਾਗ ਦੇ ਮੁਖੀ ਦੀ ਭੂਮਿਕਾ ਨਿਭਾਈ ਹੈ। ਉਨਾਂ ਦੇ ਅਨੇਕਾਂ ਖੋਜ ਪੱਤਰ ਪ੍ਰਕਾਸ਼ਿਤ ਹੋ ਚੁੱਕੇ ਹਨ ਅਤੇ ਉਹ ਬਹੁਤ ਸਾਰੇ ਮਾਸਟਰ ਅਤੇ ਡਾਕਟਰੇਟ ਦੇ ਵਿਦਿਆਰਥੀਆਂ ਦੇ ਮਾਰਗ ਦਰਸ਼ਕ (ਗਾਈਡ) ਹਨ ।
ਡਾ. ਸ਼ੈਲੇਸ਼ ਦਾ ਭਾਸ਼ਣ ਮੁੱਖ ਤੌਰ ‘ਤੇ ਭਾਰਤੀ ਖੇਤੀਬਾੜੀ ਦੇ ਸੰਦਰਭ ਵਿੱਚ ਬਾਗ਼ਬਾਨੀ ਦੀ ਸੰਭਾਵਨਾ ਅਤੇ ਮਹੱਤਤਾ ‘ਤੇ ਕੇਂਦਰਿਤ ਸੀ। ਉਨਾਂ ਨੇ ਵਿਦਿਆਰਥੀਆਂ ਨਾਲ ਬਾਗ਼ਬਾਨੀ ਦੀਆਂ ਵੱਖ-ਵੱਖ ਸ਼ਾਖਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਖੇਤੀ ਵਿਭਿੰਨਤਾ ਵਜੋਂ ਖੇਤੀਬਾੜੀ ਦੀਆਂ ਰਿਵਾਇਤੀ ਫ਼ਸਲਾਂ ਤੋਂ ਇਲਾਵਾ ਹੋਰ ਫ਼ਸਲਾਂ ’ਤੇ ਕੇਂਦਰਿਤ ਕਰਨ ਦੀ ਜ਼ਰੂਰਤ ਬਾਰੇ ਚਾਨਣਾ ਪਾਇਆ। ਡਾ. ਸ਼ੈਲੇਸ਼ ਨੇ ਬਾਗ਼ਬਾਨੀ ਦੇ ਖੇਤਰ ਵਿੱਚ ਨਵੀਂ ਤਰੱਕੀ ਅਤੇ ਖੇਤੀਬਾੜੀ ਵਿੱਚ ਉਤਪਾਦਨ ਵਧਾਉਣ ਲਈ ਖੇਤੀ ਦੇ ਕੱੁਝ ਬਦਲਵੇਂ ਢੰਗਾਂ ਬਾਰੇ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ।
ਇਹ ਭਾਸ਼ਣ ਜਾਣਕਾਰੀ ਭਰਪੂਰ ਸੀ ਅਤੇ ਵਿਦਿਆਰਥੀ ਕੈਰੀਅਰ ਵਜੋਂ ਚੁਣੀ ਜਾ ਸਕਣ ਵਾਲੀ ਖੇਤੀਬਾੜੀ ਦੀ ਇੱਕ ਹੋਰ ਸ਼ਾਖਾ ਬਾਰੇ ਜਾਣੂ ਹੋਏ। ਕੱੁਝ ਨਵੀਆਂ ਤਕਨੀਕਾਂ ਅਤੇ ਔਜ਼ਾਰ ਜਿਵੇਂ ਕਿ ਖੇਤੀਬਾੜੀ ਐਪਾਂ ਬਾਰੇ ਸਿੱਖਣਾ ਵਿਦਿਆਰਥੀਆਂ ਲਈ ਲਾਭਦਾਇਕ ਰਿਹਾ । ਬਾਗ਼ਬਾਨੀ ਵਿੱਚ ਅਜਿਹੀ ਤਰੱਕੀ ਨੂੰ ਲੋੜੀਂਦੀ ਪ੍ਰਸੰਸਾ ਅਤੇ ਪ੍ਰਚਾਰ ਨਹੀਂ ਦਿੱਤਾ ਜਾਂਦਾ ਜੋ ਕਿਸਾਨਾਂ ਨੂੰ ਉਨਾਂ ਲਾਭਾਂ ਤੋਂ ਵਾਂਝਾ ਰੱਖਦੇ ਹਨ ਜਿਨਾਂ ਨੂੰ ਉਹ ਅਜਿਹੇ ਔਜ਼ਾਰਾਂ ਤੋਂ ਪ੍ਰਾਪਤ ਕਰ ਸਕਦੇ ਹਨ। ਡਾ. ਸ਼ੈਲੇਸ਼ ਨੇ ਭਾਸ਼ਣ ਦੀ ਸਮਾਪਤੀ ਭਵਿੱਖ ਦੇ ਉਦੇਸ਼ਾਂ ਲਈ ਆਪਣਾ ਮਾਰਗ ਦਰਸ਼ਨ ਕਰਦਿਆਂ ਕੀਤੀ ਅਤੇ ਉਨਾਂ ਨੇ ਸੰਭਾਵਿਤ ਪ੍ਰਸ਼ਨਾਂ ਲਈ ਆਪਣੀ ਈਮੇਲ ਵਿਦਿਆਰਥੀਆਂ ਨਾਲ ਸਾਂਝੀ ਕੀਤੀ। ਇਸ ਭਾਸ਼ਣ ਨਾਲ ਖੇਤੀਬਾੜੀ ਵਿਚ ਡਿਗਰੀ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇੱਕ ਨਵੀਂ ਸੇਧ ਮਿਲੀ ਹੈ।
ਅੰਤ ਵਿੱਚ ਐਗਰੀਕਲਚਰ ਵਿਭਾਗ ਦੇ ਮੁਖੀ ਨੇ ਵਿਦਿਆਰਥੀਆਂ ਨੂੰ ਬਾਗ਼ਬਾਨੀ ਬਾਰੇ ਪ੍ਰੇਰਿਤ ਕਰਨ ਅਤੇ ਵਡਮੁੱਲੀ ਜਾਣਕਾਰੀ ਪ੍ਰਦਾਨ ਕਰਨ ਲਈ ਡਾ. ਸ਼ੈਲੇਸ਼ ਦਾ ਵਿਸ਼ੇਸ਼ ਧੰਨਵਾਦ ਕੀਤਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਬਾਬਾ ਫ਼ਰੀਦ ਕਾਲਜ ਦੇ ਪਿ੍ਰੰਸੀਪਲ ਡਾ. ਪ੍ਰਦੀਪ ਕੌੜਾ ਨੇ ਕਾਲਜ ਦੇ ਐਗਰੀਕਲਚਰ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ।