ਅਸ਼ੋਕ ਵਰਮਾ
ਚੰਡੀਗੜ, 18 ਮਈ 2020 : ਟ੍ਰੇਡ ਯੂਨੀਅਨਾਂ ਵੱਲੋਂ 22 ਮਈ ਨੂੰ ਦੇਸ਼ ਭਰ ਵਿੱਚ ਰੋਸ ਮੁਜ਼ਾਹਰੇ ਕਰਨ ਦੇ ਸੱਦੇ ਤਹਿਤ ਪੰਜਾਬ ਦੀਆਂ 16 ਮਜਦੂਰ-ਮੁਲਾਜਮ, ਕਿਸਾਨ, ਨੌਜਵਾਨ, ਵਿਦਿਆਰਥੀ ਜੱਥੇਬੰਦੀਆਂ ਨੇ ਇੰਨਾਂ ਰੋਸ ਮੁਜ਼ਾਹਰਿਆਂ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਅੱਜ ਮਜਦੂਰ ਆਗੂਆਂ ਰਾਜਵਿੰਦਰ ਸਿੰਘ, ਲਛਮਣ ਸਿੰਘ ਸੇਵੇਵਾਲਾ, ਜਗਰੂਪ ਸਿੰਘ, ਪ੍ਰਮੋਦ ਕੁਮਾਰ ਅਤੇ ਕਿਸਾਨ ਆਗੂਆਂ ਜੋਗਿੰਦਰ ਸਿੰਘ ਉਗਰਾਹਾਂ, ਕੰਵਲਪ੍ਰੀਤ ਸਿੰਘ ਪੰਨੂ ਨੇ ਸਾਂਝੇ ਪ੍ਰੈਸ ਬਿਆਨ ਵਿੱਚ ਦਿੰਦਿਆਂ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਵੱਖ-ਵੱਖ ਸੂਬਾ ਸਰਕਾਰਾਂ ਨੇ ਕਰੋਨਾ ਸੰਕਟ ਨੂੰ ਬਹਾਨਾ ਬਣਾ ਕੇ ਮਜਦੂਰ ਜਮਾਤ ਉੱਤੇ ਤਿੱਖਾ ਸਿਆਸੀ-ਆਰਥਿਕ-ਸਮਾਜਕ ਹਮਲਾ ਕੀਤਾ ਹੈ ਜਿਸ ਦਦੀ ਮਿਸਾਲ ਵੱਖ-ਵੱਖ ਸੂਬਿਆਂ ਵਿੱਚ 8 ਘੰਟੇ ਦੀ ਥਾਂ 12 ਘੰਟੇ ਕੰਮ-ਦਿਹਾੜੀ ਲਾਗੂ ਕਰਨ ਸਮੇਤ ਤੇ ਹੋਰ ਕਨੂੰਨੀ ਕਿਰਤ ਹੱਕਾਂ ਦਾ ਘਾਣ ਸ਼ਾਮਲ ਹੈ ਜਦੋਂਕਿ ਪੰਜਾਬ ਵਿੱਚ ਵੀ 12 ਘੰਟੇ ਕੰਮ ਦਿਹਾੜੀ ਲਾਗੂ ਕਰਨ ਦੀ ਤਿਆਰੀ ਹੈ। ਉਨਾਂ ਕਿਹਾ ਕਿ ਭਾਜਪਾ ਦੀ ਉੱਤਰ ਪ੍ਰਦੇਸ਼ ਸਰਕਾਰ ਨੇ ਤਾਂ ਲਗਭਗ ਸਾਰੇ ਕਿਰਤ ਕਾਨੂੰਨ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ।
