ਚੰਡੀਗੜ੍ਹ, 01 ਜੂਨ 2020: ਭਾਰਤ ਦੀ ਸਾਬਕਾ ਡਿਪਟੀ ਕੰਟਰੋਲਰ ਅਤੇ ਆਡੀਟਰ ਜਨਰਲ ਸ੍ਰੀਮਤੀ ਅਜੰਤਾ ਦਿਆਲਨ ਨੇ ਸੋਮਵਾਰ, 1 ਜੂਨ ਨੂੰ ਕੇਂਦਰੀ ਪ੍ਰਬੰਧਕੀ ਟ੍ਰਿਬਿਊਨਲ, ਚੰਡੀਗੜ੍ਹ ਬੈਂਚ ਦੇ ਪ੍ਰਬੰਧਕੀ ਮੈਂਬਰ ਦਾ ਅਹੁਦਾ ਸੰਭਾਲਿਆ। ਇਸ ਬੈਂਚ ਦੇ ਅਧਿਕਾਰ ਖੇਤਰ ਵਿੱਚ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਤੇ ਚੰਡੀਗੜ੍ਹ, ਜੰਮੂ ਕਸ਼ਮੀਰ, ਅਤੇ ਲੱਦਾਖ ਕੇਂਦਰ ਸ਼ਾਸਤ ਪ੍ਰਦੇਸ਼ ਆਉਂਦੇ ਹਨ।
ਸ੍ਰੀਮਤੀ ਅਜੰਤਾ ਦਿਆਲਨ, ਆਪਣੀ ਮੌਜੂਦਾ ਤਾਇਨਾਤੀ ਤੋਂ ਪਹਿਲਾਂ ਸੀਏਟੀ ਦੇ ਇਲਾਹਾਬਾਦ ਬੈਂਚ ਦੇ ਪ੍ਰਬੰਧਕੀ ਮੈਂਬਰ ਦੇ ਤੌਰ ‘ਤੇ ਤਾਇਨਾਤ ਸਨ।
ਸ੍ਰੀਮਤੀ ਅਜੰਤਾ ਦਿਆਲਨ ਭਾਰਤੀ ਆਡਿਟ ਅਤੇ ਅਕਾਊਂਟ ਸਰਵਿਸ (ਆਈਏਏਐਸ) ਦੇ 1978 ਬੈਚ ਦੇ ਅਧਿਕਾਰੀ ਹਨ। ਉਹਨਾਂ ਕੋਲ ਵੱਖ ਵੱਖ ਸਮਰੱਥਾਵਾਂ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਵਿੱਚ ਕੰਮ ਕਰਨ ਦਾ 38 ਸਾਲਾਂ ਤੋਂ ਵੱਧ ਦਾ ਤਜ਼ੁਰਬਾ ਹੈ। ਆਪਣੀ ਸੇਵਾਮੁਕਤੀ ਤੋਂ ਪਹਿਲਾਂ, ਉਹ 2 ਸਾਲ ਤੱਕ ਡਿਪਟੀ ਡਾਇਰੈਕਟਰ ਐਂਡ ਆਡੀਟਰ ਜਨਰਲ ਆਫ਼ ਇੰਡੀਆ ਅਤੇ ਭਾਰਤੀ ਆਡਿਟ ਅਤੇ ਅਕਾਊਂਟ ਸਰਵਿਸ ਦੇ ਮੁਖੀ ਸਨ। ਇਸ ਤਰ੍ਹਾਂ, ਉਹ ਕੇਂਦਰੀ ਅਤੇ ਰਾਜ ਸਰਕਾਰਾਂ ਦੇ ਆਡਿਟ ਲਈ ਆਡਿਟ ਨੀਤੀ ਨਾਲ ਜੁੜੇ ਸਾਰੇ ਮਾਮਲਿਆਂ ਲਈ ਜ਼ਿੰਮੇਵਾਰ ਸਨ; ਆਈਏਏਐਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਮਾਮਲੇ ਦਾ ਕੇਡਰ ਕੰਟਰੋਲ; ਅਤੇ ਸੰਯੁਕਤ ਰਾਸ਼ਟਰ ਦੇ ਆਡਿਟ ਸਮੇਤ ਅੰਤਰਰਾਸ਼ਟਰੀ ਸੰਬੰਧਾਂ ਲਈ ਜ਼ਿੰਮੇਵਾਰ ਸਨ।
