ਐਸ ਏ ਐਸ ਨਗਰ, ਮਈ 28, 2020:ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਸੂਬੇ ਦੇ ਕਿਸਾਨਾਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ।
ਮੌਸਮ ਦੀ ਭਵਿੱਖਵਾਣੀ:ਆਉਣ ਵਾਲੇ 48 ਘੰਟਿਆਂ ਦੌਰਾਨ ਪੰਜਾਬ ਵਿੱਚ 27 ਮਈ ਨੂੰ ਮੌਸਮ ਖੁਸ਼ਕ ਰਹਿਣ ਅਤੇ ਉਸ ਤੋਂ ਬਾਅਦ 28 ਮਈ ਨੂੰ ਕਿਤੇ-ਕਿਤੇ ਅਤੇ 29 ਮਈ ਨੂੰ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦਾ ਅਨੁਮਾਨ ਹੈ।
: 27 ਮਈ ਨੂੰ ਕੁਝ ਥਾਵਾਂ ਤੇ ਗਰਮ ਹਵਾਵਾਂ ਚੱਲਣ ਅਤੇ 28-30 ਮਈ ਤੱਕ ਕਿਤੇ-ਕਿਤੇ ਤੇਜ਼ ਹਵਾਵਾਂ ਚੱਲਣ (30-40 ਕਿਲੋਮੀਟਰ ਪ੍ਰਤੀ ਘੰਟਾ) ਨਾਲ ਗਰਜ ਚਮਕ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ।
ਅਗਲੇ ਦੋ ਦਿਨ੍ਹਾਂ ਦਾ ਮੌਸਮ: ਕਿਤੇ-ਕਿਤੇ ਬਾਰਿਸ਼/ਛਿੱਟੇ ਪੈਣ ਦਾ ਅਨੁਮਾਨ ਹੈ।
ਕਿਸਾਨਾਂ ਲਈ ਮੌਸਮ ਅਤੇ ਫਸਲਾਂ ਦਾ ਹਾਲ: ਆਉਣ ਵਾਲੇ ਦਿਨ੍ਹਾਂ ਵਿੱਚ ਹਨ੍ਹੇਰੀਆਂ ਚੱਲਣ ਦੀ ਸ਼ੰਭਾਵਨਾ ਨੂੰ ਦੇਖਦੇ ਹੋਏ ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਨ੍ਹਾਂ ਦਿਨ੍ਹਾਂ ਵਿੱਚ ਕਿਸੇ ਵੀ ਫਸਲ ਤੇ ਸਪ੍ਰੇਅ ਆਦਿ ਨਾ ਕਰਨ। ਟਿੱਡੀ ਦਲ ਦੇ ਪ੍ਰਕੋਪ ਤੋਂ ਬੱਚਣ ਲਈ ਕਿਸਾਨ ਵੀਰ ਲਗਾਤਾਰ ਸਰਵੇਖਣ ਕਰਦੇ ਰਹਿਣ ਅਤੇ ਬਚਾਅ ਲਈ ਸਾਵਧਾਨੀਆਂ ਜ਼ਰੂਰ ਵਰਤਣ।
ਖੇਤੀ ਫਸਲਾਂ:
ਨਰਮਾ: ਕੰਘੀ ਬੂਟੀ ਅਤੇ ਪੀਲੀ ਬੂਟੀ ਨੂੰ ਵੱਟਾਂ ਬੰਨਿਆਂ ਤੋਂ ਖ਼ਤਮ ਕਰ ਦਿਉ. ਚਿੱਟੀ ਮੱਖੀ ਦੇ ਫੈਲਾਅ ਨੂੰ ਰੋਕਣ ਲਈ ਬਿਜਾਈ ਤੋਂ ਪਹਿਲਾਂ ਖਾਲੀ ਥਾਂਵਾਂ, ਸੜਕਾਂ ਦੇ ਕਿਨਾਰਿਆਂ, ਖਾਲਿਆਂ ਦੀਆਂ ਵੱਟਾਂ ਅਤੇ ਬੇਕਾਰ ਪਈ ਭੂਮੀ ਵਿੱਚੋਂ ਚਿੱਟੀ ਮੱਖੀ ਦੇ ਬਦਲਵੇਂ ਨਦੀਨ ਜਿਵੇਂ ਕਿ ਕੰਘੀ ਬੂਟੀ, ਪੀਲੀ ਬੂਟੀ, ਪੁੱਠ ਕੰਡਾ, ਧਤੂਰਾ, ਭੰਗ ਆਦਿ ਨੂੰ ਨਸ਼ਟ ਕਰ ਦਿ
