12 ਮਈ ਤੋਂ ਕੋਰੋਨਾ ਮਰੀਜ਼ਾਂ ਦੀ ਵਾਧਾ ਦਰ ਸਿਰਫ ਇੱਕ ਫੀਸਦੀ ਹੋਈ
ਬਟਾਲਾ, 20 ਮਈ 2020: ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ ਸੂਬੇ ਵਿੱਚ ਕੋਰੋਨਾ ਵਾਇਰਸ ਖਿਲਾਫ ਲੜੀ ਜਾ ਰਹੀ ਜੰਗ ਦੇ ਚੰਗੇ ਨਤੀਜੇ ਆਏ ਹਨ ਅਤੇ ਪੰਜਾਬ ਸਰਕਾਰ ਨੇ ਬੜੀ ਸਫਲਤਾ ਨਾਲ ਮਹਾਮਾਰੀ ਦਾ ਪਹਿਲਾ ਹਮਲਾ ਨਜਿੱਠ ਲਿਆ ਹੈ। ਸਿਹਤ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਮੈਡੀਕਲ ਸੇਵਾਵਾਂ ਕਾਰਨ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦਾ ਰਿਕਵਰੀ ਰੇਟ 82 ਫੀਸਦੀ ਹੋ ਗਿਆ ਹੈ ਜਦਕਿ ਰਾਸ਼ਟਰੀ ਪੱਧਰ ’ਤੇ ਰਿਕਵਰੀ ਰੇਟ 39 ਫੀਸਦੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੋਰੋਨਾ ਖਿਲਾਫ ਯੋਜਨਾਬੱਧ ਢੰੰਗ ਨਾਲ ਲੜਾਈ ਲੜੀ ਜਾ ਰਹੀ ਹੈ ਜਿਸਦੇ ਸਿੱਟ ਵਜੋਂ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਡਬਲਿੰਗ ਹੋਣ ਦੀ ਦਰ 93 ਦਿਨਾਂ ਦੀ ਹੈ ਜਦਕਿ ਰਾਸ਼ਟਰੀ ਪੱਧਰ ’ਤੇ ਕੋਰੋਨਾ ਮਰੀਜ਼ 14 ਦਿਨਾਂ ਵਿੱਚ ਦੁਗਣੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕੋਰਨਾ ਟੈਸਟਿੰਗ ਵਿੱਚ ਵੀ ਸੂਬਾ ਪੰਜਾਬ ਦੇਸ਼ ਦੇ ਬਾਕੀ ਰਾਜਾਂ ਦੇ ਮੁਕਾਬਲੇ ਬਹੁਤ ਅੱਗੇ ਹੈ ਅਤੇ ਸੂਬੇ ਦੀ ਟੈਸਟਿੰਗ ਦਰ 1735 ਪਰ ਮਿਲੀਅਨ ਹੈ। ਉਨ੍ਹਾਂ ਦੱਸਿਆ ਕਿ ਸੂਬੇ ਪੰਜਾਬ ਵਿੱਚ ਕੋਰੋਨਾ ਵਾਇਰਸ ਕਾਬੂ ਹੇਠ ਹੈ ਅਤੇ 12 ਮਈ ਤੋਂ ਹੁਣ ਤੱਕ ਸਿਰਫ 1 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਚੇਅਰਮੈਨ ਚੀਮਾ ਨੇ ਕਿਹਾ ਕਿ ਲੋਕਾਂ ਦਾ ਸਰਕਾਰੀ ਸਿਹਤ ਸੇਵਾਵਾਂ ਵਿੱਚ ਭਰੋਸਾ ਬਹੁਤ ਜਿਆਦਾ ਵਧਿਆ ਹੈ ਅਤੇ ਲੋਕ ਘਰ ਬੈਠੇ ਹੀ ਵੱਖ-ਵੱਖ ਹੈਲਪ ਲਾਈਨਾਂ ਰਾਹੀਂ ਡਾਕਟਰੀ ਸਲਾਹਾਂ ਅਤੇ ਸੇਵਾਵਾਂ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਤਾਲਾਬੰਦੀ ਦੌਰਾਨ ਸਿਹਤ ਵਿਭਾਗ ਦੀਆਂ ਹੈਲਪ ਲਾਈਨਾ ਉੱਪਰ 403912 ਕਾਲਾਂ ਰਸੀਵ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਸੂਬਾ ਸਰਕਾਰ ਕੋਰੋਨਾ ਵਾਇਰਸ ਦੀ ਬਿਮਾਰੀ ਨਾਲ ਬਹੁਤ ਵਧੀਆ ਢੰਗ ਨਾਲ ਨਜਿੱਠ ਰਹੀ ਹੈ ਅਤੇ ਜਲਦੀ ਹੈ ਸੂਬਾ ਪੰਜਾਬ ਇਸ ਜੰਗ ਵਿਚੋਂ ਜੇਤੂ ਹੋ ਕੇ ਨਿਕਲੇਗਾ।