ਉਹਨਾਂ 6 ਸਾਲਾਂ ਤੋਂ ਵੱਧ ਸਮੇਂ ਤੱਕ ਕੈਬਨਿਟ ਸਕੱਤਰੇਤ ਵਿੱਚ ਵਧੀਕ ਸੈਕਟਰੀ / ਸੰਯੁਕਤ ਸਕੱਤਰ ਵਜੋਂ ਵੀ ਸੇਵਾਵਾਂ ਨਿਭਾਈਆਂ। ਇੱਥੇ ਉਹ ਉੱਚ ਪੱਧਰੀ ਨੀਤੀਗਤ ਨਿਰਮਾਣ ਅਤੇ ਫੈਸਲੇ ਲੈਣ ਵਿੱਚ ਸਹਾਇਤਾ ਕਰਨ ਲਈ ਅਤੇ ਭਾਰਤ ਸਰਕਾਰ ਦੇ ਆਰਥਿਕ ਅਤੇ ਸਮਾਜਿਕ ਮੰਤਰਾਲਿਆਂ ਜਿਵੇਂ ਵਿੱਤ, ਵਣਜ, ਖੇਤੀਬਾੜੀ, ਖਾਦ ਆਦਿ ਤੋਂ ਲੈ ਕੇ ਮੰਤਰੀ ਮੰਡਲ ਅਤੇ ਇਸ ਦੀਆਂ ਕਮੇਟੀਆਂ ਦੇ ਸਾਰੇ ਪ੍ਰਸਤਾਵ/ਮੁੱਦਿਆਂ ਨੂੰ ਪੇਸ਼ ਕਰਨ ਲਈ ਜ਼ਿੰਮੇਵਾਰ ਸਨ।
ਉਹਨਾਂ ਨੂੰ ਬਿਜਲੀ ਖੇਤਰ ਦਾ ਡੂੰਘਾ ਗਿਆਨ ਹੈ ਕਿਉਂਜੋ ਉਹਨਾਂ ਪੰਜਾਬ ਰਾਜ ਬਿਜਲੀ ਬੋਰਡ ਦੇ ਮੈਂਬਰ (ਵਿੱਤ) ਅਤੇ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੀ ਸੰਸਥਾਪਕ ਸਕੱਤਰ ਦੇ ਤੌਰ ‘ਤੇ ਸੇਵਾਵਾਂ ਨਿਭਾਈਆਂ ਹਨ। ਪਹਿਲੇ ਟੈਰਿਫ ਆਰਡਰ ਵਿਚ ਹੀ, ਪੰਜਾਬ ਵਿਚ ਖੇਤੀਬਾੜੀ ਸਪਲਾਈ ਲਈ ਟੈਰਿਫ, ਜੋ ਹੁਣ ਤੱਕ ਮੁਫਤ ਸੀ, ਲਾਗੂ ਕੀਤਾ ਗਿਆ।
ਉਹਨਾਂ ਤਿੰਨ ਰਾਜਾਂ ਪੰਜਾਬ, ਹਰਿਆਣਾ ਅਤੇ ਕੇਰਲ ਦੇ ਅਕਾਉਂਟੈਂਟ ਜਨਰਲ ਵਜੋਂ ਵੀ ਸੇਵਾਵਾਂ ਨਿਭਾਈਆਂ।
ਉਹਨਾਂ ਯੂਐਸਏ, ਚੀਨ, ਯੂਕੇ, ਕੈਨੇਡਾ, ਬ੍ਰਾਜ਼ੀਲ, ਨੀਦਰਲੈਂਡਜ਼ ਆਦਿ ਕਈ ਦੇਸ਼ਾਂ ਵਿੱਚ ਭਾਰਤ ਸਰਕਾਰ ਦੀ ਪ੍ਰਤੀਨਿਧਤਾ ਕੀਤੀ। ਉਹ ਯੂਐਨਸੀਐਚਐਸ ਅਤੇ ਯੂਐਨਓ ਵਿੱਚ ਯੂ ਐਨ ਆਡਿਟ ਟੀਮ ਦੀ ਟੀਮ ਲੀਡਰ ਵੀ ਸਨ।
ਅਜੰਤਾ ਦਿਆਲਨ ਉੱਤਰ ਪ੍ਰਦੇਸ਼ ਨਾਲ ਸਬੰਧਤ ਹਨ ਅਤੇ ਉਹਨਾਂ ਦੇ ਪਿਤਾ ਮਰਹੂਮ ਜਸਟਿਸ ਮੁਰਲੀ ਧਾਰ (ਸੇਵਾਮੁਕਤ) ਅਲਾਹਾਬਾਦ ਹਾਈ ਕੋਰਟ ਦੇ ਜੱਜ ਸਨ ਅਤੇ ਇਕ ਮਾਣਯੋਗ ਸੀਨੀਅਰ ਵਕੀਲ ਅਤੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਸਨ। ਉਹ ਆਈਆਈਟੀ ਕਾਨਪੁਰ ਅਤੇ ਹਾਰਵਰਡ ਕੈਨੇਡੀ ਸਕੂਲ ਦੇ ਸਾਬਕਾ ਵਿਦਿਆਰਥੀ ਵੀ ਸਨ।