ਅਸ਼ੋਕ ਵਰਮਾ
ਬਠਿੰਡਾ, 25 ਮਈ 2020: ਬਠਿੰਡਾ ਜ਼ਿਲੇ ’ਚ ਕੋਵਿਡ ਲਾਕਡਾਊਨ ਦੌਰਾਨ ਗਰੀਬ ਪਰਿਵਾਰਾਂ ਨੂੰ ਰਾਹਤ ਦੇਣ ਲਈ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ 75 ਫ਼ੀਸਦੀ ਕਣਕ ਅਤੇ 70 ਫੀਸਦੀ ਦਾਲ ਦੀ ਵੰਡ ਮੁਕੰਮਲ ਕਰ ਲਈ ਗਈ ਹੈ।
ਇਹ ਜਾਣਕਾਰੀ ਦਿੰਦਿਆਂ ਜ਼ਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਸ: ਮਨਦੀਪ ਸਿੰਘ ਮਾਨ ਨੇ ਦੱਸਿਆ ਕਿ ਖੁਰਾਕ ਤੇ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦੀਆਂ ਹਦਾਇਤਾਂ ਅਨੁਸਾਰ ਅਨਾਜ ਵੰਡ ’ਚ ਮੁਕੰਮਲ ਤੌਰ ’ਤੇ ਪਾਰਦਰਸ਼ਤਾ ਬਣਾਈ ਰੱਖਣ ਲਈ ‘ਐਂਡ ਤੋਂ ਐਂਡ ਕੰਪਿਊਟ੍ਰਾਈਜ਼ੇਸ਼ਨ’ ਦੀ ਪਾਲਣਾ ਕੀਤੀ ਗਈ ਹੈ। ਉਨਾਂ ਨੇ ਕਿਹਾ ਕਿ ਖੁਰਾਕ ਤੇ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨਿੱਜੀ ਤੌਰ ਤੇ ਅਨਾਜ ਵੰਡ ਪ੍ਰਿਆ ਦੀ ਨਿਗਰਾਨੀ ਕਰ ਰਹੇ ਹਨ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਯੋਗ ਲਾਭਪਾਤਰੀ ਅਨਾਜ ਤੋਂ ਵਾਂਝਾ ਨਾ ਰਹੇ।
ਉਨਾਂ ਦੱਸਿਆ ਕਿ ਕੌਮੀ ਅੰਨ ਸੁਰੱਖਿਆ ਮਿਸ਼ਨ ਤਹਿਤ ਇਸ ਅਨਾਜ ਦਾ ਲਾਭ ਜ਼ਿਲੇ ਦੇ ਕਰੀਬ 1,86,696 ਆਟਾ-ਦਾਲ ਤੇ ਅੰਨਤੋਦਿਆ ਕਾਰਡ ਲਾਭਪਾਤਰੀ ਪਰਿਵਾਰਾਂ (ਲਗਪਗ 6,93,934 ਮੈਂਬਰਾਂ) ਨੂੰ ਦਿੱਤਾ ਜਾਣਾ ਹੈ ਅਤੇ ਅਗਲੇ ਹਫਤੇ ’ਚ ਅਨਾਜ ਦੀ ਵੰਡ 100 ਫ਼ੀਸਦੀ ’ਤੇ ਪੁੱਜ ਜਾਵੇਗੀ। ਇਸ ਅਨਾਜ ਵੰਡ ਤਹਿਤ ਗਰੀਬ ਪਰਿਵਾਰਾਂ ਨੂੰ 5 ਕਿੱਲੋਗ੍ਰਾਮ ਪ੍ਰਤੀ ਜੀਅ ਪ੍ਰਤੀ ਮਹੀਨਾ ਕਣਕ ਭਾਵ ਤਿੰਨ ਮਹੀਨੇ ਲਈ 15 ਕਿਲੋ ਕਣਕ ਪ੍ਰਤੀ ਜੀਅ ਅਤੇ ਇੱਕ ਕਿਲੋਗ੍ਰਾਮ ਪ੍ਰਤੀ ਪਰਿਵਾਰ ਪ੍ਰਤੀ ਮਹੀਨਾ ਦਾਲ ਭਾਵ ਪ੍ਰਤੀ ਪਰਿਵਾਰ 3 ਕਿਲੋਗ੍ਰਾਮ ਦਾਲ ਇੱਕਠੀ ਤਿੰਨ ਮਹੀਨੇ ਲਈ ਦਿੱਤੀ ਜਾ ਰਹੀ ਹੈ। ਇਹ ਅਨਾਜ ਅਪਰੈਲ ਤੋਂ ਜੂਨ ਤੱਕ ਤਿੰਨ ਮਹੀਨਿਆਂ ਦਾ ਦਿੱਤਾ ਜਾ ਰਿਹਾ ਹੈ, ਜਿਸ ਤਹਿਤ ਉਨਾਂ ਪਾਸੋਂ ਕੋਈ ਪੈਸਾ ਨਹੀਂ ਲਿਆ ਜਾ ਰਿਹਾ।
ਉਨਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਅਨਾਜ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕਰਨ ਦੀਆਂ ਹਦਾਇਤਾਂ ਤਹਿਤ ਲਾਭਪਾਤਰੀਆਂ ਤੱਕ ਗੁਣਵੱਤਾ ਭਰਪੂਰ ਅਨਾਜ ਹੀ ਜਾ ਰਿਹਾ ਹੈ, ਜਿਸ ਵਿੱਚ ਨੇਫ਼ਡ ਵੱਲੋਂ ਭੇਜੀਆਂ ਦਾਲਾਂ ਦੀ ਗੁਣਵੱਤਾ ਸਹੀ ਨਾ ਆਉਣ ਕਾਰਨ ਉਨਾਂ ਨੂੰ ਤਬਦੀਲ ਕਰਵਾਏ ਜਾਣ ਕਾਰਨ ਕੁੱਝ ਦੇਰੀ ਵੀ ਹੋਈ। ਉਨਾਂ ਦੱਸਿਆ ਕਿ ਜ਼ਿਲੇ ਨੂੰ ਕਣਕ ਦਾ 1,10,030 ਕੁਇੰਟਲ ਕਣਕ ਅਤੇ 5797 ਕੁਇੰਟਲ ਦਾਲ ਦਾ ਕੋਟਾ ਪ੍ਰਾਪਤ ਹੋਇਆ ਹੈ।
ਇਸ ਵਿਚੋਂ 1,30,700 ਪਰਿਵਾਰਾਂ ਨੂੰ 3921 ਕੁਇੰਟਲ ਦਾਲ ਅਤੇ 5,22,800 ਲਾਭਪਾਤਰੀਆਂ ਨੂੰ 78,420 ਕੁਇੰਟਲ ਕਣਕ ਦੀ ਮੁਫ਼ਤ ਵੰਡ ਇਸ ਤੋਂ ਪਹਿਲਾਂ ਕੀਤੀ ਜਾ ਚੁੱਕੀ ਹੈ।
ਜ਼ਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਅਨੁਸਾਰ ਜ਼ਿਲੇ ’ਚ 702 ਰਾਸ਼ਨ ਡਿੱਪੂਆਂ ਰਾਹੀਂ ਕੀਤੀ ਜਾ ਰਹੀ ਉਕਤ ਅਨਾਜ ਵੰਡ ਦੌਰਾਨ ਲੋਕਾਂ ਨੂੰ ਸਹੀ ਤੋਲ ਤੇ ਪੂਰੀ ਮਾਤਰਾ ’ਚ ਕਣਕ ਤੇ ਦਾਲ ਮੁਹੱਈਆ ਕਰਵਾਉਣ ’ਤੇ ਪੂਰਾ ਜ਼ੋਰ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਜ਼ਿਲੇ ’ਚ ਅਗਲੇ ਇਕ ਹਫ਼ਤੇ ’ਚ ਇਨਾਂ ਪਰਿਵਾਰਾਂ ਦਰਮਿਆਨ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਅਨਾਜ ਦੀ ਵੰਡ ਨੂੰ ਮੁਕੰਮਲ ਕਰ ਲਿਆ ਜਾਵੇਗਾ।