ਪ੍ਰੇਰਨਾ ਸਰੋਤ! ਕੁਝ ਆਲ੍ਹਣਿਆਂ 'ਚ ਪੰਛੀਆਂ ਨੇ ਪਹਿਲੇ ਦਿਨ ਹੀ ਕੀਤਾ ਬਸੇਰਾ
ਕੋਟਕਪੂਰਾ, 18 ਮਈ 2020: ਪੰਛੀਆਂ ਦੀ ਗਿਣਤੀ ਵਧਾਉਣ ਲਈ‘ਪੰਛੀ ਵਿਗਿਆਨ ਦੇ ਆਧਾਰ 'ਤੇ ਕੰਮ ਕਰ ਰਹੀ ਬਰਡਜ਼ ਇਨਵਾਇਰਨਮੈਂਟ ਐਂਡ ਅਰਥ ਰੀਵਾਈਵਿੰਗ ਹੈਂਡ ਸੁਸਾਇਟੀ‘'ਬੀੜ' ਵੱਲੋਂ ਮਾਸਟਰ ਹਰਗੋਬਿੰਦ ਗਰਗ ਦੇ ਯਤਨਾਂ ਅਤੇ ਗੋਬਿੰਦ ਅਸਟੇਟ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ਼ ਪੰਛੀਆਂ ਲਈ ਮਿੱਟੀ ਦੇ 200 ਆਲ੍ਹਣੇ ਲਾਏ ਗਏ। ਉਕਤ ਪ੍ਰੋਜੈਕਟ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਜੈਪਾਲ ਸਿੰਘ ਸੰਧੂ ਨੇ 'ਪੰਛੀ ਬਚਾਓ-ਫ਼ਰਜ਼ ਨਿਭਾਓ' ਮੁਹਿੰਮ ਦੀ ਸ਼ਲਾਘਾ ਕਰਦਿਆਂ 'ਬੀੜ' ਨੂੰ ਪਿੰਡਾਂ 'ਚ ਵੀ ਆਲ੍ਹਣੇ ਲਾਉਣ ਲਈ ਸਹਿਯੋਗ ਦੇਣ ਦਾ ਭਰੋਸਾ ਦਿੱਤਾ। 'ਬੀੜ' ਤੋਂ ਮਾਸਟਰ ਗੁਰਪ੍ਰੀਤ ਸਿੰਘ ਸਰਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਵਿਚ ਹੁਣ ਤੱਕ 20,000 ਤੋਂ ਵੱਧ ਆਲ੍ਹਣੇ ਲਾਏ ਜਾ ਚੁੱਕੇ ਹਨ। ਪਿਛਲੀ ਆਲ੍ਹਣਿਆਂ ਦੀ ਰੁੱਤ ਦੌਰਾਨ ਇਨ੍ਹਾਂ ਵਿਚ ਚਿੜੀ, ਪੀਲਾ ਗਲ ਚਿੜੀ, ਡੱਬੀ ਮੈਨਾ, ਗੁਟਾਰ, ਧਾਨ ਚਿੜੀ, ਗਰੁੜ, ਚੁਗਲ, ਕਿੰਗਫਿਸ਼ਰ, ਜਲ ਕੁੱਕੜੀ, ਤੋਤਾ, ਕਬੂਤਰ, ਰੌਬਿਨ, ਭੂਰੀ ਗਾਲ੍ਹੜੀ, ਘੁੱਗੀ ਅਤੇ ਟੋਟਰੂ ਕੁੱਲ 18 ਪ੍ਰਜਾਤੀਆਂ ਨੇ ਬਸੇਰਾ ਕਰਕੇ ਆਪਣੀ ਗਿਣਤੀ 'ਚ ਵਾਧਾ ਕੀਤਾ ਸੀ। ਇਸ ਸਮੇਂ ਬੀੜ ਦੇ ਸੀਨੀਅਰ ਮੈਂਬਰ ਗੁਰਮੀਤ ਸਿੰਘ ਪੱਤਰਕਾਰ, ਰਜਨੀਸ਼ ਗੋਇਲ ਜ਼ਿਲ੍ਹਾ ਅਟਾਰਨੀ ਅਤੇ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਪੰਛੀਆਂ ਲਈ ਮਸਨੂਈ ਆਲ੍ਹਣੇ ਲਾਉਣ ਦਾ ਪ੍ਰੋਜੈਕਟ ਪੰਛੀ ਵਿਗਿਆਨ 'ਤੇ ਅਧਾਰਿਤ ਹੈ ਅਤੇ ਸੁਸਾਇਟੀ ਵਲੋਂ ਲੰਮੀ ਖੋਜ ਕਰਕੇ ਇਸਦਾ 10 ਸਾਲ ਪਹਿਲਾਂ ਆਗ਼ਾਜ਼ ਕੀਤਾ ਗਿਆ ਸੀ ਤੇ ਅੱਜ ਇਹ ਪੂਰੇ ਪੰਜਾਬ ਵਿਚ ਸਫ਼ਲਤਾਪੂਰਵਕ ਚੱਲ ਰਿਹਾ ਹੈ। ਇਸ ਦੌਰਾਨ ਬੀੜ ਸੁਸਾਇਟੀ ਤੋਂ ਕੁਲਦੀਪ ਸਿੰਘ ਪੁਰਬਾ, ਸਚਿਨ ਛਾਬੜਾ, ਗੁਰਬਿੰਦਰ ਸਿੰਘ ਸਿੱਖਾਂਵਾਲ਼ਾ, ਮਾ. ਅਵਤਾਰ ਸਿੰਘ, ਜੈਦੀਪ ਚਹਿਲ, ਜਸਵਿੰਦਰ ਸੇਖੋਂ, ਪ੍ਰੇਮਪਾਲ ਸਿੰਘ ਮਹਿਲ, ਗੁਰਪ੍ਰੀਤ ਸਿੰਘ ਸਾਗੂ, ਸਿਮਲ ਪਠੇਜਾ, ਮਨੂ ਦਿਓੜਾ, ਜੈਪਾਲ, ਮਾ. ਰਾਜ ਕੁਮਾਰ, ਕੁੱਕੂ ਗੁਪਤਾ, ਲਖਵਿੰਦਰ ਸਿੰਘ ਬਰਾੜ, ਕੰਵਲਜੀਤ ਸਿੰਘ ਪੈਟਨ ਆਦਿ ਨੇ ਚਾਰ ਟੀਮਾ ਬਣਾ ਕੇ ਆਲ੍ਹਣੇ ਲਾਉਣ ਦੇ ਕਾਰਜ ਕੀਤੇ।