ਹਸਪਤਾਲ ਪ੍ਰਸ਼ਾਸਨ ਨੂੰ ਟੋਕਨ ਸਿਸਟਮ ਦੁਆਰਾ ਮਰੀਜ਼ਾਂ ਦੀ ਆਮਦ ਨੂੰ ਨਿਯਮਤ ਕਰਨ ਲਈ ਦਿਤੇ ਨਿਰਦੇਸ਼
ਅਗਾਊਂ ਸਮਾਂ ਲੈਣ ਦੀ ਪ੍ਰਣਾਲੀ ਉਤੇ ਦਿੱਤਾ ਜ਼ੋਰ
ਐਸ ਏ ਐਸ ਨਗਰ, 4 ਜੂਨ 2020: ਓਪੀਡੀ ਵਿਚ ਮਰੀਜਾਂ ਦੀ ਜਿਆਦਾ ਆਮਦ ਦੇ ਘੰਟਿਆਂ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਦੀ ਅਗਵਾਈ ਹੇਠ ਜ਼ਿਲ੍ਹਾ ਅਧਿਕਾਰੀਆਂ ਦੀ ਟੀਮ ਵੱਲੋਂ ਫੋਰਟਿਸ ਹਸਪਤਾਲ ਮੁਹਾਲੀ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ।
ਓਪੀਡੀ ਵਿੱਚ ਵੱਡੀ ਗਿਣਤੀ ਵਿੱਚ ਮਰੀਜ਼ਾਂ ਨੂੰ ਇੰਤਜ਼ਾਰ ਕਰਦਿਆਂ ਦੇਖ ਕੇ ਡਿਪਟੀ ਕਮਿਸ਼ਨਰ ਨੇ ਤੁਰੰਤ ਹਸਪਤਾਲ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਉਹ ਮਰੀਜ਼ਾਂ ਦੀ ਆਮਦ ਨੂੰ ਕੰਟਰੋਲ ਕਰਨ ਅਤੇ ਟੋਕਨ ਪ੍ਰਣਾਲੀ ਰਾਹੀਂ ਇਸ ਨੂੰ ਨਿਯਮਤ ਕਰਨ ਤਾਂ ਜੋ ਸਿਰਫ ਸੀਮਤ ਗਿਣਤੀ ਵਿੱਚ ਲੋਕ ਇਲਾਜ ਲਈ ਆਊਟਪੇਸ਼ੈਂਟ ਵਿਭਾਗ ਵਿੱਚ ਦਾਖਲ ਹੋ ਸਕਣ। ਉਹਨਾਂ ਕਿਹਾ, “ਐਮਰਜੈਂਸੀ ਨੂੰ ਛੱਡ ਕੇ, ਬਾਕੀ ਸਾਰੇ ਮਰੀਜ਼ਾਂ ਦੀ ਆਮਦ ਨੂੰ ਟੋਕਨ ਪ੍ਰਣਾਲੀ ਰਾਹੀਂ ਨਿਯੰਤਰਤ ਕਰਨਾ ਲਾਜ਼ਮੀ ਹੈ।”
ਡਿਪਟੀ ਕਮਿਸ਼ਨਰ ਨੇ ਪ੍ਰਸ਼ਾਸਨ ਨੂੰ ਅਗਾਊਂ ਸਮਾਂ ਲੈਣ ਦੀ ਪ੍ਰਣਾਲੀ ਅਪਨਾਉਣ ਦਾ ਸੁਝਾਅ ਵੀ ਦਿੱਤਾ ਤਾਂ ਜੋ ਲੋਕ ਪਹਿਲਾਂ ਤੋਂ ਤੈਅ ਸਮੇਂ ਦੌਰਾਨ ਹੀ ਹਸਪਤਾਲ ਆਉਣ।
ਇਸ ਤੋਂ ਇਲਾਵਾ, ਉਹਨਾਂ ਕਿਹਾ, "ਇਹ ਸੰਦੇਸ਼ ਚੰਗੀ ਤਰ੍ਹਾਂ ਪਹੁੰਚਾਇਆ ਜਾਣਾ ਚਾਹੀਦਾ ਹੈ ਕਿ ਗੈਰ-ਐਮਰਜੈਂਸੀ ਸਥਿਤੀਆਂ ਵਿੱਚ ਮਰੀਜ਼ ਦੇ ਨਾਲ ਸਿਰਫ ਇੱਕ ਅਟੈਂਡੈਂਟ ਹੋਣਾ ਚਾਹੀਦਾ ਹੈ।"
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਹਤ ਸੰਸਥਾਵਾਂ ਉਹ ਥਾਵਾਂ ਹੁੰਦੀਆਂ ਹਨ ਜਿਥੇ ਸਹਿਰੋਗ ਹਾਲਤਾਂ ਵਾਲੇ ਲੋਕ ਆਉਂਦੇ ਹਨ। ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਮੱਦੇਨਜ਼ਰ ਸਿਹਤ ਸਬੰਧੀ ਪ੍ਰੋਟੋਕਾਲ ਦੀ ਪਾਲਣਾ ਕਰਨ ਵਿਚ ਕੋਈ ਕਮੀ, ਖ਼ਾਸਕਰ ਮਾਸਕ ਨਾ ਪਹਿਨਣ ਜਾਂ ਅਜਿਹੇ ਅਦਾਰਿਆਂ ਵਿਚ ਸਮਾਜਕ ਦੂਰੀਆਂ ਨੂੰ ਬਰਕਰਾਰ ਨਾ ਰੱਖਣਾ ਖਤਰਨਾਕ ਹੋ ਸਕਦਾ ਹੈ। ਸ੍ਰੀ ਦਿਆਲਨ ਨੇ ਕਿਹਾ ਕਿ ਇਸ ਲਈ ਮਿਸ਼ਨ ਫਤਿਹ ਤਹਿਤ ਜਾਰੀ ਰਾਜ ਸਰਕਾਰ ਦੇ ਨਿਰਦੇਸ਼ਾਂ ਦੇ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਸਰਕਾਰ ਦੁਆਰਾ ਨਿਰਧਾਰਤ ਸੁਰੱਖਿਆ ਪ੍ਰੋਟੋਕੋਲ ਦੀ ਪੂਰੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਅਚਨਚੇਤ ਚੈਕਿੰਗ ਕਰਦਾ ਰਹੇਗਾ।