ਅਸ਼ੋਕ ਵਰਮਾ
ਮਾਨਸਾ, 25 ਮਈ 2020: ਮਜਦੂਰ ਮੁਕਤੀ ਮੋਰਚਾ ਪੰਜਾਬ ਨੇ ਪੇਂਡੂ ਤੇ ਸ਼ਹਿਰੀ ਦਲਿਤ ਤੇ ਗਰੀਬ ਔਰਤਾਂ ਸਿਰ ਚੜੇ ਕਰਜਅਿਾਂ ਦੀ ਮੁਆਫੀ ਅਤੇ ਪ੍ਰਾਈਵੇਟ ਫਾਇਨਾਸ ਕੰਪਨੀਆਂ ਤੇ ਬੈਂਕਾਂ ਵੱਲੋਂ ਕਿਸ਼ਤਾਂ ਦੀ ਵਸੂਲੀ ਲਈ ਤੰਗ ਪ੍ਰੇਸ਼ਾਨ ਕਰਨ ਤੇ ਧਮਕੀਆਂ ਦੇਣ ਖਿਲਾਫ ਅੱਜ ਰੈਲੀ ਅਤੇ ਰੋਸ ਮਾਰਚ ਕੱਢਿਆ। ਮੋਰਚੇ ਆਗੂਆਂ ਨੇ ਕਿਸਾਨਾਂ ਦੀ ਤਰਾਂ ਰੁਜਗਾਰ ਚਲਾਉਣ ਲਈ ਸਰਕਾਰ ਹਰ ਮਜਦੂਰ ਪਰਿਵਾਰ ਨੂੰ 1 ਲੱਖ ਦੀ ਲਿਮਟ ਬਣਾਕੇ ਕਰਜਾ ਦੀ ਮੰੰਗ ਵੀ ਉਠਾਈ। ਰੈਲੀ ਨੂੰ ਸੰਬੋਧਨ ਕਰਦਿਆਂ ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਉਂ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਕਰੋਨਾ ਮਹਾਂਮਾਰੀ ਦੇ ਖਾਤਮੇ ਦੇ ਨਾਂ ਹੇਠ ਦੇਸ਼ ਅੰਦਰ ਕੀਤੇ ਲੌਕਡਾਊਨ ਦੇ ਇਸ ਸੰਕਟ ਵਿੱਚ ਮੋਦੀ ਤੇ ਕੈਪਟਨ ਸਰਕਾਰ ਨੇ ਗਰੀਬ ਜਨਤਾ ਨੂੰ ਲਾਵਾਰਿਸ ਛੱਡ ਦਿੱਤਾ ਹੈ। ਉਹਨਾਂ ਕਿਹਾ ਕਿ ਅੱਜ ਦੇਸ਼ ਦੇ ਹਾਕਮ ਸੱਤਾ ਦੀ ਕੁਰਸੀ ਉੱਪਰ ਬੈਠ ਲਗਾਤਾਰ ਮਜਦੂਰ ਵਿਰੋਧੀ ਨੀਤੀਆਂ ਬਣਾ ਰਹੇ ਹਨ ਜਿਸ ਤਹਿਤ ਮਜਦੂਰਾਂ ਦੇ 8 ਘੰਟੇ ਕੰਮ ਦੇ ਕਾਨੂੰਨ ਨੂੰ ਬਦਲਕੇ 12 ਘੰਟੇ ਕੀਤਾ ਜਾ ਰਿਹਾ ਹੈ ਜੋ ਮੋਦੀ ਸਰਕਾਰ ਦਾ ਸਭ ਤੋਂ ਵੱਡਾ ਹਮਲਾ ਹੈ।
ਉਹਨਾਂ ਕਿਹਾ ਕਿ ਬੇਰੁਜਗਾਰੀ ਤੇ ਮਹਿੰਗਾਈ ਦੇ ਇਸ ਦੌਰ ਵਿੱਚ ਗਰੀਬਾਂ ਵੱਲੋਂ ਪ੍ਰਾਈਵੇਟ ਕੰਪਨੀਆਂ ਤੇ ਬੈਂਕਾਂ ਤੋਂ ਲਏ ਕਰਜੇ ਕਾਰਨ ਅੱਜ ਸ਼ਹਿਰੀ ਤੇ ਪੇਂਡੂ ਗਰੀਬ ਵਰਗ ਕਰਜਿਆਂ ਦੀ ਦਲਦਲ ਵਿੱਚ ਫਸੇ ਹੋਏ ਨਰਕ ਦੀ ਜਿੰੰੰਦਗੀ ਜਿਉਣ ਲਈ ਮਜਬੂਰ ਹਨ। ਉਨਾਂ ਕਿਹਾ ਕਿ ਸਰਕਾਰ ਨੇ ਅਮੀਰਾਂ ਦਾ ਤਾਂ ਹਜਾਰਾਂ ਕਰੋੜ ਦਾ ਕਰਜਾ ਮੁਆਫ ਕਰ ਦਿੱਤਾ ਪਰ ਲੌਕਡਾਊਨ ਕਾਰਨ ਬੇਰੁਜਗਾਰ ਹੋਏ ਮਜਦੂਰਾਂ ਗਰੀਬਾਂ ਤੋਂ ਜਬਰੀ ਕਿਸ਼ਤਾਂ ਦੀ ਵਸੂਲੀ ਕੀਤੀ ਜਾ ਰਹੀ ਹੈ। ਗਰੀਬ ਔਰਤਾਂ ਨੂੰ ਪ੍ਰਾਈਵੇਟ ਬੈਂਕਾਂ ਦੇ ਕਰਜਿਆਂ ਦਾ ਬਾਈਕਾਟ ਕਰਨ ਦਾ ਸੱਦਾ ਦਿੰਦਿਆ ਉਨਾਂ ਐਲਾਨ ਕੀਤਾ ਕਿ ਜਥੇਬੰਦੀ ਕਿਸੇ ਵੀ ਗਰੀਬ ਪਰਿਵਾਰ ਦੀ ਕਰਜੇ ਕਰਕੇ ਘਰ ਤੇ ਸਮਾਨ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਸਮੇਂ ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਜਿਲਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ ,ਗੁਰਸੇਵਕ ਮਾਨ,ਸ਼ਹਿਰੀ ਆਗੂ ਵਿੰਦਰ ਅਲਖ,ਰੋਹੀ ਖਾਨ,ਕਿ੍ਰਸ਼ਨਾਂ ਕੌਰ ਮਾਨਸਾ,ਰਾਣੀ ਕੌਰ,ਭੋਲੀ ਕੌਰ,ਮਹਿੰਦਰ ਕੌਰ,ਸ਼ਿੰਦਰ ਕੌਰ,ਲਿਬਰੇਸ਼ਨ ਦੇ ਜਿਲਾ ਆਗੂ ਕਾ.ਅਮਰੀਕ ਸਮਾਉਂ,ਧਰਮ ਸਿੰਘ ਖੁਡਾਲ,ਆਇਸਾ ਦੇ ਪ੍ਰਦੀਪ ਗੁਰੂ,ਰੇਹੜੀ ਯੂਨੀਅਨ ਦੇ ਜਰਨੈਲ ਮਾਨਸਾ,ਕਸ਼ਮੀਰ ਸਿੰਘ ਅਤੇ ਗੁਲਾਬ ਸਿੰਘ ਖੀਵਾ ਹਾਜਰ ਸਨ।