8 ਜੂਨ ਨੂੰ ਜਿਲ੍ਹਾ ਅਧਿਕਾਰੀਆਂ ਨੂੰ ਦਿੱਤੇ ਜਾਣਗੇ ਰੋਸ ਪੱਤਰ
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨਗੀ ਮੰਡਲ ਦੀ ਹੰਗਾਮੀ ਮੀਟਿੰਗ ਵੀਡੀਓ ਕਾਨਫਰਸਿੰਗ ਰਾਹੀਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਦੀ ਅਗਵਾਈ ਵਿੱਚ ਹੋਈ। ਮੀਟਿੰਗ ਦੇ ਫੈਸਲੇ ਪ੍ਰੈਸ ਨੂੰ ਜਾਰੀ ਕਰਦਿਆਂ ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ, ਸੀਨੀਅਰ ਮੀਤ ਪ੍ਰਧਾਨ ਮੰਗਲ ਸਿੰਘ ਟਾਂਡਾ, ਵਿੱਤ ਸਕੱਤਰ ਗੁਰਬਿੰਦਰ ਸਿੰਘ ਸਸਕੌਰ ਅਤੇ ਪ੍ਰੈਸ ਸਕੱਤਰ ਸੁਰਜੀਤ ਮੁਹਾਲੀ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਅਧਿਆਪਕ ਮਸਲਿਆਂ ਦੀ ਅਣਦੇਖੀ ਕੀਤੀ ਜਾ ਰਹੀ ਹੈ।ਅਧਿਆਪਕਾਂ ਦੀਆਂ ਹੱਕੀ ਤੇ ਜਾਇਜ ਮੰਗਾਂ ਜਿਨ੍ਹਾਂ ਵਿੱਚ ਅਧਿਆਪਕਾਂ ਨੂੰ ਜਾਰੀ ਹੋਈਆਂ ਦੋਸ਼ ਸੂਚੀਆਂ ਰੱਦ ਕਰਨਾ, ਕੱਚੇ ਅਧਿਆਪਕਾਂ ਨੂੰ ਪੱਕੇ ਕਰਨਾ, ਸਮਾਂ ਬੱਧ ਤਰੱਕੀਆਂ, ਮਿਡ ਡੇਅ ਮੀਲ ਦੀਆਂ ਸਮੱਸਿਆਵਾਂ, ਰੈਸ਼ਨੇਲਾਈਜੇਸਨ, ਸਾਰੇ ਸਕੂਲਾਂ ਨੂੰ ਸਮਾਰਟ ਬਣਾਉਣ, ਗ੍ਰਾਂਟਾਂ ਦੀ ਤਰਕਸੰਗਤ ਵੰਡ, ਹਜ਼ਾਰਾਂ ਅਧਿਆਪਕਾਂ ਨੂੰ ਗੈਰ ਵਿਗਿਆਨਕ ਪ੍ਰੋਜੈਕਟ ਦੇ ਨਾਂ ਤੇ ਸਕੂਲਾਂ ਤੋਂ ਬਾਹਰ ਰੱਖਣ, ਸਿੱਧੀ ਭਰਤੀ ਦਾ ਕੋਟਾ 25% ਤੋਂ ਮਨਮਰਜ਼ੀ ਨਾਲ ਵਧਾਉਣ, ਭ੍ਰਿਸ਼ਟਾਚਾਰ ਨਾਲ ਸਬੰਧਤ ਮਾਮਲਿਆਂ ਵਿੱਚ ਦੇਰੀ ਕਰਕੇ ਭ੍ਰਿਸ਼ਟਾਚਾਰ ਨੂੰ ਸ਼ਹਿ ਦੇਣ, ਸੰਘਰਸ਼ਸ਼ੀਲ ਆਗੂਆਂ ਨੂੰ ਮਨਘੜਤ ਦੋਸ਼ਪੱਤਰ ਅਤੇ ਦਾਗ਼ੀ ਸਿੱਖਿਆ ਅਧਿਕਾਰੀਆਂ ਨੂੰ ਸਰਕਾਰ ਦੇ ਫੈਸਲੇ ਦੇ ਉਲਟ ਜਾ ਕੇ ਸੇਵਾ ਵਿੱਚ ਵਾਧਾ ਦੇਣ, ਬੱਚਿਆਂ ਦੀਆਂ ਕਿਤਾਬਾਂ ਸਮੇਂ ਸਿਰ ਅਤੇ ਪੂਰੀਆਂ ਨਾ ਦੇਣ, 77 ਕਰੋਡ਼ ਦੇ ਵਰਦੀ ਘੋਟਾਲੇ ਦੀ ਜਾਂਚ ਨਾ ਕਰਵਾਉਣ ਆਦਿ ਅਨੇਕਾਂ ਮਸਲੇ ਹੱਲ ਨਹੀਂ ਕੀਤੇ ਗਏ। ਜਥੇਬੰਦੀ ਮਹਿਸੂਸ ਕਰਦੀ ਹੈ ਅਧਿਆਪਕ ਮਸਲੇ ਹੱਲ ਕਰਨ ਦੀ ਬਜਾਇ ਬਦਲਾ ਲਊ ਭਾਵਨਾ ਅਧੀਨ ਸੰਘਰਸ਼ਸੀਲ ਆਗੂਆਂ ਨੂੰ ਮਨਘੜਤ ਦੋਸ਼ ਲਾ ਕੇ ਜਲੀਲ ਕੀਤਾ ਜਾ ਰਿਹਾ ਹੈ। ਤਾਜਾ ਘਟਨਾਕ੍ਰਮ ਅਨੁਸਾਰ ਗੌਰਮਿੰਟ ਟੀਚਰਜ਼ ਯੂਨੀਅਨ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਨੂੰ ਵਿਭਾਗੀ ਪੜਤਾਲ ਦੇ ਨਾਂ ਹੇਠ ਦੋਸ਼ ਸੂਚੀ ਜਾਰੀ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਤਨਖਾਹ ਕਟੌਤੀ ਮਸਲੇ ਤੇ ਪਟਿਆਲਾ ਮੋਰਚੇ ਸਮੇਂ ਅਧਿਆਪਕਾਂ ਦੇ ਪੱਖ ਵਿੱਚ ਵਿਸ਼ਾਲ ਲਹਿਰ ਖੜੀ ਕਰਨ ਅਤੇ ਸਮੁੱਚੇ ਸੰਘਰਸ਼ ਦੌਰਾਨ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਵੱਲੋਂ ਨਿਭਾਏ ਮਿਸਾਲੀ ਤੇ ਦਲੇਰਾਨਾ ਰੋਲ ਤੋਂ ਸਿੱਖਿਆ ਅਧਿਕਾਰੀ ਖਫਾ ਹਨ। ਆਗੂਆਂ ਨੇ ਗੰਭੀਰਤਾ ਨਾਲ ਨੋਟ ਕੀਤਾ ਕਿ ਸੂਬਾ ਪ੍ਰਧਾਨ ਨੂੰ ਨਿਸਾਨਾ ਬਣਾ ਕੇ ਅਧਿਕਾਰੀ ਅਧਿਆਪਕਾਂ ਦੀ ਅਵਾਜ਼ ਦੀ ਤਾਲਾਬੰਦੀ ਕਰਨਾ ਚਾਹੁੰਦੇ ਹਨ। ਦੇਰ ਤੋਂ ਲੰਬਿਤ ਪਏ ਅਧਿਆਪਕ ਮਸਲਿਆਂ ਦੇ ਹੱਲ ਲਈ ਅਤੇ ਸੂਬਾ ਪ੍ਰਧਾਨ ਦੀ ਦੋਸ਼ ਸੂਚੀ ਰੱਦ ਕਰਵਾਉਣ ਲਈ ਸੰਘਰਸ਼ ਦੇ ਪਹਿਲੇ ਪੜਾਅ ਵਿੱਚ 8 ਜੂਨ ਨੂੰ ਜਿਲ੍ਹਾ ਪੱਧਰੀ ਮੀਟਿੰਗਾਂ ਉਪਰੰਤ ਜਿਲ੍ਹਾ ਅਧਿਕਾਰੀਆਂ ਰਾਹੀਂ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਪੰਜਾਬ ਦੇ ਨਾਂ ਰੋਸ ਪੱਤਰ ਦਿੱਤੇ ਜਾਣਗੇ। ਆਗੂਆਂ ਨੇ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਕਿ ਅਧਿਆਪਕ ਮਸਲੇ ਤੁਰੰਤ ਹੱਲ ਕੀਤੇ ਜਾਣ ਅਤੇ ਸੰਘਰਸ਼ਸੀਲ ਆਗੂਆਂ ਖਿਲਾਫ ਬਦਲਾ ਲਊ ਕਾਰਵਾਈਆਂ ਤੁਰੰਤ ਬੰਦ ਕਰਵਾਈਆਂ ਜਾਣ। ਵੀਡੀਓ ਕਾਨਫਰਸਿੰਗ ਰਾਹੀ ਹੋਈ ਮੀਟਿੰਗ ਵਿੱਚ ਪਸਸਫ ਦੇ ਜਨਰਲ ਸਕੱਤਰ ਤੀਰਥ ਬਾਸੀ, ਕੁਲਵਿੰਦਰ ਸਿੰਘ, ਰਣਜੀਤ ਸਿੰਘ ਮਾਨ, ਪ੍ਰਿੰਸੀਪਲ ਅਮਨਦੀਪ ਸ਼ਰਮਾ, ਫਕੀਰ ਸਿੰਘ ਟਿੱਬਾ, ਬਲਵਿੰਦਰ ਭੁੱਕਲ, ਕੁਲਦੀਪ ਪੁਰੋਵਾਲ, ਕਰਨੈਲ ਫਿਲੌਰ, ਬਲਵਿੰਦਰ ਭੁੱਟੋ, ਭਗਵੰਤ ਭਟੇਜਾ, ਨਰਿੰਦਰ ਮਾਖਾ, ਕੇਵਲ ਸਿੰਘ, ਹਰਿੰਦਰ ਮੱਲੀਆਂ, ਬਖਸ਼ੀਸ਼ ਸਿੰਘ ਜਵੰਦਾ, ਗੁਰਦੀਪ ਬਾਜਵਾ, ਸੁਨੀਲ ਸ਼ਰਮਾ, ਮਨੋਹਰ ਲਾਲ ਸ਼ਰਮਾ, ਪੁਸ਼ਪਿੰਦਰ ਹਰਪਾਲਪੁਰ, ਪਰਮਜੀਤ ਸਿੰਘ, ਸੁਖਵਿੰਦਰਜੀਤ ਸਿੰਘ, ਰਾਜੇਸ਼ ਕੁਮਾਰ, ਦਿਲਦਾਰ ਭੰਡਾਲ, ਅਮਰਜੀਤ ਸਿੰਘ ਆਦਿ ਮੌਜੂਦ ਸਨ।