← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰਡਾ, 01 ਜੂਨ 2020: ਸਹਿਕਾਰੀ ਬੈਂਕ ਦੀ ਹਰਰਾਏਪੁਰ ਬਰਾਂਚ ਵੱਲੋਂ ਕੀਤੀ ਹੱਦ ਕਰਜਿਆਂ ’ਚ ਕਥਿਤ ਕਟੌਤੀ ਤੋਂ ਭੜਕੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਬੈਂਕ ਦਾ ਘਿਰਾਓ ਕਰਕੇ ਬੈਂਕ ਮੁਲਾਜਮਾਂ ਨੂੰ ਬੰਦੀ ਬਣਾ ਲਿਆ। ਆਖਰੀ ਖਬਰਾਂ ਲਿਖੇ ਜਾਣ ਤੱਕ ਕਿਸਾਨ ਟੱਸ ਤੋਂ ਮੱਸ ਨਹੀਂ ਹੋਏ ਸਨ। ਬਠਿੰਡਾ ਜਿਲੇ ’ਚ ਕਿਸਾਨਾਂ ਵੱਲੋਂ ਸਹਿਕਾਰੀ ਬੈਂਕ ਦੇ ਮੁਲਾਜਮਾਂ ਨੂੰ ਬੰਦੀ ਬਨਾਉਣ ਨਾਲ ਮਹੌਲ ਤਣਾਅ ਪੂਰਨ ਬਣ ਗਿਆ ਹੈ। ਅੱਜ ਸਹਿਕਾਰੀ ਸਭਾਵਾਂ ਯੂਨੀਅਨ ਅਤੇਪੰੰਜਾਬ ਖੇਤ ਮਜਦੂਰ ਯੂਨੀਅਨ ਦੇ ਆਗੂ ਕਾਕਾ ਸਿੰਘ ਨੇ ਵੀ ਕਿਸਾਨਾਂ ਦੇ ਧਰਨੇ ’ਚ ਸ਼ਮੂਲੀਅਤ ਕੀਤੀ ਅਤੇ ਮੰਗ ਦੀ ਹਮਾਇਤ ਕਰ ਦਿੱਤੀ। ਧਰਨਿਆਂ ਤੇ ਬੈਠੇ ਕਿਸਾਨਾਂ ਨੇ ਆਖਿਆ ਕਿ ਉਹ ਖਾਲੀ ਹੱਥ ਘਰਾਂ ਨੂੰ ਨਹੀਂ ਜਾਣਗੇ । ਵੇਰਵਿਆਂ ਅਨੁਸਾਰ ਮਾਮਲਾ ਕੁੱਝ ਇਸ ਤਰਾਂ ਹੈ ਕਿ ਕੋਆਪਰੇਟਿਵ ਬੈਂਕ ਬਰਾਂਚ ਹਰਰਾਏਪੁਰ(ਤਿੰਨਕੋਣੀ) ’ਚ ਲੰਘੀ 29ਮਈ ਨੂੰ ਜੀਦਾ ਸਹਿਕਾਰੀ ਸਭਾ ਦੇ ਮੈਂਬਰ ਕਰਜੇ ਲੈੰਣ ਵਾਸਤੇ ਬੈਂਕ ਵਿੱਚ ਪਹੁੰਚੇ ਸਨ ਜਿੰਨਾਂ ਨੇ ਸਭਾ ਦੇ ਸਕੱਤਰ ਤੋਂ 14ਹਜਾਰ ਪ੍ਰਤੀ ਏਕੜ ਦੇ ਹਿਸਾਬ ਚੈੱਕ ਭਰਵਾਏ ਸਨ। ਕਿਸਾਨਾਂ ਨੇ ਦੱਸਿਆ ਕਿ ਜਿੰਨਾਂ ਮੈਂਬਰਾਂ ਦੀ ਸਿਫਾਰਸ਼ ਸੀ ਉਨਾਂ ਨੂੰ 14 ਹਜਾਰ ਦੇ ਹਿਸਾਬ ਨਾਂਲ ਕਰਜਾ ਜਾਰੀ ਕੀਤਾ ਗਿਆ ਹੈ ਜਦੋਂਕਿ ਬਾਕੀਆਂ ਨੂੰ 13ਹਜਾਰ ਰੁਪਏ ਪ੍ਰਤੀ ਏਕੜ ਦੇਣ ਦੀ ਗੱਲ ਆਖੀ ਗਈ। ਉਨਾਂ ਦੋਸ਼ ਲਾਇਆ ਕਿ ਉਨਾਂ ਨੂੰ ਤਿੰਨ ਘੰਟੇ ਬਿਠਾਕੇ ਰੱਖਿਆ ਗਿਆ ਜਿਸ ਕਰਕੇ ਉਨਾਂ ਨੂੰ ਜਲਾਲਤ ਝੱਲਣੀ ਪਈ ਹੈ। ਕਿਸਾਨਾਂ ਨੇ ਆਖਿਆ ਕਿ ਉਨਾਂ ਨੇ ਮੈਨੇਜਰ ਕੋਲ ਵਾਸਤਾ ਵੀ ਪਾਇਆ ਸੀ ਪਰ ਉਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਹੈ।।ਕਿਸਾਨਾਂ ਨੇ ਸਪਸ਼ਟ ਕੀਤਾ ਹੈ ਕਿ ਜਦੋਂ ਤੱਕ 14 ਹਜਾਰ ਰੁਪਏ ਦੀ ਅਦਾਇਗੀ ਨਹੀਂ ਕੀਤੀ ਜਾਂਦੀ ਉਦੋਂ ਤੱਕ ਇਸ ਮੋਰਚੇ ਦਾ ਚੱਲਣਾ ਤੈਅ ਹੈ । ਓਧਰਰਸਹਿਕਾਰੀ ਸਭਾਵਾਂ ਯੂਨੀਅਨ ਵੱਲੋਂ ਕਿਸਾਨ ਮੋਰਚੇ ਨੂੰ ਦਿੱਤੀ ਹਮਾਇਤ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸਿੱਧੇ ਤੌਰ ਤੇ ਸੰਘਰਸ਼ ’ਚ ਕੁੱਦਣ ਨੇ ਬੈਂਕ ਪ੍ਰਬੰਧਕਾਂ ਨੂੰ ਕਸੂਤਾ ਫਸਾ ਦਿੱਤਾ ਹੈ। ਸੂਤਰ ਦੱਸਦੇ ਹਨ ਕਿ ਬੈਂਕ ਅਧਿਕਾਰੀਆਂ ਨੇ ਮਸਲੇ ਦਾ ਹੱਲ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਿੰਨਾਂ ਦਾ ਕੋਈ ਸਿੱਟਾ ਨਹੀਂ ਨਿਕਲ ਸਕਿਆ ਹੈ ਜਾਣ ਬੁੱਝ ਕੇ ਖੱਜਲ ਖੁਆਰੀ: ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਕੰਮ ਕਾਜ ਦੇ ਦਿਨਾਂ ’ਚ ਬੈਂਕ ਪ੍ਰਬੰਧਕ ਜਾਣ ਬੁੱਝ ਕੇ ਕਿਸਾਨਾਂ ਨੂੰ ਖੱਜਲ ਖੁਆਰ ਕਰ ਰਹੇ ਹਨ। ਉਨਾਂ ਆਖਿਆ ਕਿ ਬੈਂਕ ਕਿਸਾਨਾਂ ਨੂੰ ਆੜਤੀਆਂ ਦੇ ਚੁੰਗਲ ’ਚ ਫਸਾਉਣ ਵਾਲੇ ਫੈਸਲੇ ਲੈ ਰਿਹਾ ਹੈ ਜਿਸ ਨੂੰ ਪ੍ਰਵਾਨ ਨਹੀਂ ਕੀਤਾ ਜਾਏਗਾ। ਉਨਾਂ ਦੱਸਿਆ ਕਿ ਹੋਰ ਜਿਲਿਆਂ ’ਚ 14 ਹਜਾਰ ਰੁਪਏ ਪ੍ਰਤੀ ਏਕੜ ਦਿੱਤਾ ਜਾ ਰਿਹਾ ਹੈ ਪਰ ਸਹਿਕਾਰੀ ਬੈਂਕ ਬਠਿੰਡਾ ਦਾ ਬਾਬਾ ਆਦਮ ਨਿਰਾਲਾ ਹੈ। ਉਨਾਂ ਕਿਸਾਨਾਂ ਨੂੰ 14 ਹਜਾਰ ਰੁਪਏ ਨਕਦ ਦੇਣ ਦੀ ਮੰਗ ਦੁਰਹਾਉਂਦਿਆਂ ਆਖਿਆ ਕਿ ਜੇਕਰ ਮੰਗ ਨਾਂ ਮੰਨੀ ਗਈ ਤਾਂ ਉਹ ਸੰਘਰਸ਼ ਤੇਜ ਕਰ ਦੇਣਗੇ। ਬੈਂਕ ਬਣਦੀ ਰਾਸ਼ੀ ਅਦਾ ਕਰੇ:ਕੋਟਸ਼ਮੀਰ ਸਹਿਕਾਰੀ ਸਭਾਵਾਂ ਯੂਨੀਅਨ ਦੀ ਸੂਬਾ ਕਮੇਟੀ ਦੇ ਮੈਂਬਰ ਜਸਕਰਨ ਸਿੰਘ ਕੋਟਸ਼ਮੀਰ ਅਤੇ ਜਿਲਾ ਪ੍ਰਧਾਨ ਗੁਰਪਾਲ ਸਿੰਘ ਗਹਿਰੀਭਾਗੀ ਦਾ ਕਹਿਣਾ ਸੀ ਕਿ ਸੰਕਟ ਦਾ ਵੇਲਾ ਹੋਣ ਕਰਕੇ ਅਜਿਹਾ ਕਰਨਾ ਹੀ ਨਹੀਂ ਬਣਦਾ ਹੈ। ਉਨਾਂ ਆਖਿਆ ਕਿ ਸਿਰਫ ਬਠਿੰਡਾ ਜਿਲੇ ’ਚ ਹੀ ਇਹ ਵਰਤਾਰਾ ਕਿਓਂ ਹੈ ਇਸ ਦੀ ਉੱਚ ਪੱਧਰੀ ਪੜਤਾਲ ਹੋਣੀ ਚਾਹੀਦੀ ਹੈ। ਉਨਾਂ ਕਿਹਾ ਕਿ ਬੈਂਕ ਕਿਸਾਨਾਂ ਦੀ ਬਣਦੀ ਰਾਸ਼ੀ ਅਦਾ ਕਰੇ ਨਹੀਂ ਤਾਂ ਉਹ ਵੀ ਸੰਘਰਸ਼ ’ਚ ਕੁੱਦਣਗੇ। ਸਮਝੌਤੇ ਮੁਤਾਬਕ ਅਦਾਇਗੀ:ਐਮਡੀ ਕੇਂਦਰੀ ਸਹਿਕਾਰੀ ਬੈਂਕ ਬਠਿੰਡਾ ਦੇ ਮੈਨੇਜਿੰੰਗ ਡਾਇਰੈਕਟਰ ਸ੍ਰੀ ਜਸਪਾਲ ਸਿੰਘ ਦਾ ਕਹਿਣਾ ਸੀ ਕਿ ਪਹਿਲਾਂ ਕੇਂਦਰੀ ਸਹਿਕਾਰੀ ਬੈਂਕ ਪੰਜਾਬ ਦੇ ਐਮਡੀ ਨਾਲ ਕਿਸਾਨਾਂ ਦਾ ਸਮਝੌਤਾ ਹੋਇਆ ਸੀ ਉਸ ਮੁਤਾਬਕ ਹੀ ਅਦਾਇਗੀ ਕੀਤੀ ਜਾ ਰਹੀ ਹੈ। ਉਨਾਂ ਆਖਿਆ ਕਿ ਕੰਪਿਊਟਰ ਦੀ ਗਲਤੀ ਨਾਲ ਕੁੱਝ ਕਿਸਾਨਾਂ ਨੂੰ 14 ਹਜਾਰ ਰੁਪਏ ਜਾਰੀ ਹੋ ਗਏ ਸਨ ਜਿਸ ਨੂੰ ਮੁੱਦਾ ਬਣਾ ਕੇ ਕਿਸਾਨ ਧਰਨਾ ਲਾਈ ਬੈਠੇ ਹਨ। ਜਿਲਾ ਮੈਨਜਰ ਨੂੰ ਮੌਕੇ ਤੇ ਭੇਜਿਆ:ਡੀਆਰ ਸਹਿਕਾਰਤਾ ਵਿਭਾਗ ਦੇ ਡਿਪਟੀ ਰਜਿਸਟਰਾਰ ਸੁਨੀਲ ਕੁਮਾਰ ਦਾ ਕਹਿਣਾ ਸੀ ਕਿ ਅਸਲ ’ਚ ਬੈਂਕ ਕੋਲ ਏਨੇ ਫੰਡ ਨਹੀਂ ਜਿਸ ਕਰਕੇ ਸਾਰੇ ਕਿਸਾਨਾਂ ਨੂੰ 14 ਹਜਾਰ ਦੇਣਾ ਮੁਸ਼ਕਲ ਹੈ। ਉਨਾਂ ਆਖਿਆ ਕਿ ਜਿਲਾ ਮੈਨਜਰ ਨਿਪੁਨ ਕੁਮਾਰ ਨੂੰ ਮਸਲੇ ਦੇ ਹੱਲ ਲਈ ਭੇਜਿਆ ਹੈ। ਘੱਟ ਵਿਆਜ ਕਰਕੇ ਬੈਂਕ ਕਿਸਾਨਾਂ ਦੀ ਪਸੰਦ ਪਤਾ ਲੱਗਿਆ ਹੈ ਕਿ ਸਹਿਕਾਰੀ ਬੈਂਕਾਂ ਤੋਂ ਖੇਤੀ ਲਿਮਟ ਬਨਾਉਣ ਲਈ 11 ਫੀਸਦੀ ਦੀ ਦਰ ਨਾਲ ਵਿਆਜ ਲਗਦਾ ਹੈ। ਇਸ ਦੇ ਉਲਟ ਪੇਂਡੂ ਸਹਿਕਾਰੀ ਸਭਾਵਾਂ ਰਾਹੀਂ ਦਿੱਤੇ ਜਾਂਦੇ ਕਰਜੇ ਤੇ ਵਿਆਜ ਦੀ ਦਰ ਸਿਰਫ 7 ਪ੍ਰਤੀਸ਼ਤ ਹੈ। ਇਸ ਚੋਂ ਵੀ ‘ਗੁੱਡ ਪੇਅ ਮਾਸਟਰਾਂ’ ਨੂੰ 3 ਫੀਸਦੀ ਦੀ ਛੋਟ ਮਿਲ ਜਾਂਦੀ ਜਿਸ ਕਰਕੇ ਸਹਿਕਾਰੀ ਬੈਂਕ ਇਸ ਨੂੰ ਤਰਜੀਹ ਨਹੀਂ ਦਿੰਦੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਵਿਆਜ ਵਿਚਲਾ ਪਾੜਾ ਅਧਿਕਾਰੀਆਂ ਦੀ ਅੱਖ ਤਿਣ ਬਣਿਆ ਹੋਇਆ ਹੈ ਜਿਸ ਕਰਕੇ ਉਨਾਂ ਨੂੰ ਖੱਜਲ ਖੁਆਰ ਕੀਤਾ ਜਾਂਦਾ ਹੈ ਤਾਂ ਜੋ ਉਹ ਮਜਬੂਰ ਹੋਕੇ ਵੱਧ ਵਿਆਜ ਵਾਲੀ ਲਿਮਟ ਬਣਵਾ ਲੈਣ।
Total Responses : 265