ਝੋਨਾ: ਝੋਨੇ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਜਿਵੇਂ ਪੀ ਆਰ 129, ਪੀ ਆਰ 128, ਪੀ ਆਰ 127, ਪੀ ਆਰ 126, ਪੀ ਆਰ 124, ਪੀ ਆਰ 123, ਪੀ ਆਰ 122, ਪੀ ਆਰ 121, ਪੀ ਆਰ 114, ਪੀ ਆਰ 113 ਕਿਸਮਾਂ ਦੀ ਪਨੀਰੀ ਦੀ ਬਿਜਾਈ ਪੂਰੀ ਕਰ ਲਉ।
ਝੋਨੇ ਦੇ ਬੀਜ ਉਤੇ ਕਈ ਤਰਾਂ ਦੀਆਂ ਬਿਮਾਰੀਆਂ ਦੀ ਲਾਗ ਨੂੰ ਰੋਕਣ ਲਈ ਬੀਜ ਦੀ ਸੋਧ ਜ਼ਰੂਰ ਕਰੋ
ਗਰਮੀ ਰੁੱਤ ਦੀ ਮੂੰਗੀ : ਗਰਮੀ ਰੁੱਤ ਦੀ ਮੂੰਗੀ ਤੇ ਨਦੀਨਾਂ ਦੀ ਰੋਕਥਾਮ ਲਈ ਪਹਿਲੀ ਗੋਡੀ ਬਿਜਾਈ ਤੋਂ 4 ਹਫਤੇ ਪਿੱਛੋਂ ਅਤੇ ਦੂਜੀ ਉਸਤੋਂ ਦੋ ਹਫਤੇ ਪਿੱਛੋਂ ਕਰੋ।
ਕਮਾਦ: ਕਮਾਦ ਦੀ ਫ਼ਸਲ ਨੂੰ 8-10 ਦਿਨਾਂ ਦੇ ਵਕਫ਼ੇ ਤੇ ਪਾਣੀ ਦਿੰਦੇ ਰਹੋ। ਪਾਣੀ ਦੀ ਬੱਚਤ ਲਈ ਗੰਨੇ ਦੀਆਂ ਲਾਈਨਾਂ ਵਿਚਕਾਰ 20-25 ਕੁੰ. ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨੇ ਦੀ ਪਰਾਲੀ ਜਾਂ ਗੰਨੇ ਦੀ ਪੱਤੀ ਵਿਛਾ ਦੇਵੋ ।
ਕਾਲੇ ਖਟਮਲ ਦੀ ਰੋਕਥਾਮ ਲਈ 350 ਮਿਲੀਲਿਟਰ ਡਰਸਬਾਨ/ਲੀਥਲ/ਮਾਸਬਾਨ/ਗੋਲਡਬਾਨ 20 ਤਾਕਤ ਨੂੰ 400 ਲਿਟਰ ਪਾਣੀ ਵਿੱਚ ਮਿਲਾ ਕੇ ਇਕ ਏਕੜ ਤੇ ਛਿੜਕਾਅ ਕਰੋ। ਛਿੜਕਾਅ ਦਾ ਰੁੱਖ਼ ਪੱਤਿਆਂ ਦੀ ਗੋਭ ਵੱਲ ਰੱਖੋ।
ਕਮਾਦ ਦੀ ਜੂੰ ਦੀ ਰੋਕਥਾਮ ਲਈ ਫ਼ਸਲ ਕੋਲ ਬਰੂ ਦੇ ਬੂਟੇ ਹੋਣ ਤਾਂ ਜੜ੍ਹੋਂ ਪੁੱਟ ਕੇ ਨਸ਼ਟ ਕਰ ਦਿਉ ਕਿਉਂਕਿ ਇਨ੍ਹਾਂ ਤੇ ਵੀ ਕੀੜਾ ਹੋ ਸਕਦਾ ਹੈ।
