ਅਸ਼ੋਕ ਵਰਮਾ
ਮਾਨਸਾ, 25 ਮਈ 2020: ਕਰੋਨਾ ਵਾਇਰਸ ਦੀ ਔਖੀ ਘੜੀ ਦੌਰਾਨ ਸਰਕਾਰੀ ਸਕੂਲਾਂ ਦੇ ਲਗਭਗ 25 ਲੱਖ ਵਿਦਿਆਰਥੀਆਂ ਲਈ ਦੂਰਦਰਸ਼ਨ ਰਾਹੀਂ ‘ਘਰ ਬੈਠੇ ਸਿੱਖਿਆ’ ਦੀ ਦੇਸ਼ ਭਰ ਚੋਂ ਪਹਿਲ ਕਦਮੀਂ ਦਾ ਬੁੱਧੀਜੀਵੀਆਂ ਅਤੇ ਸਿੱਖਿਆ ਮਾਹਿਰਾਂ ਨੇ ਸਵਾਗਤ ਕੀਤਾ ਹੈ।ਸਟੇਟ ਅਵਾਰਡੀ ਲੈਕਚਰਾਰ ਅਤੇ ਸਹਿਤਕਾਰ ਡਾ ਜਗਦੀਪ ਸੰਧੂ ਸਰਕਾਰੀ ਸੈਕੰਡਰੀ ਸਕੂਲ ਮਾਨਾ ਸਿੰਘ ਵਾਲਾ ਦਾ ਦਾ ਕਹਿਣਾ ਹੈ ਕਿ ਘਰ ਬੈਠੇ ਵਿਦਿਆਰਥੀਆਂ ਲਈ ਸਕੂਲ ਬੰਦ ਦੇ ਸਮੇਂ ਦੌਰਾਨ ਇਹ ਪ੍ਰੋਗਰਾਮ ਚੰਗੇ ਲਾਭਦਾਇਕ ਸਿੱਧ ਹੋ ਰਹੇ ਹਨ। ਪ੍ਰਸਿੱਧ ਪੰਜਾਬੀ ਸ਼ਾਇਰ ਗੁਰਪ੍ਰੀਤ ਜੋ ਖੁਦ ਦੂਰਦਰਸ਼ਨ ਜ਼ਰੀਏ ਲੱਖਾਂ ਬੱਚਿਆਂ ਦੇ ਘਰ ਹੋ ਆਏ ਹਨ,ਦਾ ਕਹਿਣਾ ਹੈ ਕਿ ਅਧਿਆਪਕ ਇਸ ਨਵੇਂ ਮਾਧਿਅਮ ਰਾਹੀਂ ਪੜਾਉਂਦਿਆ ਨਿਵੇਕਲੇ ਅਨੁਭਵ ਚੋਂ ਗੁਜ਼ਰਦੇ ਹਨ,ਉਹ ਇਥੇਂ ਜਮਾਤ ਨਾਲੋਂ ਵੱਧ ਦਿਲਚਸਪੀ ਇਸ ਲਈ ਵੀਂ ਲੈਂਦੇ ਹਨ ਕਿਉਂਕਿ ਜਿਹੜੇ ਡੱਬੇ ਚੋਂ ਉਹ ਮਨੋਰੰਜਨ ਕਰਦੇ ਨੇ,ਉਸ ਚੋਂ ਅੱਜਕਲ ਪੜ ਵੀ ਰਹੇ ਨੇ।
ਉਘੇ ਗ਼ਜ਼ਲਗੋ ਅਤੇ ਪੰਜਾਬੀ ਲੈਕਚਰਾਰ ਮਨਜੀਤ ਪੁਰੀ ਦਾ ਕਹਿਣਾ ਹੈ ਕਿ ਘਰ ਬੈਠੇ ਵਿਦਿਆਰਥੀਆਂ ਲਈ ਦੂਰਦਰਸ਼ਨ ਬਾਕੀ ਦੇ ਹਾਈਟੈੱਕ ਸਾਧਨਾਂ ਦੇ ਮੁਕਾਬਲੇ ਜ਼ਿਆਦਾ ਕਾਰਗਰ ਸਾਬਤ ਹੋ ਰਿਹਾ ਹੈ,ਕਿਉਂਕਿ ਪੇਂਡੂ ਖੇਤਰ ਦੇ ਘਰ ਘਰ ਇਸ ਚੈੱਨਲ ਦੀ ਪਹੁੰਚ ਹੈ। ਸਾਹਿਤਕਾਰਾਂ ਅਧਿਆਪਕ ਪ੍ਰਵੀਨ ਸ਼ਰਮਾਂ ਬਠਿੰਡਾ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਅਪਣੇ ਅਧਿਆਪਕਾਂ ਤੋਂ ਇਲਾਵਾ ਹੋਰ ਵਿਸ਼ਾ ਮਾਹਿਰ ਅਧਿਆਪਕਾਂ ਤੋਂ ਵੀ ਪੜਨ ਸੁਣਨ ਦਾ ਮੋਕਾ ਮਿਲ ਰਿਹਾ ਹੈ,ਇਸ ਨਾਲ ਉਸ ਦੀ ਸੋਚ ਵਿਚਾਰ ਦਾ ਘੇਰਾ ਹੋਰ ਵਧ ਰਿਹਾ ਹੈ।ਸਾਹਿਤਕਾਰ ਅਧਿਆਪਕ ਅਤੇ ਸਟੇਟ ਰਿਸੋਰਸ ਪਰਸਨ ਪੰਜਾਬੀ ਬਲਵਿੰਦਰ ਸਿੰਘ ਬੁਢਲਾਡਾ ਦਾ ਕਹਿਣਾ ਹੈ ਕਿ ਟੀ ਵੀ ਰਾਹੀਂ ਵਿਦਿਆਰਥੀਆਂ ਦਾ ਪੜਣਾ ਵੱਖਰੀ ਤਰਾਂ ਦਾ ਚਾਅ ਉਨਾਂ ਦੇ ਮਨਾਂ ਹੈ,ਵਿਦਿਆਰਥੀ ਬੜੀ ਬੇਸਬਰੀ ਨਾਲ ਅਪਣੀ ਕਲਾਸ ਦੇ ਪ੍ਰੋਗਰਾਮਾਂ ਦੀ ਉਡੀਕ ਕਰਦੇ ਹਨ। ਸਹਿਤਕਾਰਾਂ ਅਧਿਆਪਕ ਕੰਵਲਜੀਤ ਕੌਰ ,ਰਾਜਵਿੰਦਰ ਕੌਰ ਜਟਾਣਾ ਪਟਿਆਲਾ, ਕਹਾਣੀਕਾਰ ਦਰਸ਼ਨ ਬਰੇਟਾ, ਨੇ ਵੀ ਦੂਰਦਰਸ਼ਨ ਜ਼ਰੀਏ ਸਿਲੇਬਸ ਅਧਾਰਿਤ ਪ੍ਰਸਾਰਣ ਪ੍ਰੋਗਰਾਮਾਂ ਨੂੰ ਵਿਦਿਆਰਥੀਆਂ ਲਈ ਲਾਹੇਵੰਦ ਦੱਸਿਆ।
ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸੁਰਜੀਤ ਸਿੰਘ ਸਿੱਧੂ ਅਤੇ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਰਬਜੀਤ ਸਿੰਘ ਨੇ ਕਿਹਾ ਕਿ ਦੂਰਦਰਸ਼ਨ ਜ਼ਰੀਏ ਮਾਹਿਰ ਸਿੱਖਿਆ ਅਧਿਆਪਕਾਂ ਦੇ ਹੋ ਰਹੇ ਸਿੱਖਿਆ ਪ੍ਰਸਾਰਣ ਪ੍ਰੋਗਰਾਮਾਂ ਨੂੰ ਲੈਕੇ ਵਿਦਿਆਰਥੀਆਂ ਚ ਉਤਸ਼ਾਹ ਹੈ,ਉਨਾਂ ਕਿਹਾ ਇਸ ਦੇ ਸਾਰਥਿਕ ਨਤੀਜੇ ਸਾਹਮਣੇ ਆਉਣਗੇ।