ਉਨਾਂ ਕਿਹਾ ਕਿ ਲੋੜ ਤਾਂ ਸੀ ਕਿ ਕਮਜ਼ੋਰ ਕਿਰਤ ਕਨੂੰਨਾਂ ਨੂੰ ਮਜਦੂਰਾਂ ਦੇ ਪੱਖ ਵਿੱਚ ਮਜ਼ਬੂਤ ਬਣਾਇਆ ਜਾਵੇ ਪਰ ਸਰਕਾਰਾਂ ਨਾ ਸਿਰਫ ਇਹਨਾਂ ਨੂੰ ਹੋਰ ਕਮਜ਼ੋਰ ਬਣਾਉਣ ਦੇ ਤੁਲੀਆਂ ਸਨ ਸਗੋਂ ਹੁਣ ਤਾਂ ਖਤਮ ਹੀ ਕਰ ਰਹੀਆਂ ਹਨ। ਇਹ ਪ੍ਰਕਿਰਿਆ ਪਹਿਲਾਂ ਹੀ ਜਾਰੀ ਸੀ ਪਰ ਕਰੋਨਾ ਸੰਕਟ ਬਹਾਨੇ ਅਤੇ ਲਾਕਡਾਊਨ ਦਾ ਫਾਇਦਾ ਉਠਾ ਕੇ ਇਸ ਮਜਦੂਰ ਦੋਖੀ ਤੇ ਦੇਸੀ-ਵਿਦੇਸ਼ੀ ਸਰਮਾਏਦਾਰੀ ਪੱਖੀ ਏਜੰਡੇ ਨੂੰ ਸਿਰੇ ਚਾੜਿਆ ਜਾ ਰਿਹਾ ਹੈ। ਇਸ ਤਰਾਂ ਸਰਕਾਰਾਂ ਸਰਮਾਏਦਾਰਾਂ ਨੂੰ ਮਜਦੂਰਾਂ ਨਾਲ਼ ਜਿਵੇਂ ਮਰਜੀ ਲੁੱਟ-ਖਸੁੱਟ ਤੇ ਹੋਰ ਬੇਇਨਸਾਫੀ ਦੀ ਪੂਰੀ ਖੁੱਲ ਦੇ ਰਹੀਆਂ ਹਨ।
ਆਗੂਆਂ ਨੇ ਕਿਹਾ ਸਰਕਾਰਾਂ ਨੇ ਕਰੋਨਾ ਸੰਕਟ ਦੇ ਹੱਲ ਲਈ ਢੁੱਕਵੇਂ ਕਦਮ ਚੁੱਕਣ ਦੀ ਥਾਂ ਇਸਨੂੰ ਹੋਰ ਵੀ ਗੰਭੀਰ ਬਣਾਇਆ ਹੈ । ਉਹਨਾਂ ਦੋਸ਼ ਲਾਇਆ ਕਿ ਹਕੂਮਤ ਵਲੋਂ ਕਰੋਨਾ ਤੋਂ ਬਚਾਅ ਦੇ ਬਹਾਨੇ ਲੋਕਾਂ ਉੱਤੇ ਮੜੇ ਗਏ ਗੈਰ-ਜਮਹੂਰੀ ਲਾਕਡਾਊਨ ਰਾਹੀਂ ਮਜਦੂਰਾਂ-ਕਿਰਤੀਆਂ ਨੂੰ ਭੁੱਖਮਰੀ, ਸ਼ਰੀਰਕ ਕਮਜ਼ੋਰੀ, ਕਰੋਨਾ ਤੇ ਹੋਰ ਬਿਮਾਰੀਆਂ ਤੋਂ ਨੁਕਸਾਨ ਦਾ ਖਤਰਾ ਵਧਾਉਣ, ਪੈਦਲ ਤੇ ਸਾਈਕਲਾਂ ਰਾਹੀਂ ਲੰਮੇ ਸਫਰਾਂ, ਪੁਲਿਸ ਜਬਰ, ਗਿ੍ਰਫਤਾਰੀਆਂ, ਹਾਦਸਿਆਂ ਅਤੇ ਖੁਦਕੁਸ਼ੀਆਂ ਆਦਿ ਦੇ ਮੂੰਹ ਧੱਕਿਆ ਹੈ ਜਿਸਦੇ ਲੰਮੇ ਸਮੇਂ ਤੱਕ ਮਾਰੂ ਸਿੱਟੇ ਮਜਦੂਰਾਂ ਤੇ ਲੋਕਾਂ ਨੂੰ ਭੁਗਤਣੇ ਪੈਣਗੇ। ਉਹਨਾਂ ਆਖਿਆ ਕਿ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨ ਦੀ ਥਾਂ ਸਰਕਾਰਾਂ ‘‘ਦੇਸ਼’’ ਅਤੇ ‘‘ਸੂਬੇ’’ ਨੂੰ ਕਰੋਨਾ ਤੇ ਲਾਕਡਾਊਨ ਨਾਲ਼ ਹੋਏ ਨੁਕਸਾਨ ਦਾ ਬਹਾਨਾ ਬਣਾ ਕੇ ਆਰਥਿਕ ਪੈਕੇਜ ਦੇ ਨਾਂ ਉੱਤੇ ਸਰਮਾਏਦਾਰਾਂ ਨੂੰ ਸਰਕਾਰੀ ਖਜ਼ਾਨਾ ਲੁਟਾ ਰਹੀਆਂ ਹਨ ਜਦੋਂਕਿ ਲੋਕਾਂ ਉੱਤੇ ਨਵੇਂ ਟੈਕਸ ਮੜਨ ਦੀ ਤਿਆਰੀ ਹੈ ਅਤੇ ਬਿਜਲੀ ਖੇਤਰ ਸਮੇਤ ਲੋਕ ਸੇਵਾਵਾਂ ਦੇ ਅਦਾਰਿਆਂ ਦੇ ਮੁਕੰਮਲ ਨਿੱਜੀਕਰਨ ਲਈ ਠੋਸ ਕਦਮ ਚੁੱਕੇ ਗਏ ਹਨ ।