ਸੂਰਜਮੁਖੀ : ਗਰਮੀ ਦੇ ਪ੍ਰਕੋਪ ਤੋਂ ਬਚਾਅ ਲਈ ਸੂਰਜਮੁਖੀ ਦੀ ਫ਼ਸਲ ਨੂੰ 8-10 ਦਿਨਾਂ ਦੇ ਵਕਫ਼ੇ ਤੇ ਪਾਣੀ ਦਿੰਦੇ ਰਹੋ।
ਚਾਰਾ: ਗੈਰ ਫ਼ਲੀਦਾਰ ਅਤੇ ਫ਼ਲੀਦਾਰ ਚਾਰੇ ਜਿਵੇਂ ਕਿ ਮੱਕੀ+ਰਵਾਂਹ ਰਲਾ ਕੇ ਬੀਜੋ, ਇਸ ਤਰ੍ਹਾਂ ਜ਼ਿਆਦਾ ਪੌਸ਼ਟਿਕ ਚਾਰਾ ਮਿਲੇਗਾ । ਚਾਰੇ ਦੇ ਚੰਗੇ ਵਾਧੇ ਲਈ ਕੁਝ ਵਕਫ਼ੇ ਬਾਅਦ ਲਗਾਤਾਰ ਪਾਣੀ ਦਿਉ।
ਸਬਜ਼ੀਆਂ : ਸਬਜ਼ੀਆਂ ਦੀਆਂ ਖੜ੍ਹੀਆਂ ਫ਼ਸਲਾਂ ਨੂੰ ਹਫ਼ਤੇ ਬਾਅਦ ਪਾਣੀ ਦਿਉ।
ਸਾਰੀਆਂ ਸਬਜ਼ੀਆਂ ਜਿਵੇਂ ਕਿ ਹਲਵਾ ਕੱਦੂ, ਮਿਰਚਾਂ, ਰਾਮ ਤੋਰੀ, ਹਦਵਾਣੇ, ਟੀਂਡੇ, ਖ਼ਰਬੂਜੇ, ਖੀਰੇ, ਬੈਂਗਣ, ਰਵਾਂਹ, ਭਿੰਡੀ ਆਦਿ ਦੀ ਤੁੜਾਈ ਸ਼ੁਰੂ ਕਰ ਦਿਓ।
ਸਬਜ਼ੀਆਂ ਇੱਕ ਦਿਨ ਛੱਡ ਕੇ ਸ਼ਾਮ ਨੂੰ ਤੋੜੋ ਕਿਉਂਕਿ ਸਵੇਰ ਦੇ ਸਮੇਂ ਇਨ੍ਹਾਂ ਦੀ ਪਰ-ਪ੍ਰਾਗਣ ਕਿਰਿਆ ਖ਼ਰਾਬ ਹੋ ਸਕਦੀ ਹੈ।
ਬੈਂਗਣ ਦੇ ਫ਼ਲ ਅਤੇ ਤਣੇ ਦੇ ਗੜੂੰਏ ਦੀ ਰੋਕਥਾਮ ਲਈ 80 ਮਿਲੀਲਿਟਰ ਕੋਰਾਜਨ 18.5 ਐਸ ਸੀ ਜਾਂ 80 ਗ੍ਰਾਮ ਪ੍ਰੋਕਲੇਮ 5 ਐਸ ਜੀ ਨੂੰ 100-125 ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਫ਼ਸਲ ਤੇ ਛਿੜਕਾਅ ਕਰੋ।
ਬਾਗਬਾਨੀ: ਗਰਮੀ ਦੇ ਭੈੜੇ ਅਸਰ ਤੋਂ ਫ਼ਲਦਾਰ ਬੂਟਿਆਂ ਨੂੰ ਬਚਾਉਣ ਲਈ ਤਣਿਆਂ ਤੇ ਕਲੀ (ਸਫ਼ੈਦੀ) ਕਰ ਦਿਉ।ਫਲਦਾਰ ਬੂਟਿਆਂ ਨੂੰ ਹਫ਼ਤੇ ਵਿਚ ਦੋ ਵਾਰ ਪਾਣੀ ਦਿਉ
ਅੰਬਾਂ ਵਿੱਚ ਕੇਰੇ ਦੀ ਰੋਕਥਾਮ ਲਈ 2,4-ਡੀ ਸੋਡੀਅਮ ਸਾਲਟ (ਹਾਰਟੀਕਲਚਰ ਗ੍ਰੇਡ) 10.0 ਗ੍ਰਾਮ ਪ੍ਰਤੀ 500 ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ।
ਆੜੂ ਦੇ ਫ਼ਲਾਂ ਵਿੱਚ ਫ਼ਲ ਦੀ ਮੱਖੀ ਦੇ ਹਮਲੇ ਦੀ ਰੋਕਥਾਮ ਲਈ ਪੀ.ਏ.ਯੂ. ਫ਼ਰੂਟ ਫ਼ਲਾਈ ਟਰੈਪ (16 ਟਰੈਪ ਪ੍ਰਤੀ ਏਕੜ) ਲਗਾਉ।