ਅਸ਼ੋਕ ਵਰਮਾ
ਮਾਨਸਾ, 25 ਮਈ 2020: ਕਿਸਾਨ ਬਚਾਓ ਦੇਸ਼ ਬਚਾਓ ਦਿਵਸ ਮੌਕੇ ਕੁੱਲ ਹਿੰਦ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ਤੇ ਪੰਜਾਬ ਦੀਆਂ ਦਸ ਕਿਸਾਨ ਜਥੇਬੰਦੀਆਂ ਵੱਲੋਂ 27 ਮਈ ਨੂੰ ਰੋਸ ਪ੍ਰਦਰਸ਼ਨ ਦੌਰਾਨ ਮੰਗ ਪੱਤਰ ਦਿੱਤੇ ਜਾਣਗੇ। ਕਿਸਾਨ ਜਥੇਬੰਦੀਆਂ ਦੇ ਆਗੂਆਂ ਸਵਰਨ ਸਿੰਘ ਬੋੜਾਵਾਲ ਪੰਜਾਬ ਕਿਸਾਨ ਯੂਨੀਅਨ, ਮਲਕੀਤ ਸਿੰਘ ਮੰਦਰਾਂ ਕੁੱਲ ਹਿੰਦ ਕਿਸਾਨ ਸਭਾ, ਮਹਿੰਦਰ ਸਿੰਘ ਭੈਣੀ ਬਾਘਾ, ਅਤੇ ਜਮਹੂਰੀ ਕਿਸਾਨ ਸਭਾ ਦੇ ਅਮਰੀਕ ਸਿੰਘ ਫਫੜੇ ਭਾਈਕੇ ਵੱਲੋਂ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਵੀਹ ਲੱਖ ਕਰੋੜ ਦੇ ਪੈਕੇਜ ਦੇ ਪਰਦੇ ਹੇਠ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਗੁੰਮਰਾਹ ਕੀਤਾ ਗਿਆ ਹੈ। ਉਨਾਂ ਆਖਿਆ ਕਿ ਸਰਕਾਰ ਆਪਣੀਆਂ ਨੀਤੀਆਂ ਲਾਗੂ ਕਰਨ ਲਈ ਪੱਬਾਂ ਭਾਰ ਹੈ ਪਰ ਖੇਤੀ ਨੀਤੀਆਂ ਵਿੱਚ ਨਿਗਮੀਕਰਨ ਅਤੇ ਨਿੱਜੀਕਰਨ ਤਹਿਤ ਲਏ ਗਏ ਫੈਸਲੇ ਕਿਸਾਨੀ ਲਈ ਮਾਰੂ ਸਿੱਧ ਹੋਣਗੇ। ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਪੰਜ ਏਕੜ ਤੱਕ ਦੇ ਕਿਸਾਨਾਂ ਨੂੰ ਨਰੇਗਾ ਸਕੀਮ ਤਹਿਤ ਲਾਭ ਦਿੱਤੇ ਜਾਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਨੈਲ ਸਿੰਘ ਮਾਨਸਾ, ਕਿ੍ਰਸ਼ਨ ਚੌਹਾਨ, ਮੇਜਰ ਸਿੰਘ ਦੁਲੋਵਾਲ ਸਾਮਲ ਸਨ।