ਇਹਨਾਂ 16 ਜੱਥੇਬੰਦੀਆਂ ਵਿੱਚ ਟੈਕਸਟਾਈਲ ਹੌਜਰੀ ਕਾਮਗਾਰ ਯੂਨੀਅਨ, ਪਾਵਰ ਕੌਮ ਐਂਡ ਟਰਾਸਕੋ ਠੇਕਾ ਮੁਲਾਜ਼ਮ ਯੂਨੀਅਨ, ਪੰਜਾਬ ਖੇਤ ਮਜਦੂਰ ਯੂਨੀਅਨ, ਟੈਕਨੀਕਲ ਸਰਵਿਸਜ਼ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ), ਕਿਸਾਨ ਸੰਘਰਸ਼ ਕਮੇਟੀ ਪੰਜਾਬ, ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ, ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜ਼ਿ ਨੰ 31), ਨੌਜਵਾਨ ਭਾਰਤ ਸਭਾ (ਲਲਕਾਰ), ਪੀ.ਐਸ.ਯੂ. (ਸ਼ਹੀਦ ਰੰਧਾਵਾ), ਨੌਜਵਾਨ ਭਾਰਤ ਸਭਾ, ਪੀ.ਐਸ.ਯੂ. (ਲਲਕਾਰ), ਕਾਰਖਾਨਾ ਮਜ਼ਦੂਰ ਯੂਨੀਅਨ, ਗੁਰੂ ਹਰਿਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਠੇਕਾ ਮੁਲਾਜ਼ਮ ਯੂਨੀਅਨ ਅਜ਼ਾਦ, ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਪਾਵਰ ਕੌਮ (ਜੋਨ ਬਠਿੰਡਾ) ਅਤੇ ਪੰਜਾਬ ਰੋਡਵੇਜ/ਪਨਬੱਸ ਕੰਟਰੈਕਟ ਵਰਕਰਜ਼ ਨੇ ਮਜਦੂਰ ਜਮਾਤ, ਹੋਰ ਸਭਨਾਂ ਕਿਰਤੀ ਲੋਕਾਂ ਤੇ ਜਮਹੂਰੀਅਤ ਪਸੰਦ ਲੋਕਾਂ ਨੂੰ ਹਾਕਮਾਂ ਦੇ ਇਸ ਹਮਲੇ ਖਿਲਾਫ ਜ਼ੋਰਦਾਰ ਸੰਘਰਸ਼ ਅਤੇ 22 ਮਈ ਦੇ ਮੁਜ਼ਾਹਰਿਆਂ ਵਿੱਚ ਸਾਵਧਾਨੀਆਂ ਰੱਖਦੇ ਹੋਏ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।