ਅਸ਼ੋਕ ਵਰਮਾ
ਬਠਿੰਡਾ, 25 ਮਈ 2020: ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀ ਸੂਬਾ ਕਮੇਟੀ ਨੇ ਜਲ ਸਪਲਾਈ ਵਿਭਾਗ ’ਚ ਕੰਮ ਕਰਦੇ ਠੇਕਾ ਮੁਲਾਜਮਾਂ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ ਹੈ। ਅੱਜ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਕਰਨ ਉਪਰੰਤ ਜਾਰੀ ਪ੍ਰੈੱਸ ਬਿਆਨ ਰਾਹੀਂ ਮੋਰਚੇ ਦੇ ਸੂਬਾ ਆਗੂਆਂ ਜਗਰੂਪ ਸਿੰਘ,ਰੇਸ਼ਮ ਸਿੰਘ ਗਿੱਲ,ਗੁਰਵਿੰਦਰ ਸਿੰਘ ਪਨੂੰ ,ਬਲਿਹਾਰ ਸਿੰਘ ਕਟਾਰੀਆ,ਸ਼ੇਰ ਸਿੰਘ ਖੰਨਾ,ਵਰਿੰਦਰ ਸਿੰਘ ਬਠਿੰਡਾ ,ਸੇਵਕ ਸਿੰਘ ਦੰਦੀਵਾਲ,ਗੁਰਪ੍ਰੀਤ ਸਿੰਘ ਗੁਰੀ ਅਤੇ ਲਖਵੀਰ ਕਟਾਰੀਆ ਨੇ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਠੇਕਾ ਮੁਲਾਜ਼ਮ ਠੇਕਾ ਪ੍ਰਣਾਲੀ ਅਧੀਨ ਪਿਛਲੇ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਹਨ ਜਿੰਨਾਂ ਵੱਲੋਂ ਆਪਣੇ ਮਹਿਕਮੇ ਵਿੱਚ ਰੈਗੂਲਰ ਕਰਨ ਦੀ ਮੰਗ ਨੂੰ ਲੈਕੇ ਸੰਘਰਸ਼ ਚਲਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਵਿਭਾਗ ਦੀ ਮੈਨੇਜਮੈਂਟ ਇੰਨਾਂ ਠੇਕਾ ਮੁਲਾਜ਼ਮਾਂ ਦੇ ਸੰਘਰਸ਼ ਨੂੰ ਲਗਾਤਾਰ ਅਣਦੇਖਿਆ ਕਰ ਰਹੀ ਹੈ। ਉਨਾਂ ਕਿਹਾ ਕਿ ਇਸ ਦੇ ਰੋਸ ਵਜੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੱਦੇ ਤੇ ਜਲ ਸਪਲਾਈ ਠੇਕਾ ਮੁਲਾਜਮ ਮਿਤੀ 28 ਅਤੇ 29 ਮਈ ਨੂੰ ਪਿੰਡਾਂ ਅਤੇ ਸ਼ਹਿਰਾਂ ਦੀਆਂ ਜਲ ਸਪਲਾਈ ਟੈਂਕੀਆਂ ਤੇ ਚੜਕੇ ਸਰਕਾਰ ਅਤੇ ਵਿਭਾਗ ਖਿਲਾਫ ਰੋਸ਼ ਪ੍ਰਦਰਸ਼ਨ ਕਰਨਗੇ।
ਆਗੂਆਂ ਨੇ ਦੱਸਿਆ ਕਿ ਮੋਰਚੇ ਵਿੱਚ ਸ਼ਾਮਲ ਸਭ ਮਹਿਕਮਿਆਂ ਦੀਆਂ ਜਥੇਬੰਦੀਆਂ ਇਸ ਸੰਘਰਸ਼ ਦੀ ਡੱਟਵੀਂ ਹਮਾਇਤ ਕਰਨਗੀਆਂ। ਉਨਾਂ ਕਿਹਾ ਕਿ ਜਿੱਥੇ ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮ ਕਰੋਨਾ ਵਾਇਰਸ ਮਹਾਂਮਾਰੀ ਦੌਰਾਨ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਜੋਖਮ ਵਿੱਚ ਪਾਕੇ ਆਪੋ-ਆਪਣੇ ਵਿਭਾਗਾਂ ਵਿੱਚ ਹੰੰਗਾਮੀ ਡਿਉਟੀਆਂ ਨਿਭਾ ਰਹੇ ਹਨ ਉੱਥੇ ਹੀ ਜਲ ਸਪਲਾਈ ਵਿਭਾਗ ਦੇ ਠੇਕਾ ਮੁਲਾਜ਼ਮਾਂ ਵੱਲੋਂ ਵੀ ਇਸ ਸੰਕਟ ਦੌਰਾਨ ਡਿਊਟੀ ਤਨਦੇਹੀ ਨਾਲ ਨਿਭਾਈ ਜਾ ਰਹੀ ਹੈ ਖਾਸ ਤੌਰ ਤੇ ਲੋਕਾਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਮੁਹਈਆ ਕਰਵਾਇਆ ਜਾ ਰਿਹਾ ਹੈ। ਮੋਰਚੇ ਦੇ ਸੂਬਾ ਆਗੂਆਂ ਨੇ ਪੰਜਾਬ ਸਰਕਾਰ ਤੋਂ ਜਲ ਸਪਲਾਈ ਵਿਭਾਗ ਦੇ ਠੇਕਾ ਮੁਲਾਜ਼ਮਾਂ ਵੱਲੋਂ ਕੋਰੋਨਾ ਮਹਾਂਮਾਰੀ ਦੇ ਨਾਜ਼ੁਕ ਦੌਰ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਨਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਤੁਰੰਤ ਵਿਭਾਗ ਵਿੱਚ ਰੈਗੂਲਰ ਕਰਨ ਦੀ ਮੰਗ ਕੀਤੀ।